ਜੌਰਜਟਾਊਨ (ਗੁਆਨਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਤੜਕੇ ਗੁਆਨਾ ਪੁੱਜਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਹਵਾਈ ਅੱਡੇ ’ਤੇ ਗੁਆਨਾ ਦੇ ਰਾਸ਼ਟਰਪਤੀ ਇਰਫਾਨ ਅਲੀ, ਪ੍ਰਧਾਨ ਮੰਤਰੀ ਮਾਰਕ ਐਂਥਨੀ ਫਿਲਿਪਸ ਅਤੇ ਇਕ ਦਰਜਨ ਤੋਂ ਵਧ ਕੈਬਨਿਟ ਮੰਤਰੀ ਹਾਜ਼ਰ ਸਨ, ਜਦੋਂ ਮੋਦੀ ਹੋਟਲ ਪੁੱਜੇ ਤਾਂ ਗ੍ਰੇਨਾਡਾ ਦੇ ਪ੍ਰਧਾਨ ਮੰਤਰੀ ਡਿਕਨ ਮਿਸ਼ੇਲ ਅਤੇ ਬਾਰਬਾਡੋਸ ਦੇ ਪ੍ਰਧਾਨ ਮੰਤਰੀ ਮੀਆ ਅਮੋਰ ਮੋਟਲੇਅ ਨੇ ਵੀ ਉਨ੍ਹਾਂ ਦਾ ਸਵਾਗਤ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਮੋਦੀ ਨੂੰ ਭਾਰਤ-ਗੁਆਨਾ ਨੇੜਲੇ ਸਬੰਧਾਂ ਦੇ ਪ੍ਰਮਾਣ ਵਜੋਂ ‘ਜੌਰਜਟਾਊਨ ਸ਼ਹਿਰ ਦੀ ਕੁੰਜੀ’ ਵੀ ਸੌਂਪੀ ਗਈ। ਮੋਦੀ ਨੇ ਪਰਵਾਸੀ ਭਾਰਤੀਆਂ ਨਾਲ ਵੀ ਮੁਲਾਕਾਤ ਕੀਤੀ। ਇਹ ਪਿਛਲੇ 50 ਸਾਲ ਤੋਂ ਵੀ ਵਧ ਸਮੇਂ ’ਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਪਹਿਲਾ ਦੌਰਾ ਹੈ।
ਗੁਆਨਾ ’ਚ ਪਰਵਾਸੀ ਭਾਰਤੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਵੱਖ ਵੱਖ ਖੇਤਰਾਂ ’ਚ ਆਪਣੀ ਪਛਾਣ ਬਣਾ ਰਹੇ ਹਨ। ਇਨ੍ਹਾਂ ਪਰਵਾਸੀਆਂ ’ਚੋਂ ਬਹੁਤਿਆਂ ਦੇ ਪੁਰਖੇ 180 ਸਾਲ ਤੋਂ ਵਧ ਸਮਾਂ ਪਹਿਲਾਂ ਇਥੇ ਆਏ ਸਨ। ਮੋਦੀ ਮੰਗਲਵਾਰ ਦੇਰ ਰਾਤ ਬ੍ਰਾਜ਼ੀਲ ਤੋਂ ਰਵਾਨਾ ਹੋਣ ਮਗਰੋਂ ਅੱਜ ਤੜਕੇ ਇਥੇ ਪੁੱਜੇ ਅਤੇ ਉਨ੍ਹਾਂ ਹੋਟਲ ’ਚ ਪਰਵਾਸੀ ਭਾਰਤੀਆਂ ਨਾਲ ਗੱਲਬਾਤ ਕੀਤੀ। ਮੋਦੀ ਨੇ ‘ਐਕਸ’ ’ਤੇ ਪੋਸਟ ਪਾ ਕੇ ਗੁਆਨਾ ’ਚ ਭਾਰਤੀ ਫਿਰਕੇ ਵੱਲੋਂ ਗਰਮਜੋਸ਼ੀ ਅਤੇ ਜੋਸ਼ੀਲੇ ਸਵਾਗਤ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇਸ ਦੌਰਾਨ ਭਾਰਤੀ ਫਿਰਕੇ ਦੇ ਲੋਕਾਂ ਨੇ ਰਵਾਇਤੀ ਕੱਪੜੇ ਪਹਿਨੇ ਹੋਏ ਸਨ ਅਤੇ ਕਈ ਨੇ ਹੱਥਾਂ ’ਚ ਤਿਰੰਗਾ ਫੜਿਆ ਹੋਇਆ ਸੀ। ਇਕ ਪ੍ਰਸ਼ੰਸਕ ਨੇ ਮੋਦੀ ਨੂੰ ਉਨ੍ਹਾਂ ਦਾ ਇਕ ਸਕੈੱਚ ਵੀ ਭੇਟ ਕੀਤਾ।
ਵਿਦੇਸ਼ ਮੰਤਰਾਲੇ ਮੁਤਾਬਕ ਗੁਆਨਾ ’ਚ ਭਾਰਤੀ ਮੂਲ ਦੇ ਕਰੀਬ 3,20,000 ਵਿਅਕਤੀ ਹਨ। ਮੰਤਰਾਲੇ ਨੇ ਇਸ ਨੂੰ ਸਭ ਤੋਂ ਪ੍ਰਾਚੀਨ ਭਾਰਤੀ ਫਿਰਕਾ ਕਰਾਰ ਦਿੱਤਾ ਹੈ ਜੋ 185 ਸਾਲ ਤੋਂ ਵੀ ਪਹਿਲਾਂ ਇਥੇ ਆਏ ਸਨ। ਭਾਰਤੀ ਹਾਈ ਕਮਿਸ਼ਨ ਮੁਤਾਬਕ ਭਾਰਤੀ ਮੂਲ ਦੇ ਲੋਕਾਂ ਤੋਂ ਇਲਾਵਾ ਇਥੇ ਕਰੀਬ 2 ਹਜ਼ਾਰ ਭਾਰਤੀ ਨਾਗਰਿਕ ਹਨ।