ਵਿਏਨਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟਰੀਆ ਦੇ ਚਾਂਸਲਰ ਕਾਰਲ ਨੇਹਮਰ ਵਿਚਕਾਰ ‘ਸਾਰਥਕ ਚਰਚਾ’ ਹੋਈ ਹੈ। ਇਸ ਦੌਰਾਨ ਦੋਵੇਂ ਆਗੂਆਂ ਵਿਚਾਲੇ ਯੂਕਰੇਨ ਜੰਗ ਅਤੇ ਪੱਛਮੀ ਏਸ਼ੀਆ ਦੇ ਹਾਲਾਤ ਸਮੇਤ ਦੁਨੀਆ ਦੇ ਹੋਰ ਮਸਲਿਆਂ ਬਾਰੇ ਵੀ ਖੁੱਲ੍ਹ ਕੇ ਗੱਲਬਾਤ ਹੋਈ। ਮੋਦੀ ਨੇ ਦੁਹਰਾਇਆ ਕਿ ‘ਇਹ ਜੰਗ ਦਾ ਸਮਾਂ ਨਹੀਂ ਹੈ।’ ਰੂਸ ਦੇ ਦੌਰੇ ਮਗਰੋਂ ਮੰਗਲਵਾਰ ਰਾਤ ਵਿਏਨਾ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਹਮਰ ਨਾਲ ਮੁਲਾਕਾਤ ਕੀਤੀ।ਪਿਛਲੇ 40 ਸਾਲਾਂ ’ਚ ਕਿਸੇ ਵੀ ਭਾਰਤੀ ਪ੍ਰਧਾਨ ਮੰਤਰੀ ਦਾ ਇਹ ਆਸਟਰੀਆ ਦਾ ਪਹਿਲਾ ਦੌਰਾ ਹੈ। ਸਾਲ 1983 ’ਚ ਇੰਦਰਾ ਗਾਂਧੀ ਨੇ ਆਸਟਰੀਆ ਦਾ ਦੌਰਾ ਕੀਤਾ ਸੀ। ਮੋਦੀ ਨੇ ਕਿਹਾ ਕਿ ਭਾਰਤ ਅਤੇ ਆਸਟਰੀਆ ਨੇ ਆਪਸੀ ਸਹਿਯੋਗ ਹੋਰ ਮਜ਼ਬੂਤ ਕਰਨ ਲਈ ਨਵੀਆਂ ਸੰਭਾਵਨਾਵਾਂ ਦੀ ਪਛਾਣ ਕੀਤੀ ਹੈ ਅਤੇ ਅਗਲੇ ਦਹਾਕੇ ਦਾ ਖਾਕਾ ਤਿਆਰ ਕੀਤਾ ਹੈ। ਗੱਲਬਾਤ ਮਗਰੋਂ ਨੇਹਮਰ ਨਾਲ ਸਾਂਝੇ ਪ੍ਰੈੱਸ ਬਿਆਨ ’ਚ ਮੋਦੀ ਨੇ ਕਿਹਾ, ‘‘ਮੈਂ ਚਾਂਸਲਰ ਨੇਹਮਰ ਨਾਲ ਮਿਲ ਕੇ ਦੁਨੀਆ ’ਚ ਚੱਲ ਰਹੇ ਸੰਘਰਸ਼ਾਂ ਬਾਰੇ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਹੈ। ਇਹ ਭਾਵੇਂ ਯੂਕਰੇਨ ਜੰਗ ਹੋਵੇ ਜਾਂ ਪੱਛਮੀ ਏਸ਼ੀਆ ਦੇ ਹਾਲਾਤ ਹੋਣ। ਮੈਂ ਪਹਿਲਾਂ ਵੀ ਆਖਿਆ ਹੈ ਕਿ ਇਹ ਜੰਗ ਦਾ ਸਮਾਂ ਨਹੀਂ ਹੈ। ਮਸਲਿਆਂ ਦਾ ਹੱਲ ਜੰਗ ਦੇ ਮੈਦਾਨ ’ਚ ਨਹੀਂ ਕੱਢਿਆ ਜਾ ਸਕਦਾ ਹੈ। ਕਿਤੇ ਵੀ ਬੇਕਸੂਰਾਂ ਦੀਆਂ ਜਾਨਾਂ ਜਾਣ, ਇਹ ਮਨਜ਼ੂਰ ਨਹੀਂ ਹੈ।’’