ਇੰਫਾਲ- ਮਨੀਪੁਰ ਦੇ ਡੀਜੀਪੀ ਅਤੇ ਸੂਬੇ ਦੇ ਸੁਰੱਖਿਆ ਸਲਾਹਕਾਰ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਨੂੰ ਲੈ ਕੇ ਦਬਾਅ ਬਣਾਉਣ ਲਈ ਅੱਜ ਰਾਜ ਭਵਨ ਵੱਲ ਵਧਣ ਦੀ ਕੋਸ਼ਿਸ਼ ਕਰ ਰਹੇ ਪ੍ਰਦਰਸ਼ਨਕਾਰੀਆਂ ਨਾਲ ਸੁਰੱਖਿਆ ਬਲਾਂ ਦੀ ਝੜਪ ਹੋ ਗਈ, ਜਿਸ ਮਗਰੋਂ ਉਨ੍ਹਾਂ ’ਤੇ ਅੱਥਰੂ ਗੈਸ ਦੇ ਗੋਲੇ ਦਾਗੇ ਗਏ। ਇਸ ਦੌਰਾਨ 40 ਵਿਦਿਆਰਥੀ ਫੱਟੜ ਹੋ ਗਏ ਹਨ। ਵਿਦਿਆਰਥੀਆਂ ਦੇ ਅੰਦੋਲਨ ਦਰਮਿਆਨ ਸੂਬੇ ਦੇ ਪੰਜ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸੇਵਾਵਾਂ ਪੰਜ ਦਿਨਾਂ ਲਈ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਸਾਰੇ ਸਰਕਾਰੀ ਤੇ ਨਿੱਜੀ ਕਾਲਜ 12 ਸਤੰਬਰ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਮਨੀਪੁਰ ਸਰਕਾਰ ਨੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਦੋ ਜ਼ਿਲ੍ਹਿਆਂ ਇੰਫਾਲ ਪੂਰਬੀ ਤੇ ਪੱਛਮੀ ਜ਼ਿਲ੍ਹਿਆਂ ਵਿੱਚ ਕਰਫਿਊ ਵੀ ਲਾ ਦਿੱਤਾ ਹੈ ਅਤੇ ਥੌਬਲ ਵਿੱਚ ਭਾਰਤੀ ਨਾਗਰਿਕ ਸੁਰੱਖਿਆ ਸੰਹਿਤ (ਬੀਐੱਨਐੱਸਐੱਸ) ਦੀ ਧਾਰਾ 163(2) ਅਧੀਨ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਉਧਰ, ਕੇਂਦਰ ਸਰਕਾਰ ਵੱਲੋਂ ਸੀਆਰਪੀਐੱਫ ਦੇ 2000 ਹੋਰ ਜਵਾਨ ਮਨੀਪੁਰ ਭੇਜੇ ਗਏ ਹਨ। ਸੀਆਰਪੀਐੱਫ ਦੀਆਂ ਦੋ ਬਟਾਲੀਅਨਾਂ ਕ੍ਰਮਵਾਰ ਤਿਲੰਗਾਨਾ ਦੇ ਵਾਰੰਗਲ ਅਤੇ ਝਾਰਖੰਡ ਦੇ ਲਾਤੇਹਾਰ ਤੋਂ ਮਨੀਪੁਰ ਵਿੱਚ ਭੇਜੀਆਂ ਗਈਆਂ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਮਨੀਪੁਰ ਵਿੱਚੋਂ ਅਸਾਮ ਰਾਈਫਲਜ਼ ਦੀਆਂ ਦੋ ਬਟਾਲੀਆਂ ਨੂੰ ਵਾਪਸ ਬੁਲਾ ਲਏ ਜਾਣ ਤੋਂ ਫੌਰੀ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਸੋਮਵਾਰ ਤੋਂ ਡੇਰੇ ਲਾਈਂ ਬੈਠੇ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਸੈਂਕੜੇ ਵਿਦਿਆਰਥੀਆਂ ਨੇ ਇੰਫਾਲ ਦੇ ਖਵਾਇਰਾਮਬੰਦ ਮਹਿਲਾ ਬਾਜ਼ਾਰ ਵਿੱਚ ਲਾਏ ਕੈਪਾਂ ਵਿੱਚ ਰਾਤ ਗੁਜ਼ਾਰੀ। ਉਹ ਅੱਜ ਬੀਟੀ ਰੋਡ ਰਾਹੀਂ ਰਾਜ ਭਵਨ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਹਾਲਾਂਕਿ, ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਕਾਂਗਰਸ ਭਵਨ ਨੇੜੇ ਰੋਕ ਲਿਆ। ਇਸੇ ਦੌਰਾਨ ਮਨੀਪੁਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਰੋਸ ਰੈਲੀ ਕੱਢੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਵੀ ਸਾੜਿਆ। ਬਾਅਦ ਵਿੱਚ ਵਿਦਿਆਰਥੀਆਂ ਨੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਅਤੇ ਰਾਜਪਾਲ ਆਚਾਰਿਆ ਨਾਲ ਮੁਲਾਕਾਤ ਕੀਤੀ। ਸੂਬੇ ਦੇ ਗ੍ਰਹਿ ਵਿਭਾਗ ਨੇ ਹਿੰਸਾ ਦੇ ਮੱਦੇਨਜ਼ਰ ਇੰਫਾਲ ਪੱਛਮੀ, ਇੰਫਾਲ ਪੂਰਬੀ, ਥੌਬਲ, ਬਿਸ਼ਨੂਪੁਰ ਅਤੇ ਕਾਕਚਿੰਗ ਜ਼ਿਲ੍ਹਿਆਂ ਵਿੱਚ 10 ਸਤੰਬਰ ਦੁਪਹਿਰ 3.00 ਵਜੇ ਤੋਂ 15 ਸਤੰਬਰ ਦੁਪਹਿਰ 3.00 ਵਜੇ ਤੱਕ ਇੰਟਰਨੈੱਟ ਸੇਵਾਵਾਂ ਮੁਲਤਵੀ ਕਰ ਦਿੱਤੀਆਂ ਹਨ।
ਉਧਰ ਮਨੀਪੁਰ ਵਿੱਚ ਹਾਲ ਹੀ ਵਿੱਚ ਹੋਏ ਡਰੋਨ ਅਤੇ ਹਾਈਟੈੱਕ ਮਿਜ਼ਾਈਲ ਹਮਲਿਆ ਮਗਰੋਂ ਅਤਿਆਧੁਨਿਕ ਰਾਕੇਟ ਦੇ ਖੋਲ ਬਰਾਮਦ ਕੀਤੇ ਗਏ ਹਨ। ਡੀਜੀਪੀ (ਪ੍ਰਸ਼ਾਸਨ) ਕੇ ਜੇਅੰਤ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ ਕਿ ਡਰੋਨ ਤੇ ਹਾਈ-ਟੈਕ ਮਿਜ਼ਾਈਲ ਹਮਲਿਆਂ ਦੇ ਸਬੂਤ ਹਨ। ਡਰੋਨ ਬਰਾਮਦ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਮੈਤੇਈ ਅਤੇ ਕੂਕੀ ਫਿਰਕਿਆਂ ਦਰਮਿਆਨ ਪਹਿਲੀ ਸਤੰਬਰ ਨੂੰ ਝੜਪ ਮਗਰੋਂ ਸੂਬੇ ਵਿੱਚ ਹਿੰਸਾ ਮੁੜ ਸ਼ੁਰੂ ਹੋ ਗਈ ਹੈ ਅਤੇ ਕੁੱਝ ਹਮਲਿਆਂ ਵਿੱਚ ਆਮ ਨਾਗਰਿਕਾਂ ’ਤੇ ਹਮਲੇ ਵਿੱਚ ਡਰੋਨਾਂ ਦੀ ਵਰਤੋਂ ਕੀਤੀ ਗਈ ਹੈ। ਤਾਜ਼ਾ ਹਿੰਸਕ ਘਟਨਾਵਾਂ ਵਿੱਚ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 12 ਤੋਂ ਵੱਧ ਜ਼ਖ਼ਮੀ ਹੋ ਗਏ ਹਨ। ਉਧਰ ਮਨੀਪੁਰ ਦੇ ਰਾਜਪਾਲ ਲਕਸ਼ਮਣ ਪ੍ਰਸਾਦ ਅਚਾਰਿਆ ਨੇ ਸੂਬੇ ਵਿੱਚ ਹਿੰਸਾ ਦੀਆਂ ਤਾਜ਼ਾ ਘਟਨਾਵਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਹਿੰਸਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ਾਂਤੀ ਅਤੇ ਲੋਕਾਂ ਦਾ ਸਹਿਯੋਗ ਹੀ ਸਮਾਜ ਦੇ ਵਿਕਾਸ ਦਾ ਇਕਲੌਤਾ ਸਾਧਨ ਹੈ।