ਕੋਲਕਾਤਾ- ਸੁਪਰੀਮ ਕੋਰਟ ਵੱਲੋਂ ਬੀਤੇ ਦਿਨ ਪੱਛਮੀ ਬੰਗਾਲ ਵਿੱਚ ਪ੍ਰਦਰਸ਼ਨਕਾਰੀ ਜੂਨੀਅਰ ਡਾਕਟਰਾਂ ਨੂੰ ਅੱਜ ਸ਼ਾਮ 5 ਵਜੇ ਤੱਕ ਡਿਊਟੀ ’ਤੇ ਪਰਤਣ ਦੇ ਦਿੱਤੇ ਗਏ ਹੁਕਮਾਂ ਦੇ ਬਾਵਜੂਦ ਉਨ੍ਹਾਂ ਆਪਣੇ ਪ੍ਰਦਰਸ਼ਨ ਜਾਰੀ ਰੱਖੇ। ਡਾਕਟਰ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਜੂਨੀਅਰ ਡਾਕਟਰ ਨਾਲ ਜਬਰ-ਜਨਾਹ ਅਤੇ ਹੱਤਿਆ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਹਨ। ਪ੍ਰਦਰਸ਼ਨਕਾਰੀ ਡਾਕਟਰਾਂ ਨੇ ਅੱਜ ਡਿਊਟੀ ’ਤੇ ਜਾਣ ਦੀ ਬਜਾਏ ਸਾਲਟ ਲੇਕ ਸਥਿਤ ਸੂਬੇ ਦੇ ਸਿਹਤ ਵਿਭਾਗ ਦੇ ਮੁੱਖ ਦਫ਼ਤਰ ‘ਸਵਾਸਥ ਭਵਨ’ ਸਾਹਮਣੇ ਅਣਮਿੱਥੇ ਸਮੇਂ ਲਈ ਧਰਨਾ ਜਾਰੀ ਰੱਖਿਆ।
ਇਸ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਸ਼ਾਮ ਸਿਹਤ ਸਕੱਤਰ ਐੱਨਐੱਸ ਨਿਗਮ ਰਾਹੀਂ ਪ੍ਰਦਰਸ਼ਨਕਾਰੀ ਜੂਨੀਅਰ ਡਾਕਟਰਾਂ ਨੂੰ ਰਾਜ ਸਕੱਤਰੇਤ ਵਿੱਚ ਮੀਟਿੰਗ ਲਈ ਸੱਦਾ ਭੇਜਿਆ। ਇਸ ਸਬੰਧੀ ਜੂਨੀਅਰ ਡਾਕਟਰ ਨੇ ਪੱਤਰਕਾਰਾਂ ਨੂੰ ਕਿਹਾ, ‘ਸਾਨੂੰ ਰਾਜ ਸਕੱਤਰੇਤ ਤੋਂ ਕੋਈ ਈਮੇਲ ਨਹੀਂ ਮਿਲੀ। ਸਾਨੂੰ ਸਿਹਤ ਸਕੱਤਰ ਤੋਂ ਜ਼ਰੂਰ ਈਮੇਲ ਮਿਲੀ, ਜਿਸ ਦਾ ਅਸੀਂ ਅਸਤੀਫਾ ਮੰਗ ਰਹੇ ਹਾਂ। ਇਹ ਸਾਡਾ ਅਪਮਾਨ ਹੈ।’ ਉਸ ਨੇ ਕਿਹਾ ਕਿ ਉਹ ਵਿਰੋਧ ਅਤੇ ਹੜਤਾਲ ਜਾਰੀ ਰੱਖਣਗੇ। ਸੋਮਵਾਰ ਨੂੰ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੇ ਬੈਂਚ ਨੇ ਕਿਹਾ ਸੀ ਕਿ ਜੇ ਜੂਨੀਅਰ ਡਾਕਟਰ ਮੰਗਲਵਾਰ ਸ਼ਾਮ ਪੰਜ ਵਜੇ ਤੱਕ ਡਿਊਟੀ ’ਤੇ ਪਰਤ ਜਾਂਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਇਸ ਦੇ ਬਾਵਜੂਦ ਜੂਨੀਅਰ ਡਾਕਟਰਾਂ ਨੇ ਬੀਤੀ ਰਾਤ ਹੀ ਪ੍ਰਦਰਸ਼ਨ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਸੀ ਅਤੇ ਅੱਜ ਦੁਪਹਿਰ ਉਨ੍ਹਾਂ ਸਿਹਤ ਵਿਭਾਗ ਦੇ ਮੁੱਖ ਦਫਤਰ ਵੱਲ ਮਾਰਚ ਕੀਤਾ। ਪ੍ਰਦਰਸ਼ਨਕਾਰੀਆਂ ਦੀਆਂ ਤਾਜ਼ਾ ਮੰਗਾਂ ਵਿੱਚ ਸੂਬੇ ਦੇ ਸਿਹਤ ਸਕੱਤਰ, ਸਿਹਤ ਸੇਵਾਵਾਂ ਦੇ ਨਿਰਦੇਸ਼ਕ ਅਤੇ ਮੈਡੀਕਲ ਸਿੱਖਿਆ ਦੇ ਡਾਇਰੈਕਟਰ ਨੂੰ ਮੁਅੱਤਲ ਕਰਨਾ ਸ਼ਾਮਲ ਹੈ।
ਸੰਦੀਪ ਘੋਸ਼ ਤੇ ਉਸ ਦੇ ਸਾਥੀਆਂ ਦੀ ਨਿਆਂਇਕ ਹਿਰਾਸਤ ਵਧਾਈ
ਕੋਲਕਾਤਾ: ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਅੱਜ ਕਥਿਤ ਵਿੱਤੀ ਬੇਨਿਯਮੀਆਂ ਦੇ ਮਾਮਲੇ ਵਿੱਚ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼, ਉਸ ਦੇ ਸੁਰੱਖਿਆ ਕਰਮਚਾਰੀ ਅਫਸਾਰ ਅਲੀ ਅਤੇ ਦੋ ਕਥਿਤ ਸਹਿਯੋਗੀਆਂ (ਬਿਪਲਬ ਸਿਨਹਾ ਅਤੇ ਸੁਮਨ ਹਜ਼ਾਰਾ) ਦੀ ਨਿਆਂਇਕ ਹਿਰਾਸਤ 23 ਸਤੰਬਰ ਤੱਕ ਵਧਾ ਦਿੱਤੀ ਹੈ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਅਦਾਲਤ ਨੂੰ ਕਿਹਾ ਕਿ ਜੇ ਲੋੜ ਪਈ ਤਾਂ ਉਹ ਦੁਬਾਰਾ ਹਿਰਾਸਤ ਵਧਾਉਣ ਦੀ ਮੰਗ ਕਰਨਗੇ।