ਪਟਿਆਲਾ/ਪਾਤੜਾਂ- 11 ਮਹੀਨਿਆਂ ਤੋਂ ਅੰਤਰਰਾਜੀ ਬਾਰਡਰਾਂ ’ਤੇ ਚੱਲ ਰਹੇ ਕਿਸਾਨ ਮੋਰਚਿਆਂ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ 43 ਦਿਨਾਂ ਤੋਂ ਜਾਰੀ ਮਰਨ ਵਰਤ ਰੂਪੀ ਅੰਦੋਲਨ ਦੀ ਧਾਰ ਹੋਰ ਤਿੱਖੀ ਕਰਨ ਅਤੇ ਕੇਂਦਰ ਸਰਕਾਰ ’ਤੇ ਮੰਗਾਂ ਮਨਵਾਉਣ ਲਈ ਦਬਾਅ ਵਧਾਉਣ ਵਾਸਤੇ ਕਿਸਾਨਾਂ ਨੇ ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਦੇਸ਼ ਭਰ ’ਚ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਅੱਜ ਢਾਬੀ ਗੁੱਜਰਾਂ ਬਾਰਡਰ ’ਤੇ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਅਤੇ ਕਿਸਾਨ-ਮਜ਼ਦੂਰ ਮੋਰਚਾ ਦੀ ਸੀਨੀਅਰ ਲੀਡਰਸ਼ਿਪ ਦੀ ਹੋਈ ਅਹਿਮ ਮੀਟਿੰਗ ’ਚ ਲਿਆ ਗਿਆ। ਦੋਵੇਂ ਫੋਰਮਾਂ ਨੇ 10 ਜਨਵਰੀ ਨੂੰ ਦੇਸ਼ ਭਰ ’ਚ ਕੇਂਦਰ ਸਰਕਾਰ ਦੇ ਪੁਤਲੇ ਫੂਕਣ ਤੋਂ ਇਲਾਵਾ 13 ਜਨਵਰੀ ਨੂੰ ਲੋਹੜੀ ਮੌਕੇ ਦੇਸ਼ ਭਰ ’ਚ ਮੰਡੀ ਮਾਰਕੀਟਿੰਗ ਖਰੜੇ ਦੀਆਂ ਕਾਪੀਆਂ ਸਾੜਨ ਦਾ ਪ੍ਰੋਗਰਾਮ ਪਹਿਲਾਂ ਹੀ ਉਲੀਕਿਆ ਹੋਇਆ ਹੈ। ਇਸ ਦੌਰਾਨ ਕਿਸਾਨ ਨੇਤਾ ਅਭਿਮੰਨਿਊ ਕੋਹਾੜ ਅਤੇ ਹੋਰ ਆਗੂਆਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਲੀਕੇ ਗਏ ਤਿੰਨੋਂ ਹੀ ਪ੍ਰੋਗਰਾਮਾਂ ਦੌਰਾਨ ਦੇਸ਼ ਦਾ ਇੱਕ ਵੀ ਪਿੰਡ ਅਜਿਹਾ ਨਹੀਂ ਰਹਿਣਾ ਚਾਹੀਦਾ, ਜੋ ਇਨ੍ਹਾਂ ਪ੍ਰਦਰਸ਼ਨ ’ਚ ਸ਼ਰੀਕ ਨਾ ਹੋਵੇ। ਕਿਸਾਨ ਆਗੂਆਂ ਸੁਰਜੀਤ ਫੂਲ ਅਤੇ ਦਿਲਬਾਗ ਸਿੰਘ ਹਰੀਗੜ੍ਹ ਨੇ ਕਿਹਾ ਕਿ ਕਿਸਾਨੀ ਅੰਦੋਲਨ ਦੇਸ਼ ਭਰ ਦੇ ਲੋਕਾਂ ਦਾ ਸਾਂਝਾ ਹੈ, ਜਿਸ ਨੂੰ ਜਿੱਤਣ ਲਈ ਹੁਣ ਨਾ ਸਿਰਫ਼ ਦੇਸ਼ ਦੇ ਸਾਰੇ ਸੂਬਿਆਂ ਬਲਕਿ ਸਮੂਹ ਪਿੰਡਾਂ ਨੂੰ ਵੀ ਪੂਰੀ ਤਾਕਤ ਲਾਉਣ ਦੀ ਲੋੜ ਹੈ। ਸਰਵਣ ਸਿੰਘ ਪੰਧੇਰ ਨੇ ਦੁਹਰਾਇਆ ਕਿ ਕੇਂਦਰ ਨੂੰ ਜ਼ਿੱਦ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ। ਉਧਰ, ਕਿਸਾਨੀ ਸੰਘਰਸ਼ ਕੇਂਦਰ ਖ਼ਿਲਾਫ਼ ਹੋਣ ਅਤੇ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਬਿਆਨਾਂ ਦੇ ਹਵਾਲੇ ਨਾਲ ਸੁਖਜੀਤ ਸਿੰਘ ਹਰਦੋਝੰਡੇ, ਜਸਵਿੰਦਰ ਲੌਂਗੋਵਾਲ, ਲਖਵਿੰਦਰ ਸਿਰਸਾ, ਮਨਜੀਤ ਨਿਆਲ ਅਤੇ ਰਾਜ ਖੇੜੀ ਸਮੇਤ ਕਈ ਹੋਰ ਕਿਸਾਨ ਆਗੂਆਂ ਨੇ ਕਿਹਾ ਕਿ ਸੁਪਰੀਮ ਕੋਰਟ ਕਿਸਾਨੀ ਮੰਗਾਂ ਦੇ ਹੱਲ ਲਈ ਕੇਂਦਰ ਸਰਕਾਰ ਨੂੰ ਹਦਾਇਤਾਂ ਜਾਰੀ ਕਰੇ ਤਾਂ ਜੋ ਮਸਲੇ ਦਾ ਹੱਲ ਕੀਤਾ ਜਾ ਸਕੇ ਕਿਉਂਕਿ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ।