ਰਾਂਚੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਝਾਰਖੰਡ ’ਚ ਜੇਐੱਮਐੱਮ ਦੀ ਅਗਵਾਈ ਹੇਠਲੇ ਗੱਠਜੋੜ ਨੂੰ ਨਿਸ਼ਾਨੇ ’ਤੇ ਲੈਂਦਿਆਂ ਇਸ ਨੂੰ ਕਥਿਤ ਤੌਰ ’ਤੇ ਬੰਗਲਾਦੇਸ਼ੀ ਘੁਸਪੈਠੀਆਂ ਦੀ ਹਮਾਇਤ ਕਰਨ ਵਾਲਾ ‘ਘੁਸਪੈਠੀਆ ਬੰਧਨ’ ਅਤੇ ‘ਮਾਫੀਆ ਦਾ ਗੁਲਾਮ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਝਾਰਖੰਡ ’ਚ ਗੱਠਜੋੜ ਆਗੂਆਂ ਵੱਲੋਂ ਕੀਤੇ ਗਏ ਘੁਟਾਲੇ ਇੱਕ ਇੰਡਸਟਰੀ ਬਣ ਚੁੱਕੇ ਹਨ ਅਤੇ ਭ੍ਰਿਸ਼ਟਾਚਾਰ ਨੇ ਸੂਬੇ ਨੂੰ ਘੁਣ ਵਾਂਗ ਖਾ ਲਿਆ ਹੈ।
ਮੋਦੀ ਨੇ ਝਾਰਖੰਡ ਦੇ ਗੜਵਾ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘ਝਾਰਖੰਡ ’ਚ ਤੁਸ਼ਟੀਕਰਨ ਦੀ ਰਾਜਨੀਤੀ ਸਿਖਰ ’ਤੇ ਪਹੁੰਚ ਗਈ ਹੈ ਜਿੱਥੇ ਜੇਐੱਮਐੱਮ ਦੀ ਅਗਵਾਈ ਹੇਠਲਾ ਗੱਠਜੋੜ ਬੰਗਲਾਦੇਸ਼ੀ ਘੁਸਪੈਠੀਆਂ ਦੀ ਹਮਾਇਤ ’ਚ ਰੁੱਝਿਆ ਹੋਇਆ ਹੈ। ਜੇ ਅਜਿਹਾ ਹੀ ਚਲਦਾ ਰਿਹਾ ਤਾਂ ਸੂਬੇ ਦੀ ਆਦਿਵਾਸੀ ਅਬਾਦੀ ਘਟ ਜਾਵੇਗੀ। ਇਹ ਆਦਿਵਾਸੀ ਸਮਾਜ ਤੇ ਦੇਸ਼ ਲਈ ਖਤਰਾ ਹੈ।’ ਝਾਰਖੰਡ ਵਿਧਾਨ ਸਭਾ ਚੋਣਾਂ ਦੇ ਐਲਾਨ ਮਗਰੋਂ ਮੋਦੀ ਝਾਰਖੰਡ ’ਚ ਇਹ ਪਹਿਲੀ ਫੇਰੀ ਹੈ ਅਤੇ ਕਿਸੇ ਪ੍ਰਧਾਨ ਮੰਤਰੀ ਦੀ ਗੜਵਾ ’ਚ ਪਹਿਲੀ ਫੇਰੀ ਹੈ। ਉਨ੍ਹਾਂ ਕਿਹਾ, ‘ਭ੍ਰਿਸ਼ਟਾਚਾਰ ਦੇ ਘੁਣ ਨੇ ਸਾਰੇ ਦੇਸ਼ ਨੂੰ ਖੋਖਲਾ ਕਰ ਦਿੱਤਾ ਹੈ। ਝਾਰਖੰਡ ’ਚ ਜੇਐੱਮਐੱਮ, ਕਾਂਗਰਸ ਤੇ ਆਰਜੇਡੀ ਨੇ ਭ੍ਰਿਸ਼ਟਾਚਾਰ ਦੀਆਂ ਹੱਦਾਂ ਪਾਰ ਦਿੱਤੀਆਂ ਹਨ। ਇਸ ਨਾਲ ਗਰੀਬਾਂ, ਦਲਿਤਾਂ, ਕਬਾਇਲੀਆਂ ਤੇ ਪੱਛੜੀਆਂ ਸ਼੍ਰੇਣੀਆਂ ’ਤੇ ਅਸਰ ਪਿਆ ਹੈ। ਝਾਰਖੰਡ ’ਚ ਹਾਕਮ ਗੱਠਜੋੜ ਦੇ ਮੁੱਖ ਮੰਤਰੀ, ਵਿਧਾਇਕ ਤੇ ਸੰਸਦ ਮੈਂਬਰ ਗਲੇ ਤੱਕ ਭ੍ਰਿਸ਼ਟਾਚਾਰ ’ਚ ਡੁੱਬੇ ਹੋਏ ਹਨ।’ ਮੋਦੀ ਨੇ ਦੋਸ਼ ਲਾਇਆ ਕਿ ਜੇਐੱਮਐੱਮ, ਕਾਂਗਰਸ ਤੇ ਆਰਜੇਡੀ ਵੋਟ ਬੈਂਕ ਦੀ ਸਿਆਸਤ ਲਈ ਬੰਗਲਾਦੇਸ਼ੀ ਘੁਸਪੈਠੀਆਂ ਨੂੰ ਵਰਤ ਰਹੇ ਹਨ ਤੇ ਉਨ੍ਹਾਂ ਨੂੰ ਝਾਰਖੰਡ ’ਚ ਵਸਾ ਰਹੇ ਹਨ। ਇਸ ਨਾਲ ਸੂਬੇ ਦੇ ਸਮਾਜਿਕ ਢਾਂਚੇ ਨੂੰ ਖਤਰਾ ਪੈਦਾ ਹੋ ਗਿਆ ਹੈ।