ਸ੍ਰੀਨਗਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਹ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਕੀਤੇ ਗਏ ਵਾਅਦੇ ਨਿਭਾਉਣਗੇ ਅਤੇ ਸਹੀ ਸਮੇਂ ’ਤੇ ਸਹੀ ਚੀਜ਼ਾਂ ਹੋਣਗੀਆਂ। ਮੋਦੀ ਇੱਥੇ ਰਣਨੀਤਕ ਤੌਰ ’ਤੇ ਅਹਿਮ ‘ਜ਼ੈੱਡ ਮੋੜ ਸੁਰੰਗ’ ਦੇ ਉਦਘਾਟਨ ਮਗਰੋਂ ਜਨਤਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੀ ਇਹ ਟਿੱਪਣੀ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਵੱਲੋਂ ਸਮਾਗਮ ’ਚ ਆਪਣੇ ਭਾਸ਼ਣ ਦੌਰਾਨ ਜੰਮੂ ਕਸ਼ਮੀਰ ਦਾ ਰਾਜ ਵਜੋਂ ਦਰਜਾ ਬਹਾਲ ਕਰਨ ਦੀ ਮੰਗ ਤੋਂ ਤੁਰੰਤ ਬਾਅਦ ਆਈ।
ਪ੍ਰਧਾਨ ਮੰਤਰੀ ਨੇ ਜੰਮੂ ਕਸ਼ਮੀਰ ਦਾ ਰਾਜ ਦਾ ਦਰਜਾ ਬਹਾਲ ਕਰਨ ਦੀ ਮੰਗ ਦਾ ਜ਼ਿਕਰ ਕੀਤੇ ਬਿਨਾਂ ਕਿਹਾ, ‘ਤੁਹਾਨੂੰ ਭਰੋਸਾ ਕਰਨਾ ਹੋਵੇਗਾ ਕਿ ਇਹ ਮੋਦੀ ਹੈ ਅਤੇ ਉਹ ਆਪਣੇ ਵਾਅਦੇ ਪੂਰੇ ਕਰਦਾ ਹੈ। ਹਰ ਚੀਜ਼ ਲਈ ਇੱਕ ਸਹੀ ਸਮਾਂ ਹੁੰਦਾ ਹੈ ਅਤੇ ਸਹੀ ਚੀਜ਼ਾਂ ਸਹੀ ਸਮੇਂ ’ਤੇ ਹੀ ਹੋਣਗੀਆਂ।’ ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਜੰਮੂ ਕਸ਼ਮੀਰ ਦੇਸ਼ ਦਾ ਤਾਜ ਹੈ ਅਤੇ ਉਹ ਚਾਹੁੰਦੇ ਹਨ ਕਿ ਇਹ ਖੂਬਸੂਰਤ ਤੇ ਖੁਸ਼ਹਾਲ ਬਣੇ। ਉਨ੍ਹਾਂ ਕਿਹਾ, ‘ਜੰਮੂ ਕਸ਼ਮੀਰ ’ਚ ਸ਼ਾਂਤੀ ਦਾ ਮਾਹੌਲ ਹੈ ਅਤੇ ਅਸੀਂ ਇਸ ਦਾ ਸੈਰ-ਸਪਾਟੇ ’ਤੇ ਅਸਰ ਦੇਖਿਆ ਹੈ। ਕਸ਼ਮੀਰ ਅੱਜ ਵਿਕਾਸ ਦੀ ਨਵੀਂ ਕਹਾਣੀ ਲਿਖ ਰਿਹਾ ਹੈ।’ ਉਨ੍ਹਾਂ ਕਿਹਾ ਕਿ ਕਸ਼ਮੀਰ ਘਾਟੀ ਜਲਦੀ ਹੀ ਰੇਲ ਗੱਡੀ ਨਾਲ ਜੁੜ ਜਾਵੇਗੀ ਅਤੇ ਇਸ ਪ੍ਰਤੀ ਲੋਕਾਂ ’ਚ ਉਤਸ਼ਾਹ ਹੈ। ਮੋਦੀ ਨੇ ਪਿਛਲੇ ਸਾਲ ਅਕਤੂਬਰ ’ਚ ਇੱਥੇ ਜ਼ੈੱਡ ਮੋੜ ਸੁਰੰਗ ਨੇੜੇ ਹੋਏ ਅਤਿਵਾਦੀ ਹਮਲੇ ’ਚ ਮਾਰੇ ਗਏ ਸੱਤ ਜਣਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ। 6.4 ਕਿਲੋਮੀਟਰ ਲੰਮੀ ਜ਼ੈੱਡ ਮੋੜ ਸੁਰੰਗ ਦੇ ਨਿਰਮਾਣ ’ਤੇ 2716.90 ਕਰੋੜ ਰੁਪਏ ਦੀ ਲਾਗਤ ਆਈ ਹੈ। ਸੁਰੰਗ ਦਾ ਉਦਘਾਟਨ ਕਰਨ ਮਗਰੋਂ ਪ੍ਰਧਾਨ ਮੰਤਰੀ ਅੰਦਰ ਗਏ ਅਤੇ ਪ੍ਰਾਜੈਕਟ ਨਾਲ ਜੁੜੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਸੁਰੰਗ ਦਾ ਨਿਰਮਾਣ ਕਰਨ ਵਾਲੇ ਮਜ਼ਦੂਰਾਂ ਨਾਲ ਵੀ ਮੁਲਾਕਾਤ ਕੀਤੀ। ਇਸ ਮੌਕੇ ਕੇਂਦਰੀ ਮੰਤਰੀ ਨਿਤਿਨ ਗਡਕਰੀ, ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਵੀ ਹਾਜ਼ਰ ਸਨ। ਪਿਛਲੇ ਸਾਲ ਸਤੰਬਰ-ਅਕਤੂਬਰ ’ਚ ਹੋਈਆਂ ਵਿਧਾਨ ਸਭਾ ਚੋਣਾਂ ਮਗਰੋਂ ਮੋਦੀ ਦੀ ਇਹ ਪਹਿਲੀ ਜੰਮੂ ਕਸ਼ਮੀਰ ਯਾਤਰਾ ਹੈ।