ਸ਼ਿਮਲਾ-ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੇ ਪਹਿਲੇ ਦਿਨ ਅੱਜ ਮੰਡੀ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਵੱਲੋਂ ਕਿਸਾਨਾਂ ਬਾਰੇ ਦਿੱਤੇ ਵਿਵਾਦਤ ਬਿਆਨ ਨੂੰ ਲੈ ਕੇ ਸਦਨ ’ਚ ਹੰਗਾਮਾ ਹੋਇਆ। ਸੂਬੇ ਦੇ ਵਿਗੜ ਰਹੇ ਅਮਨ-ਕਾਨੂੰਨ ਦੇ ਹਾਲਾਤ ਅਤੇ ਕੰਗਨਾ ਦੇ ਬਿਆਨ ਨੂੰ ਲੈ ਕੇ ਹੁਕਮਰਾਨ ਕਾਂਗਰਸ ਅਤੇ ਮੁੱਖ ਵਿਰੋਧੀ ਧਿਰ ਭਾਜਪਾ ਦੇ ਮੈਂਬਰਾਂ ਵਿਚਕਾਰ ਤਿੱਖੀ ਬਹਿਸ ਹੋਈ।
ਸਦਨ ’ਚ ਵਿਛੜੇ ਆਗੂਆਂ ਨੂੰ ਸ਼ਰਧਾਂਜਲੀਆਂ ਦੇਣ ਮਗਰੋਂ ਵਿਰੋਧੀ ਧਿਰ ਦੇ ਆਗੂ ਅਤੇ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਨਿਯਮ 67 ਤਹਿਤ ਸੂਬੇ ’ਚ ਕਾਨੂੰਨ ਵਿਵਸਥਾ ਦੇ ਮੁੱਦੇ ’ਤੇ ਚਰਚਾ ਦੀ ਮੰਗ ਕੀਤੀ। ਉਨ੍ਹਾਂ ਬੱਦੀ, ਪਾਲਮਪੁਰ ਅਤੇ ਹੋਰ ਥਾਵਾਂ ’ਤੇ ਵਾਪਰੀਆਂ ਘਟਨਾ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ’ਤੇ ਮਾੜੇ ਪ੍ਰਬੰਧਾਂ ਦਾ ਦੋਸ਼ ਲਾਉਂਦਿਆਂ ਕਿਹਾ ਕਿ ਬਹੁਤ ਸਾਰੇ ਆਈਪੀਐੱਸ ਅਧਿਕਾਰੀਆਂ ਨੂੰ ਫੀਲਡ ਵਿੱਚ ਤਾਇਨਾਤ ਕਰਨ ਦੀ ਬਜਾਏ ਰਿਜ਼ਰਵ ਵਿੱਚ ਰੱਖਿਆ ਜਾ ਰਿਹਾ ਹੈ। ਹੰਗਾਮੇ ਦੌਰਾਨ ਵਿਰੋਧੀ ਧਿਰ ਦੇ ਮੈਂਬਰ ਨਾਅਰੇਬਾਜ਼ੀ ਕਰਦੇ ਹੋਏ ਸਦਨ ’ਚੋਂ ਵਾਕਆਊਟ ਕਰ ਗਏ। ਸੰਸਦੀ ਮਾਮਲਿਆਂ ਬਾਰੇ ਮੰਤਰੀ ਹਰਸ਼ਵਰਧਨ ਚੌਹਾਨ ਨੇ ਕੰਗਨਾ ਦੀ ਟਿੱਪਣੀ ਦੀ ਨਿੰਦਾ ਕਰਨ ਵਾਲਾ ਮਤਾ ਪੇਸ਼ ਕੀਤਾ। ਉਨ੍ਹਾਂ ਕਿਹਾ, ‘‘ਕੰਗਨਾ ਦੀ ਟਿੱਪਣੀ ਪੂਰੇ ਦੇਸ਼ ਦੇ ਕਿਸਾਨਾਂ ਦਾ ਅਪਮਾਨ ਹੈ। ਵਿਰੋਧੀ ਧਿਰ ਸਦਨ ਤੋਂ ਬਾਹਰ ਚਲੀ ਗਈ ਹੈ, ਪਰ ਅਸੀਂ ਇਸ ਮੁੱਦੇ ’ਤੇ ਭਾਜਪਾ ਦਾ ਸਟੈਂਡ ਜਾਣਨਾ ਚਾਹੁੰਦੇ ਹਾਂ। ਕਿਸਾਨਾਂ ਨੂੰ ਬਲਾਤਕਾਰੀ ਅਤੇ ਅਤਿਵਾਦੀ ਕਹਿਣਾ ਮੰਦਭਾਗਾ ਹੈ।’’ ਵਿਰੋਧੀ ਧਿਰ ਦੇ ਸਦਨ ’ਚ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਕੰਗਨਾ ਦੀ ਟਿੱਪਣੀ ’ਤੇ ਭਾਜਪਾ ਦਾ ਰੁਖ਼ ਜਾਣਨਾ ਚਾਹਿਆ। ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਨੇ ਕਿਹਾ, ‘‘ਸਾਡੀ ਪਾਰਟੀ ਪਹਿਲਾਂ ਹੀ ਇਸ ਮੁੱਦੇ ਦੀ ਨਿੰਦਾ ਕਰ ਚੁੱਕੀ ਹੈ। ਇਸ ਲਈ ਮੁੱਦੇ ਨੂੰ ਸਦਨ ਵਿੱਚ ਨਹੀਂ ਉਠਾਉਣਾ ਚਾਹੀਦਾ ਹੈ। ਇਸ ਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ ਹੈ।’’ ਇਸ ਮਗਰੋਂ ਦੋਵੇਂ ਧਿਰਾਂ ਦੇ ਮੈਂਬਰ ਖੜ੍ਹੇ ਹੋ ਗਏ ਅਤੇ ਹੰਗਾਮਾ ਸ਼ੁਰੂ ਹੋ ਗਿਆ। ਸਪੀਕਰ ਕੁਲਦੀਪ ਪਠਾਨੀਆ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਸਦਨ ਮੰਡੀ ਤੋਂ ਸੰਸਦ ਮੈਂਬਰ ਦੀ ਇਤਰਾਜ਼ਯੋਗ ਟਿੱਪਣੀ ਦੀ ਨਿੰਦਾ ਕਰਦਾ ਹੈ। ਪ੍ਰਸਤਾਵ ਦਾ ਸਮਰਥਨ ਕਰਦੇ ਹੋਏ ਵਿਧਾਇਕ ਕੁਲਦੀਪ ਰਾਠੌਰ ਨੇ ਕਿਹਾ ਕਿ ਵਿਰੋਧੀ ਧਿਰ ਦੀ ਪ੍ਰਤੀਕਿਰਿਆ ਤੋਂ ਪਤਾ ਲੱਗਦਾ ਹੈ ਕਿ ਉਹ ਵੀ ਕੰਗਨਾ ਦੀ ਟਿੱਪਣੀ ਦਾ ਸਮਰਥਨ ਕਰਦੇ ਹਨ। ਇਸ ਨਾਲ ਭਾਜਪਾ ਦੇ ਮੈਂਬਰ ਨਾਰਾਜ਼ ਹੋ ਗਏ ਅਤੇ ਉਹ ਨਾਅਰੇਬਾਜ਼ੀ ਕਰਦੇ ਹੋਏ ਸਦਨ ’ਚੋਂ ਵਾਕਆਊਟ ਕਰ ਗਏ। ਮਾਲ ਮੰਤਰੀ ਜਗਤ ਸਿੰਘ ਨੇਗੀ ਨੇ ਕੰਗਨਾ ਦੀਆਂ ਭੜਕਾਊ ਟਿੱਪਣੀਆਂ ਲਈ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ। ਲੋਕ ਨਿਰਮਾਣ ਵਿਭਾਗ ਦੇ ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੰਡੀ ਦੀ ਸੰਸਦ ਮੈਂਬਰ ਵੱਲੋਂ ਦਿੱਤਾ ਗਿਆ ਬਿਆਨ ਉਨ੍ਹਾਂ ਦੇ ਬੌਧਿਕ ਦੀਵਾਲੀਏਪਣ ਨੂੰ ਦਰਸਾਉਂਦਾ ਹੈ।