ਨਵੀਂ ਦਿੱਲੀ- ਆਂਧਰਾ ਪ੍ਰਦੇਸ਼ ਸਰਕਾਰ ਨੇ ਭਗਵਾਨ ਵੈਂਕਟੇਸ਼ਵਰ ਸਵਾਮੀ ਮੰਦਰ ਭਗਦੜ ਮਾਮਲੇ ਦੀ ਨਿਆਂਇਕ ਜਾਂਚ ਤੋਂ ਇਲਾਵਾ ਐੱਸਪੀ ਸਮੇਤ ਤਿੰਨ ਸੀਨੀਅਰ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮੇ ਦਿੱਤੇ ਹਨ। ਇਸ ਦੇ ਨਾਲ ਦੋ ਐੱਫਆਈਆਰ ਦਰਜ ਵੀ ਕੀਤੀਆਂ ਗਈਆਂ ਹਨ। ਸਰਕਾਰ ਨੇ ਭਗਦੜ ਵਿੱਚ ਮਾਰੇ ਗਏ ਸ਼ਰਧਾਲੂਆਂ ਦੇ ਪਰਿਵਾਰਾਂ ਨੂੰ ਅੱਜ 25-25 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਐੱਨ ਚੰਦਰਬਾਬੂ ਨਾਇਡੂ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਲਾਪਰਵਾਹੀ ਵਰਤਣ ਦੇ ਮਾਮਲੇ ਵਿੱਚ ਡੀਐੱਸਪੀ ਸਮੇਤ ਦੋ ਅਧਿਕਾਰੀਆਂ ਨੂੰ ਵੀ ਮੁਅੱਤਲ ਕਰਨ ਦੇ ਆਦੇਸ਼ ਦਿੱਤੇ ਹਨ। ਨਾਇਡੂ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕੀਤਾ। ਇਸ ਤੋਂ ਪਹਿਲਾਂ ਨਾਇਡੂ ਨੇ ਹਸਪਤਾਲ ਦਾ ਦੌਰਾ ਕੀਤੇ ਅਤੇ ਉੱਥੇ ਦਾਖ਼ਲ ਪੀੜਤਾਂ ਦਾ ਹਾਲਚਾਲ ਪੁੱਛਿਆ।
ਤਿਰੂਪਤੀ ਦੇ ਐੱਮਜੀਐੱਮ ਸਕੂਲ ਨੇੜੇ ਬੈਰਾਗੀ ਪੱਟੇਡਾ ਵਿੱਚ ਬੁੱਧਵਾਰ ਰਾਤ ਨੂੰ ਦਰਸ਼ਨ’ ਟੋਕਨਾਂ ਦੀ ਵੰਡ ਦੌਰਾਨ ਭਗਦੜ ਮੱਚਣ ਕਾਰਨ ਛੇ ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ ਲਗਪਗ 40 ਹੋਰ ਜ਼ਖ਼ਮੀ ਹੋ ਗਏ। ਇਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਐੱਨ ਚੰਦਰਬਾਬੂ ਨਾਇਡੂ ਨੇ ਅੱਜ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਉਨ੍ਹਾਂ ਦਾ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਦਾ ਵੀ ਪ੍ਰੋਗਰਾਮ ਹੈ। ਇਸ ਦੌਰਾਨ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਭਗਦੜ ਦੀ ਘਟਨਾ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਜਾਣ ਕੇ ਦੁੱਖ ਹੋਇਆ ਕਿ ਤਿਰੂਪਤੀ ਵਿੱਚ ਭਗਦੜ ਕਾਰਨ ਬਹੁਤ ਸਾਰੇ ਸ਼ਰਧਾਲੂਆਂ ਦੀ ਜਾਨ ਚਲੀ ਗਈ। ਰਾਸ਼ਟਰਪਤੀ ਮੁਰਮੂ ਨੇ ਅੱਜ ਸਵੇਰੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਕਿਹਾ, ‘‘ਮੈਂ ਪੀੜਤ ਪਰਿਵਾਰਾਂ ਪ੍ਰਤੀ ਦਿਲੋਂ ਹਮਦਰਦੀ ਪ੍ਰਗਟ ਕਰਦੀ ਹਾਂ ਅਤੇ ਜ਼ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਪ੍ਰਾਰਥਨਾ ਕਰਦੀ ਹਾਂ।’’ ਘਟਨਾ ਵਿੱਚ ਜਿਊਂਦੇ ਬਚੇ ਇੱਕ ਪੀੜਤ ਨੇ ਕਿਹਾ ਕਿ ਪੰਜ ਮਿੰਟ ਤੱਕ ਉਨ੍ਹਾਂ ਨੂੰ ਜਾਪਿਆ ਜਿਵੇਂ ਹੁਣ ਉਹ ਜਿਊਂਦੇ ਨਹੀਂ ਬਚਣਗੇ।