ਚੇਨੱਈ-ਇੱਥੇ ਮਰੀਨਾ ਬੀਚ ’ਤੇ ਕਰਵਾਏ ਏਅਰ ਸ਼ੋਅ ਵਿੱਚ ਸ਼ਾਮਲ ਹਜ਼ਾਰਾਂ ਲੋਕਾਂ ਨੂੰ ਅਤਿ ਦੀ ਹੁੰਮਸ ਕਰਕੇ ਵਾਪਸ ਮੁੜਦਿਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਮੁਤਾਬਕ ਦੋ ਵਿਅਕਤੀ ਘਰ ਪਰਤਦਿਆਂ ਬਿਮਾਰ ਹੋ ਗਏ ਤੇ ਇਨ੍ਹਾਂ ਵਿਚੋਂ ਇਕ ਨੇ ਸਰਕਾਰੀ ਹਸਪਤਾਲ ਵਿਚ ਦਮ ਤੋੜ ਦਿੱਤਾ ਜਦੋਂਕਿ ਦੂਜੇ ਦੀ ਅੰਨਾ ਸਲਾਈ ਵਿਚ ਆਪਣੀ ਬਾਈਕ ਨਜ਼ਦੀਕ ਮੌਤ ਹੋ ਗਈ। ਅਧਿਕਾਰੀਆਂ ਨੇ ਕਿਹਾ ਕਿ ਕਰੀਬ 35 ਵਿਅਕਤੀਆਂ ਨੂੰ ਸਰੀਰ ’ਚ ਪਾਣੀ ਦੀ ਕਮੀ ਦੇ ਲੱਛਣਾਂ ਨਾਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਵਿਰੋਧੀ ਧਿਰ ਦੇ ਆਗੂ ਤੇ ਅੰਨਾਡੀਐਮਕੇ ਮੁਖੀ ਈਕੇ ਪਲਾਨਾਸਵਾਮੀ ਨੇ ਏਅਰ ਸ਼ੋਅ ਦੌਰਾਨ ਕਥਿਤ ਮਾੜੇ ਪ੍ਰਬੰਧਾਂ ਲਈ ਡੀਐੱਮਕੇ ਸਰਕਾਰ ਦੀ ਨਿਖੇਧੀ ਕੀਤੀ ਹੈ।
ਇਸ ਤੋਂ ਪਹਿਲਾਂ ਭਾਰਤੀ ਹਵਾਈ ਸੈਨਾ ਦੇ ਜਹਾਜ਼ਾਂ ਨੇ ਅੱਜ ਮਰੀਨਾ ਬੀਚ ਦੇ ਅਸਮਾਨ ’ਚ ਆਪਣੀ ਤਾਕਤ ਤੇ ਜੰਗੀ ਸਮਰੱਥਾ ਦਾ ਪ੍ਰਦਰਸ਼ਨ ਕਰਦਿਆਂ ਇੱਥੇ ਹਾਜ਼ਰ ਲੋਕਾਂ ਨੂੰ ਰੁਮਾਂਚ ਨਾਲ ਭਰ ਦਿੱਤਾ। ਇਹ ਲੋਕ ਹੁੰਮਸ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ’ਚ ਇੱਥੇ ਪੁੱਜੇ ਅਤੇ ਰਫਾਲ ਸਮੇਤ ਭਾਰਤੀ ਹਵਾਈ ਸੈਨਾ ਦੇ ਵੱਖ ਵੱਖ ਲੜਾਕੂ ਜਹਾਜ਼ਾਂ ਦੇ ਹੈਰਤਅੰਗੇਜ਼ ਕਾਰਨਾਮਿਆਂ ਦਾ ਆਨੰਦ ਮਾਣਿਆ। ਲੜਾਕੂ ਜਹਾਜ਼ਾਂ ਦਾ ਪ੍ਰਦਰਸ਼ਨ ਦੇਖਣ ਲਈ ਦਰਸ਼ਕ ਦਿਨੇ 11 ਵਜੇ ਤੋਂ ਹੀ ਮਰੀਨਾ ਬੀਚ ’ਤੇ ਇਕੱਤਰ ਹੋਣ ਲੱਗੇ ਸਨ। ਪ੍ਰਦਰਸ਼ਨ ਦੀ ਸ਼ੁਰੂਆਤ ਭਾਰਤੀ ਹਵਾਈ ਸੈਨਾ ਦੇ ਵਿਸ਼ੇਸ਼ ਗਰੁੜ ਬਲ ਦੇ ਕਮਾਂਡੋ ਦੇ ਪ੍ਰਦਰਸ਼ਨ ਨਾਲ ਹੋਈ। ਲਾਈਟ ਹਾਊਸ ਤੇ ਚੇਨੱਈ ਬੰਦਰਗਾਹ ਵਿਚਾਲੇ ਮਰੀਨਾ ’ਤੇ ਕਰਵਾਏ ਗਏ 92ਵੇਂ ਭਾਰਤੀ ਹਵਾਈ ਸੈਨਾ ਦਿਵਸ ਮੌਕੇ ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ, ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ, ਉਪ ਮੁੱਖ ਮੰਤਰੀ ਉਦੈਨਿਧੀ ਸਟਾਲਿਨ ਤੇ ਕਈ ਹੋਰ ਹਸਤੀਆਂ ਹਾਜ਼ਰ ਸਨ।