ਮੈਰੀਲੈਂਡ (ਗ.ਦ.) - ਸਾਊਥ ਏਸ਼ੀਅਨ ਕਮਿਸ਼ਨ ਮੈਰੀਲੈਂਡ ਹਰ ਤਿਮਾਹੀ 'ਤੇ ਇਸ ਆਸ ਨਾਲ ਮਿਲਦਾ ਹੈ ਕਿ ਸਾਊਥ ਏਸ਼ੀਅਨ ਨੂੰ ਨਵੀਆਂ ਲੀਹਾਂ, ਤਰਕੀਬਾਂ ਅਤੇ ਨਵੇਂ-ਨਵੇਂ ਬਿਜ਼ਨਸ ਅਵਸਰਾਂ ਪ੍ਰਤੀ ਸਮੂਹ ਨੂੰ ਗਿਆਨ ਦਿੱਤਾ ਜਾਵੇ ਤਾਂ ਜੋ ਬਿਜ਼ਨਸ ਦੇ ਖੇਤਰ ਪ੍ਰਤੀ ਅਹਿਮ ਯੋਗਦਾਨ ਪਾਉਣ ਲਈ ਉਸਾਰੂ ਲੀਹਾਂ ਦਾ ਸਹਾਰਾ ਲਿਆ ਜਾਵੇ। ਇਸ ਵਾਰ ਇਸ ਸਾਊਥ ਏਸ਼ੀਅਨ ਕਮਿਸ਼ਨ ਦੀ ਮੀਟਿੰਗ ਗੇਥਰਜ਼ ਬਰਗ ਵਿਖੇ ਹੋਈ। ਜਿਸ ਦੀ ਸਰਪ੍ਰਸਤੀ ਕਮਿਸ਼ਨ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਕੀਤੀ। ਜਿੱਥੇ ਉਹਨਾਂ ਜੀ ਆਇਆਂ ਦੇ ਨਾਲ ਕਮਿਸ਼ਨ ਦੇ ਰੋਲ ਪ੍ਰਤੀ ਜਾਗਰੂਕ ਕੀਤਾ, ਉੱਥੇ ਮੈਰੀਲੈਂਡ ਗਵਰਨਰ ਲੈਰੀ ਹੋਗਨ ਦੀ ਤਾਰੀਫ ਕੀਤੀ ਜਿਨ੍ਹਾਂ ਇਸ ਕਨਿਸ਼ਨ ਦਾ ਪੁਨਰ ਗਠਨ ਕਰਕੇ ਸਾਊਥ ਏਸ਼ੀਅਨਾਂ ਨੂੰ ਮਜ਼ਬੂਤੀ ਦੇ ਰਾਹ ਪਾਇਆ ਹੈ। ਉਹਨਾਂ ਕਿਹਾ ਅੱਜ ਸਾਊਥ ਏਸ਼ੀਅਨ ਦੇ ਸਾਰੇ ਨੁਮਾਇੰਦੇ ਵਧੀਆ ਕਾਰਗਜਾਰੀ ਸਦਕਾ ਮਾਣ ਦੇ ਹੱਕਦਾਰ ਬਣੇ ਹਨ। ਉਹਨਾਂ ਕਿਹਾ ਕਿ ਵੱਖ-ਵੱਖ ਖੇਤਰਾਂ ਵਿੱਚ ਆਈ ਪ੍ਰਗਤੀ ਇਸ ਕਮਿਸ਼ਨ ਦੀ ਉੱਨਤੀ ਦਾ ਪ੍ਰਤੀਕ ਹੈ।
ਇਸ ਕਨਿਸ਼ਨ ਦੇ ਮੁੱਖ ਮਹਿਮਾਨ ਸਟੀਵ ਐਡਮ ਸਨ ਜਿਨ੍ਹਾਂ ਨੇ ਮੈਰੀਲੈਂਡ ਦੇ ਵੱਖ ਵੱਖ ਖੇਤਰਾਂ ਵਿੱਚ ਹੋਏ ਵਿਕਾਸ ਅਤੇ ਗਵਰਨਰ ਦੀਆਂ ਉਪਲਬਧੀਆਂ ਪ੍ਰਤੀ ਦੱਸਿਆ। ਉਹਨਾਂ ਕਮਿਸ਼ਨ ਦੇ ਮੈਂਬਰਾਂ ਨੂੰ ਕਮਿਊਨਿਟੀ ਪ੍ਰਤੀ ਦਿਖਾਈ ਸਰਾਹਨਾ ਦੀ ਸ਼ਲਾਘਾ ਕੀਤੀ। ਸਾਊਥ ਏਸ਼ੀਅਨ ਅਮਰੀਕਨਾਂ ਦੀ ਯੋਗਤਾ ਨੇ ਮੈਰੀਲੈਂਡ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਰੋਲ ਅਦਾ ਕਰਨ ਦਾ ਜ਼ਿਕਰ ਕਰਦਿਆਂ ਉੱਚ ਅਹੁਦਿਆਂ ਤੇ ਬਿਰਾਜਮਾਨ ਏਸ਼ੀਅਨਾਂ ਸਿੱਖਾਂ ਦਾ ਜ਼ਿਕਰ ਕੀਤਾ।
ਇਸ ਮੀਟਿੰਗ ਵਿੱਚ ਵੱਖ ਵੱਖ ਵਿਸ਼ਿਆਂ ਜਿਸ ਵਿੱਚ ਮਾਰਕੀਟਿੰਗ, ਵਿਕਾਸ, ਹੈਲੋਵੀਨ, ਅੰਤਰਰਾਸ਼ਟਰੀ ਬਿਜ਼ਨਸ ਮੌਕਿਆਂ ਤੋਂ ਇਲਾਵਾ ਵਿਸ਼ਵਾਸ ਤੇ ਨਿਰਭਰ ਸਕਿਓਰਿਟੀ, ਸਿਹਤ ਸੇਵਾਵਾਂ ਅਤੇ ਧਾਰਮਿਕ ਸੰਸਥਾਵਾਂ ਪ੍ਰਤੀ ਖੁੱਲ੍ਹ ਕੇ ਵਿਚਾਰਾਂ ਕੀਤੀਆਂ ਗਈਆਂ ਹੋਰਨਾਂ ਤੋਂ ਇਲਾਵਾ ਮੀਊਰ ਮੋਦੀ, ਡਾ. ਦਰਸ਼ਨ ਸਿੰਘ ਸਲੂਜਾ, ਬਲਵਿੰਦਰ ਸਿੰਘ ਸ਼ੰਮੀ ਤੋਂ ਇਲਾਵਾ ਸਮੁੱਚੇ ਕਨਿਸ਼ਨ ਮੈਂਬਰਾਂ ਨੇ ਹਿੱਸਾ ਲਿਆ।
ਮੁੱਖ ਭੂਮਿਕਾ ਵਿੱਚ ਬਿਜ਼ਨਸਾਂ ਦੇ ਮੌਕੇ ਅਤੇ ਨਵੀਆਂ ਤਕਨੀਕਾਂ ਅਤੇ ਕੰਪਿਊਟਰ ਯੁੱਗ ਦੇ ਰੋਲ ਪ੍ਰਤੀ ਅਥਾਹ ਵਿਚਾਰਾਂ ਹੋਈਆਂ। ਆਸ ਕੀਤੀ ਜਾ ਰਹੀ ਹੈ ਕਿ ਇਹ ਕਮਿਸ਼ਨ ਭਵਿੱਖ ਵਿੱਚ ਅਮਰੀਕਨ ਏਸ਼ੀਅਨਾਂ ਲਈ ਮੀਲ ਪੱਥਰ ਸਾਬਤ ਹੋਵੇਗੀ ਜੋ ਲੋੜਵੰਦਾਂ ਦੀ ਮਦਦ ਅਤੇ ਏਸ਼ੀਅਨਾਂ ਦੀਆਂ ਮੁਸ਼ਕਲਾਂ ਪ੍ਰਤੀ ਵਫਾਦਾਰੀ ਨਿਭਾ ਕੇ ਇਸ ਦੀਆਂ ਲੀਹਾਂ ਨੂੰ ਅੱਗੇ ਤੋਰੇਗਾ। ਬਲਵਿੰਦਰ ਸਿੰਘ ਸ਼ੰਮੀ ਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਅਗਲੀ ਮੀਟਿੰਗ ਛੇਤੀ ਕਰਨ ਦਾ ਦਾਅਵਾ ਪੇਸ਼ ਕੀਤਾ।