08 Jan 2025

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿਮੀ ਕਾਰਟਰ ਦਾ ਦੇਹਾਂਤ

ਵਾਸ਼ਿੰਗਟਨ-ਅਮਰੀਕਾ ਦੇ 39ਵੇਂ ਰਾਸ਼ਟਰਪਤੀ ਅਤੇ ਭਾਰਤ ਆਉਣ ਵਾਲੇ ਤੀਜੇ ਅਮਰੀਕੀ ਆਗੂ ਜਿਮੀ ਕਾਰਟਰ ਦਾ ਬੀਤੇ ਦਿਨ 100 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਜਿਊਂਦੇ ਰਹਿਣ ਵਾਲੇ ਰਾਸ਼ਟਰਪਤੀ ਸਨ। ਉਨ੍ਹਾਂ ਦੇ ਸਨਮਾਨ ਵਿੱਚ ਹਰਿਆਣਾ ਦੇ ਇੱਕ ਪਿੰਡ ਦਾ ਨਾਮ ਕਾਰਟਰਪੁਰੀ ਰੱਖਿਆ ਗਿਆ ਸੀ। 1978 ਵਿੱਚ ਭਾਰਤ ਦੌਰੇ ਦੌਰਾਨ ਹਰਿਆਣਾ ਦੇ ਪਿੰਡ ਦੌਲਤਪੁਰ ਨਸੀਰਾਬਾਦ ਪੁੱਜੇ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਜਿਮੀ ਕਾਰਟਰ ਦਾ ਸਵਾਗਤ ਕਰਦੇ ਹੋਏ ਪਿੰਡ ਦੇ ਲੋਕ।
ਕਾਰਟਰ ਸੈਂਟਰ ਨੇ ਇਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਜੌਰਜੀਆ ਸੂਬੇ ਦੇ ਪਲੇਨਜ਼ ਵਿੱਚ ਆਪਣੇ ਘਰ ਵਿੱਚ ਸ਼ਾਂਤੀ ਨਾਲ ਆਖ਼ਰੀ ਸਾਹ ਲਏ। ਉਨ੍ਹਾਂ ਦੇ ਪਰਿਵਾਰ ’ਚ ਪਿੱਛੇ ਬੱਚੇ ਜੈਕ, ਚਿੱਪ, ਜੈੱਫ ਅਤੇ ਐਮੀ; 11 ਪੋਤੇ-ਪੋਤੀਆਂ ਅਤੇ 14 ਪੜਪੋਤੇ-ਪੜਪੋਤੇ ਹਨ। ਉਨ੍ਹਾਂ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਰੋਜ਼ਲਿਨ ਅਤੇ ਇੱਕ ਪੋਤੇ-ਪੋਤੀ ਦਾ ਦੇਹਾਂਤ ਹੋ ਗਿਆ ਸੀ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿਮੀ ਕਾਰਟਰ ਦੀ ਅੰਤਿਮ ਯਾਤਰਾ ਜੌਰਜੀਆ ਦੇ ਛੋਟੇ ਜਿਹੇ ਸ਼ਹਿਰ ਪਲੇਨਜ਼ ਵਿੱਚ ਉਨ੍ਹਾਂ ਦੀ ਜੱਦੀ ਰਿਹਾਇਸ਼ ਵਿਖੇ ਪਹੁੰਚ ਕੇ ਸਮਾਪਤ ਹੋਵੇਗੀ, ਜਿੱਥੇ ਮੂੰਗਫਲੀ ਦੇ ਖੇਤਾਂ ਵਿੱਚ ਖੇਡਦੇ ਹੋਏ ਉਨ੍ਹਾਂ ਦਾ ਬਚਪਨ ਬੀਤਿਆ ਸੀ। ਪਿਛਲੇ ਸਾਲ ਕਾਰਟਰ ਦੀ ਪਤਨੀ ਰੋਜ਼ਲਿਨ ਨੂੰ ਵੀ ਇਸੇ ਜਗ੍ਹਾ ’ਤੇ ਜ਼ਮੀਨ ਦੇ ਇਕ ਹਿੱਸੇ ’ਚ ਦਫਨਾਇਆ ਗਿਆ ਸੀ। ਜੋੜੇ ਨੇ ਆਪਣੇ ਅੰਤਿਮ ਸੰਸਕਾਰ ਵਾਸਤੇ ਇਸ ਸਥਾਨ ਨੂੰ ਕਈ ਸਾਲ ਪਹਿਲਾਂ ਚੁਣ ਲਿਆ ਸੀ। ਕਾਰਟਰ ਦੀ ਮ੍ਰਿਤਕ ਦੇਹ ਨੂੰ ਦਫਨਾਉਣ ਤੋਂ ਪਹਿਲਾਂ ਕਈ ਸ਼ੋਕ ਸਭਾਵਾਂ ਕੀਤੀਆਂ ਜਾਣਗੀਆਂ। ਅਮਰੀਕਾ ’ਚ ਰਾਸ਼ਟਰਪਤੀ ਆਪਣੇ ਅੰਤਿਮ ਸੰਸਕਾਰ ਦਾ ਸਥਾਨ ਤੇ ਤਰੀਕਾ ਖ਼ੁਦ ਨਿਰਧਾਰਤ ਕਰਦੇ ਹਨ। ਉਨ੍ਹਾਂ ਦੇ ਚਲਾਣੇ ਉਤੇ ਦੁੱਖ ਜ਼ਾਹਰ ਕਰਦਿਆਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ, ‘‘ਅੱਜ, ਅਮਰੀਕਾ ਅਤੇ ਦੁਨੀਆ ਨੇ ਇੱਕ ਅਸਾਧਾਰਨ ਨੇਤਾ, ਰਾਜਨੇਤਾ ਅਤੇ ਮਨੁੱਖਤਾਵਾਦੀ ਸਖਸ਼ ਗੁਆ ਲਿਆ ਹੈ।’’
ਉਨ੍ਹਾਂ ਦੇ ਪੁੱਤਰ ਚਿੱਪ ਕਾਰਟਰ ਨੇ ਕਿਹਾ, “ਮੇਰੇ ਪਿਤਾ ਜੀ ਇੱਕ ਨਾਇਕ ਸਨ, ਨਾ ਸਿਰਫ਼ ਮੇਰੇ ਲਈ, ਸਗੋਂ ਸ਼ਾਂਤੀ, ਮਨੁੱਖੀ ਅਧਿਕਾਰਾਂ ਅਤੇ ਨਿਰਸਵਾਰਥ ਪਿਆਰ ਵਿੱਚ ਵਿਸ਼ਵਾਸ ਰੱਖਣ ਵਾਲੇ ਹਰੇਕ ਵਿਅਕਤੀ ਲਈ ਵੀ। ਦੁਨੀਆ ਸਾਡਾ ਪਰਿਵਾਰ ਹੈ ਕਿਉਂਕਿ ਉਨ੍ਹਾਂ ਨੇ ਲੋਕਾਂ ਨੂੰ ਇਕੱਠੇ ਕੀਤਾ ਅਤੇ ਅਸੀਂ ਇਨ੍ਹਾਂ ਸਾਂਝੇ ਵਿਸ਼ਵਾਸਾਂ ਨੂੰ ਜਾਰੀ ਰੱਖ ਕੇ ਉਨ੍ਹਾਂ ਦੀ ਯਾਦ ਦਾ ਸਨਮਾਨ ਕਰਨ ਲਈ ਤੁਹਾਡਾ ਧੰਨਵਾਦ ਕਰਦੇ ਹਾਂ।’’ ਕਾਰਟਰ ਇਕ ਡੈਮੋਕਰੈਟ ਸਨ ਜਿਨ੍ਹਾਂ 1977 ਤੋਂ ਲੈ ਕੇ 1981 ਤੱਕ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ। ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ, ‘‘ਭਾਵੇਂ ਕਿ ਉਨ੍ਹਾਂ ਦੇ ਕਾਰਟਰ ਨਾਲ ’ਵਿਚਾਰਕ ਅਤੇ ਸਿਆਸੀ ਤੌਰ ’ਤੇ ਕਾਫੀ ਜ਼ਿਆਦਾ ਮਤਭੇਦ’ ਸਨ, ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਇਹ ਅਹਿਸਾਸ ਹੈ ਕਿ ਉਹ ਸਾਡੇ ਦੇਸ਼ ਨੂੰ ਸੱਚਮੁੱਚ ਪਿਆਰ ਕਰਦੇ ਸਨ ਅਤੇ ਇਸ ਦੀਆਂ ਕਦਰਾਂ-ਕੀਮਤਾਂ ਦਾ ਸਤਿਕਾਰ ਕਰਦੇ ਹਨ।’’ ਉਨ੍ਹਾਂ ਕਿਹਾ, “ਉਨ੍ਹਾਂ ਨੇ ਅਮਰੀਕਾ ਨੂੰ ਇੱਕ ਬਿਹਤਰ ਜਗ੍ਹਾ ਬਣਾਉਣ ਲਈ ਸਖ਼ਤ ਮਿਹਨਤ ਕੀਤੀ ਅਤੇ ਇਸ ਲਈ ਮੈਂ ਉਨ੍ਹਾਂ ਨੂੰ ਤਹਿ ਦਿਲੋਂ ਸਤਿਕਾਰ ਦਿੰਦਾ ਹਾਂ।”
ਕਾਰਟਰ ਸੈਂਟਰ ਅਨੁਸਾਰ 3 ਜਨਵਰੀ 1978 ਨੂੰ ਕਾਰਟਰ ਅਤੇ ਉਨ੍ਹਾਂ ਦੀ ਪਤਨੀ ਤੇ ਪ੍ਰਥਮ ਮਹਿਲਾ ਰੋਜ਼ਲਿਨ ਕਾਰਟਰ ਹਰਿਆਣਾ ਦੇ ਦੌਲਤਪੁਰ ਨਸੀਰਾਬਾਦ ਪਿੰਡ ਗਏ, ਜਿਹੜਾ ਕਿ ਨਵੀਂ ਦਿੱਲੀ ਤੋਂ ਇੱਕ ਘੰਟੇ ਦਾ ਸਫ਼ਰ ਹੈ। ਇਹ ਦੌਰਾ ਐਨਾ ਕੁ ਸਫਲ ਰਿਹਾ ਕਿ ਥੋੜ੍ਹੀ ਦੇਰ ਬਾਅਦ ਪਿੰਡ ਦੇ ਵਸਨੀਕਾਂ ਨੇ ਪਿੰਡ ਦਾ ਨਾਂ ‘ਕਾਰਟਰਪੁਰੀ’ ਰੱਖ ਦਿੱਤਾ ਅਤੇ ਪਿੰਡ ਵਾਲੇ ਰਾਸ਼ਟਰਪਤੀ ਕਾਰਟਰ ਦੇ ਬਾਕੀ ਕਾਰਜਕਾਲ ਦੌਰਾਨ ਵ੍ਹਾਈਟ ਹਾਊਸ ਦੇ ਸੰਪਰਕ ਵਿੱਚ ਰਹੇ।
 

More in ਦੇਸ਼

ਵੈਨਕੂਵਰ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਸਤੀਫੇ ਦੇ ਐਲਾਨ ਤੋਂ ਬਾਅਦ ਅਮਰੀਕਾ...
ਪਟਿਆਲਾ/ਪਾਤੜਾਂ- 11 ਮਹੀਨਿਆਂ ਤੋਂ ਅੰਤਰਰਾਜੀ ਬਾਰਡਰਾਂ ’ਤੇ ਚੱਲ ਰਹੇ ਕਿਸਾਨ ਮੋਰਚਿਆਂ ਤੇ...
ਦੇਸ਼ ਦੇ ਲੱਖਾਂ ਕਿਸਾਨਾਂ ਦੀਆਂ ਜਾਨਾਂ ਬਚਾਉਣ ਲਈ ਕੇਂਦਰ ਨੂੰ ਹਦਾਇਤਾਂ ਜਾਰੀ ਕਰੇ ਅਦਾਲਤ: ਡੱਲੇਵਾਲ...
ਟੋਰਾਂਟੋ-ਪਾਰਟੀ ’ਚ ਅੰਦਰੂਨੀ ਖਿੱਚੋਤਾਣ ਅਤੇ ਲੋਕਾਂ ’ਚ ਡਿੱਗ ਰਹੇ ਵੱਕਾਰ ਕਾਰਨ ਕੈਨੇਡਾ...
ਚੰਡੀਗੜ੍ਹ-ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਦੇ ਸੀਨੀਅਰ ਆਗੂ ਜਗਜੀਤ ਸਿੰਘ ਡੱਲੇਵਾਲ ਨੇ...
ਚੰਡੀਗੜ੍ਹ-ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸਾਰੀਆਂ ਫ਼ਸਲਾਂ...
ਨਵੀਂ ਦਿੱਲੀ-ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਯਾਦ ਵਿੱਚ ਦੇਸ਼ ਭਰ ਵਿੱਚ ਸੱਤ ਦਿਨਾਂ...
ਨਵੀਂ ਦਿੱਲੀ-ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਹੋਰਨਾਂ ਹਸਤੀਆਂ...
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਅਤੇ ਸੁਝਾਵਾਂ ਲਈ ਉਨ੍ਹਾਂ...
ਨਵੀਂ ਦਿੱਲੀ: ਸੰਨ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਕੇਸ ’ਚ ਦਿੱਲੀ ਦੀ ਇਥੋਂ ਦੀ ਅਦਾਲਤ...
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਉਸ ਅਰਜ਼ੀ ’ਤੇ ਵਿਚਾਰ ਕਰਨ ’ਤੇ ਸਹਿਮਤੀ ਦੇ ਦਿੱਤੀ...
Home  |  About Us  |  Contact Us  |  
Follow Us:         web counter