ਨਵੀਂ ਦਿੱਲੀ-ਕੇਂਦਰ ਮੰਤਰੀ ਮੰਡਲ ਨੇ ਅੱਜ 2025-26 ਦੇ ਹਾੜ੍ਹੀ ਮਾਰਕੀਟਿੰਗ ਸੀਜ਼ਨ ਲਈ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) 150 ਰੁਪਏ ਵਧਾ ਕੇ 2425 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਸਰਕਾਰ ਵੱਲੋਂ ਇਹ ਕਦਮ ਅੱਗੇ ਕਈ ਸੂਬਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਠਾਇਆ ਗਿਆ ਹੈ। ਇਸੇ ਤਰ੍ਹਾਂ ਮੰਤਰੀ ਮੰਡਲ ਵੱਲੋਂ ਵਾਰਾਣਸੀ-ਦੀਨ ਦਿਆਲ ਉਪਾਧਿਆਏ ‘ਮਲਟੀ ਟਰੈਕਿੰਗ’ ਰੇਲ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਹੋਈ ਆਰਥਿਕ ਮਾਮਲਿਆਂ ਦੀ ਮੰਤਰੀ ਮੰਡਲ ਪੱਧਰ ਦੀ ਕਮੇਟੀ (ਸੀਸੀਈਏ) ਦੀ ਮੀਟਿੰਗ ਵਿੱਚ ਅਪਰੈਲ 2025 ਤੋਂ ਸ਼ੁਰੂ ਹੋਣ ਵਾਲੇ ਮਾਰਕੀਟਿੰਗ ਸੈਸ਼ਨ 2025-26 ਲਈ ਹਾੜ੍ਹੀ ਦੀਆਂ ਛੇ ਫ਼ਸਲਾਂ ਦੇ ਐੱਮਐੱਸਪੀ ਵਿੱਚ 130 ਰੁਪਏ ਤੋਂ 300 ਰੁਪਏ ਪ੍ਰਤੀ ਕੁਇੰਟਲ ਤੱਕ ਦੇ ਵਾਧੇ ਦੀ ਮਨਜ਼ੂਰੀ ਦਿੱਤੀ ਗਈ।
ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਿਵਨੀ ਵੈਸ਼ਨਵ ਨੇ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ‘‘ਸਾਉਣੀ ਦੀਆਂ ਫ਼ਸਲਾਂ ਵਾਂਗ, ਹਾੜ੍ਹੀ ਦੀਆਂ ਫ਼ਸਲਾਂ ਲਈ ਐੱਮਐੱਸਪੀ ਵਿੱਚ ਜ਼ਿਕਰਯੋਗ ਵਾਧਾ ਕੀਤਾ ਗਿਆ ਹੈ।’’ ਉਨ੍ਹਾਂ ਕਿਹਾ ਕਿ ਕਣਕ ਦਾ ਨਵਾਂ ਐੱਮਐੱਸਪੀ ਉਤਪਾਦਨ ਲਾਗਤ ਤੋਂ 105 ਫੀਸਦ ਵੱਧ ਹੈ ਜੋ ਕਿ ਇਕ ਵੱਡੀ ਗੱਲ ਹੈ। ਸਰਕਾਰ ਨੇ ਰੈਪਸੀਡ ਅਤੇ ਸਰ੍ਹੋਂ ਬੀਜ ਲਈ ਵੀ ਐੱਮਐੱਸਪੀ 300 ਰੁਪਏ ਵਧਾ ਕੇ 5950 ਰੁਪਏ ਕੁਇੰਟਲ ਕਰ ਦਿੱਤਾ ਹੈ। ਕੁਸੁੰਬਾ ਦਾ ਐੱਮਐੱਸਪੀ 140 ਰੁਪਏ ਵਧਾ ਕੇ 5940 ਰੁਪਏ ਕੁਇੰਟਲ ਕਰ ਦਿੱਤਾ ਗਿਆ ਹੈ। ਦਾਲਾਂ ਦੇ ਮਾਮਲੇ ਵਿੱਚ, ਮਸਰੀ ਦਾ ਐੱਮਐੱਸਪੀ 275 ਰੁਪਏ ਵਧਾ ਕੇ 6700 ਰੁਪਏ, ਛੋਲਿਆਂ ਦਾ ਐੱਮਐੱਸਪੀ 210 ਰੁਪਏ ਵਧਾ ਕੇ 5650 ਰੁਪਏ, ਜੌਂ ਦਾ ਐੱਮਐੱਸਪੀ 130 ਰੁਪਏ ਵਧਾ ਕੇ 1980 ਰੁਪਏ ਕੁਇੰਟਲ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਕੇਂਦਰੀ ਮੰਤਰੀ ਮੰਡਲ ਨੇ ਅਨੁਮਾਨਿਤ 2642 ਕਰੋੜ ਰੁਪਏ ਦੇ ਵਾਰਾਣਸੀ-ਦੀਨ ਦਿਆਲ ਉਪਾਧਿਆਏ ‘ਮਲਟੀ ਟਰੈਕਿੰਗ’ ਰੇਲ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਹੈ। ਇਸ ਪ੍ਰਸਤਾਵਿਤ ਪ੍ਰਾਜੈਕਟ ਵਿੱਚ ਗੰਗਾ ਨਦੀ ’ਤੇ ਬਣਨ ਵਾਲਾ ਇਕ ਨਵਾਂ ਰੇਲ-ਕਮ-ਸੜਕੀ ਪੁਲ ਅਤੇ ਹੋਰ ਬੁਨਿਆਦੀ ਢਾਂਚਾ ਸਹੂਲਤਾਂ ਨੂੰ ਆਧੁਨਿਕ ਬਣਾਉਣ ਤੋਂ ਇਲਾਵਾ ਵਾਰਾਣਸੀ ਤੇ ਪੰਡਤ ਦੀਨ ਦਿਆਲ ਉਪਾਧਿਆਏ (ਡੀਡੀਯੂ) ਜੰਕਸ਼ਨ ਮਾਰਗ ਵਿਚਾਲੇ ਤੀਜੀ ਤੇ ਚੌਥੀ ਰੇਲ ਲਾਈਨ ਨੂੰ ਸ਼ਾਮਲ ਕਰਨਾ ਵੀ ਸ਼ਾਮਲ ਹੈ।