ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਭਰ ’ਚ ਉੱਚ ਰਫਤਾਰ ਰੇਲ ਗੱਡੀਆਂ ਦੀ ਵੱਧਦੀ ਮੰਗ ਅਤੇ ਆਪਣੀ ਸਰਕਾਰ ਤਹਿਤ ਰੇਲਵੇ ਦੇ ਖੇਤਰ ’ਚ ਹੋਈ ‘ਇਤਿਹਾਸਕ ਤਬਦੀਲੀ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਸਮਾਂ ਦੂਰ ਨਹੀਂ ਜਦੋਂ ਭਾਰਤ ’ਚ ਪਹਿਲੀ ਬੁਲੇਟ ਟਰੇਨ ਦੌੜੇਗੀ।
ਵੀਡੀਓ ਕਾਨਫਰੰਸ ਰਾਹੀਂ ਨਵੀਂ ਜੰਮੂ ਰੇਲਵੇ ਡਿਵੀਜ਼ਨ ਦੇ ਉਦਘਾਟਨ ਸਮੇਤ ਰੇਲਵੇ ਨਾਲ ਜੁੜੇ ਵੱਖ ਵੱਖ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਆਪਣੇ ਸੰਬੋਧਨ ’ਚ ਮੋਦੀ ਨੇ ਇਹ ਵੀ ਕਿਹਾ ਕਿ ਪਿਛਲੇ ਦਹਾਕੇ ’ਚ ਰੇਲਵੇ ’ਚ ਇਤਿਹਾਸਕ ਤਬਦੀਲੀਆਂ ਹੋਈਆਂ ਹਨ। ਇਸ ਦੌਰਾਨ ਮੋਦੀ ਨੇ ਤਿਲੰਗਾਨਾ ’ਚ ਚਾਰਲਾਪੱਲੀ ਨਵੇਂ ਟਰਮੀਨਲ ਸਟੇਸ਼ਨ ਦਾ ਉਦਘਾਟਨ ਕੀਤਾ ਅਤੇ ਪੂਰਬੀ ਤੱਟੀ ਰੇਲਵੇ ਦੇ ਰਾਇਗੜਾ ਰੇਲਵੇ ਡਿਵੀਜ਼ਨ ਭਵਨ ਦਾ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਹਾਲ ਹੀ ਵਿੱਚ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਰੇਲ ਦੀ ਅਜ਼ਮਾਇਸ਼ ਦਾ ਜ਼ਿਕਰ ਕਰਦਿਆਂ ਕਿਹਾ ਕਿ 50 ਤੋਂ ਵੱਧ ਮਾਰਗਾਂ ’ਤੇ 136 ਤੋਂ ਵੱਧ ਵੰਦੇ ਭਾਰਤ ਰੇਲ ਗੱਡੀਆਂ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਸਮਾਂ ਦੂਰ ਨਹੀਂ ਜਦੋਂ ਭਾਰਤ ’ਚ ਪਹਿਲੀ ਬੁਲੇਟ ਟਰੇਨ ਦੌੜੇਗੀ। ਪਿਛਲੇ ਕੁਝ ਦਿਨਾਂ ’ਚ ਕਈ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਭਾਰਤ ਨੇ ਨਵੇਂ ਸਾਲ ’ਚ ਸੰਪਰਕ ਦੇ ਮਾਮਲੇ ’ਚ ਵੀ ਰਫ਼ਤਾਰ ਬਣਾਈ ਹੋਈ ਹੈ। ਉਨ੍ਹਾਂ ਕਿਹਾ ਕਿ ਲੋਕ ਲੰਮੀ ਦੂਰੀ ਤੈਅ ਕਰਨ ’ਚ ਘੱਟ ਸਮਾਂ ਬਿਤਾਉਣਾ ਚਾਹੁੰਦੇ ਹਨ ਜਿਸ ਨਾਲ ਹਾਈ ਸਪੀਡ ਟਰੇਨਾਂ ਦੀ ਮੰਗ ਵੱਧ ਰਹੀ ਹੈ।