ਨਵੀਂ ਦਿੱਲੀ-ਸੀਨੀਅਰ ਭਾਜਪਾ ਆਗੂ ਤੇ ਕਾਲਕਾਜੀ ਵਿਧਾਨ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਰਮੇਸ਼ ਬਿਧੂੜੀ ਮੁੜ ਵਿਵਾਦਾਂ ’ਚ ਘਿਰ ਗਏ ਹਨ। ਸਾਬਕਾ ਐੱਮਪੀ ਬਿਧੂੜੀ ਨੇ ਅੱਜ ਇਹ ਕਹਿ ਕੇ ਵਿਵਾਦ ਸਹੇੜ ਲਿਆ ਕਿ ਉਹ ਦਿੱਲੀ ਵਿਧਾਨ ਸਭਾ ਚੋਣਾਂ ’ਚ ਜਿੱਤ ਮਗਰੋਂ ਇਲਾਕੇ ਦੀਆਂ ਸੜਕਾਂ ਨੂੰ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਦੀਆਂ ‘ਗੱਲ੍ਹਾਂ’ ਵਰਗੀਆਂ ਬਣਾ ਦੇਣਗੇ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਕਥਿਤ ਵੀਡੀਓ ’ਚ ਬਿਧੂੜੀ ਨੂੰ ਇਹ ਕਹਿੰਦਿਆਂ ਸੁਣਿਆ ਜਾ ਸਕਦਾ ਹੈ, ‘‘ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ ਕਿ ਜਿਵੇਂ ਅਸੀਂ ਓਖਲਾ ਤੇ ਸੰਗਮ ਵਿਹਾਰ ’ਚ ਸੜਕਾਂ ਬਣਾਈਆਂ ਹਨ, ਉਸੇ ਤਰ੍ਹਾਂ ਅਸੀਂ ਕਾਲਕਾਜੀ ਦੀਆਂ ਸਾਰੀਆਂ ਸੜਕਾਂ ਪ੍ਰਿਯੰਕਾ ਗਾਂਧੀ ਦੀਆਂ ‘ਗੱਲ੍ਹਾਂ’ ਜਿਹੀਆਂ ਬਣਾ ਦੇਵਾਂਗੇ।’’ ਉਧਰ ਕਾਲਕਾਜੀ ਤੋਂ ਕਾਂਗਰਸੀ ਉਮੀਦਵਾਰ ਤੇ ਮਹਿਲਾ ਕਾਂਗਰਸ ਦੀ ਪ੍ਰਧਾਨ ਅਲਕਾ ਲਾਂਬਾ ਨੇ ਬਿਧੂੜੀ ਨੂੰ ਨਿਸ਼ਾਨੇ ’ਤੇ ਲਿਆ ਤੇ ਉਨ੍ਹਾਂ ’ਤੇ ਇੱਕ ਵਾਰ ਫਿਰ ਮਹਿਲਾਵਾਂ ਦਾ ਨਿਰਾਦਰ ਕਰਨ ਦਾ ਦੋਸ਼ ਲਾਇਆ ਹੈ। ਇਸ ਦੌਰਾਨ ਬਿਧੂੜੀ, ਜੋ ਆਪਣੇ ਬਿਆਨਾਂ ਨੂੰ ਲੈ ਕੇ ਪਹਿਲਾਂ ਵੀ ਵਿਵਾਦਾਂ ’ਚ ਰਹੇ ਹਨ, ਨੇ ਸ਼ੁਰੂਆਤ ਵਿਚ ਇਹ ਕਹਿੰਦਿਆਂ ਆਪਣਾ ਬਚਾਅ ਕੀਤਾ ਕਿ ਆਰਜੇਡੀ ਆਗੂ ਲਾਲੂ ਪ੍ਰਸਾਦ ਯਾਦਵ ਨੇ ਵੀ ਅਦਾਕਾਰ ਤੇ ਭਾਜਪਾ ਐੱਮਪੀ ਹੇਮਾ ਮਾਲਿਨੀ ਬਾਰੇ ਮਿਲਦੀ ਜੁਲਦੀ ਟਿੱਪਣੀ ਕੀਤੀ ਸੀ।
ਹਾਲਾਂਕਿ ਬਿਧੂੜੀ ਨੇ ਮਗਰੋਂ ਐਕਸ ’ਤੇ ਇਕ ਪੋਸਟ ਵਿਚ ਕਿਹਾ ਕਿ ਜੇ ਉਨ੍ਹਾਂ ਦੀਆਂ ਟਿੱਪਣੀਆਂ ਨਾਲ ਕਿਸੇ ਨੂੰ ਸੱਟ ਵੱਜੀ ਹੋਵੇ ਤਾਂ ਉਨ੍ਹਾਂ ਨੂੰ ਇਸ ਦਾ ਅਫ਼ਸੋਸ ਹੈ। ਬਿਧੂੜੀ ਨੇ ਕਿਹਾ ਕਿ ਸਿਆਸੀ ਮੁਫ਼ਾਦਾਂ ਲਈ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਗਲਤ ਰੰਗਤ ਦਿੱਤੀ ਜਾ ਰਹੀ ਹੈ। ਉਧਰ ਕਾਂਗਰਸ ਨੇ ਟਿੱਪਣੀਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਤੋਂ ਭਾਜਪਾ ਦੀ ਮਹਿਲਾਵਾਂ ਵਿਰੋਧੀ ਮਾਨਸਿਕਤਾ ਝਲਕਦੀ ਹੈ। ਕਾਂਗਰਸ ਦੀ ਤਰਜਮਾਨ ਸੁਪ੍ਰਿਆ ਸ੍ਰੀਨੇਤ ਨੇ ਕਿਹਾ, ‘‘ਰਮੇਸ਼ ਬਿਧੂੜੀ ਦੀ ਟਿੱਪਣੀ ਨਾ ਸਿਰਫ਼ ਸ਼ਰਮਨਾਕ ਹੈ, ਪਰ ਇਹ ਮਹਿਲਾਵਾਂ ਵਿਰੋਧੀ ਸੌੜੀ ਮਾਨਸਿਕਤਾ ਨੂੰ ਵੀ ਦਰਸਾਉਂਦੀ ਹੈ। ਪਰ ਅਜਿਹੇ ਵਿਅਕਤੀ ਤੋਂ ਕੀ ਆਸ ਕੀਤੀ ਜਾ ਸਕਦੀ ਹੈ ਜਿਸ ਨੇ ਸਦਨ ਵਿਚ ਆਪਣੀ ਸਾਥੀ ਮਹਿਲਾ ਐੱਮਪੀ ਖਿਲਾਫ਼ ਮਾੜੀ ਸ਼ਬਦਾਵਲੀ ਵਰਤੀ ਸੀ ਤੇ ਇਸ ਲਈ ਉਸ ਨੂੰ ਕੋਈ ਸਜ਼ਾ ਵੀ ਨਹੀਂ ਮਿਲੀ। ਨਾ ਸਿਰਫ਼ ਬਿਧੂੜੀ ਬਲਕਿ ਭਾਜਪਾ ਦੀ ਸਿਖਰਲੀ ਲੀਡਰਸ਼ਿਪ ਨੂੰ ਦੋਵੇਂ ਹੱਥ ਜੋੜ ਕੇ ਮੁਆਫ਼ੀ ਮੰਗਣੀ ਚਾਹੀਦੀ ਹੈ।’’ ਸ੍ਰੀਨੇਤ ਨੇ ਕਿਹਾ ਕਿ ਇਹ ਨਾ ਸਿਰਫ਼ ਪ੍ਰਿਯੰਕਾ ਬਲਕਿ ਸਾਰੀਆਂ ਮਹਿਲਾਵਾਂ ਦਾ ਨਿਰਾਦਰ ਹੈ। ਇਸ ਦੌਰਾਨ ਕਾਂਗਰਸ ਦੀਆਂ ਮਹਿਲਾ ਵਰਕਰਾਂ ਨੇ ਅਲਕਾ ਲਾਂਬਾ ਦੀ ਅਗਵਾਈ ਵਿਚ ਬਿਧੂੜੀ ਦਾ ਪੁਤਲਾ ਵੀ ਫੂਕਿਆ।