ਨਵੀਂ ਦਿੱਲੀ/ਕੋਲਕਾਤਾ- ਸੁਪਰੀਮ ਕੋਰਟ ਨੇ ਕੋਲਕਾਤਾ ਦੇ ਆਰ. ਜੀ. ਕਰ ਮੈਡੀਕਲ ਕਾਲਜ ਹਸਪਤਾਲ ’ਚ ਟਰੇਨੀ ਡਾਕਟਰ ਦੇ ਕਥਿਤ ਜਬਰ-ਜਨਾਹ ਅਤੇ ਹੱਤਿਆ ਕੇਸ ਦਾ ਖੁਦ ਹੀ ਨੋਟਿਸ ਲੈਂਦਿਆਂ 20 ਅਗਸਤ ਨੂੰ ਸੁਣਵਾਈ ਕਰਨ ਦਾ ਫ਼ੈਸਲਾ ਲਿਆ ਹੈ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਹੇਠਲੇ ਬੈਂਚ ਵੱਲੋਂ ਇਸ ਮਾਮਲੇ ਦੀ ਸੁਣਵਾਈ ਕੀਤੀ ਜਾਵੇਗੀ। ਸੁਪਰੀਮ ਕੋਰਟ ਦੀ ਵੈੱਬਸਾਈਟ ’ਤੇ ਅਪਲੋਡ 20 ਅਗਸਤ ਦੇ ਸੂਚੀਬੱਧ ਕੇਸਾਂ ’ਚ ਡਾਕਟਰ ਨਾਲ ਜਬਰ-ਜਨਾਹ ਅਤੇ ਹੱਤਿਆ ਦਾ ਮਾਮਲਾ ਵੀ ਸ਼ਾਮਲ ਹੈ। ਕਲਕੱਤਾ ਹਾਈ ਕੋਰਟ ਨੇ ਇਸ ਮਾਮਲੇ ਦੀ ਜਾਂਚ ਕੋਲਕਾਤਾ ਪੁਲੀਸ ਤੋਂ ਲੈ ਕੇ ਸੀਬੀਆਈ ਹਵਾਲੇ ਕਰ ਦਿੱਤੀ ਸੀ।
ਉਧਰ ਕੋਲਕਾਤਾ ’ਚ ਡਾਕਟਰਾਂ ਨੇ ਵਰ੍ਹਦੇ ਮੀਂਹ ’ਚ ਐਤਵਾਰ ਨੂੰ ਰੋਸ ਮਾਰਚ ਕੀਤਾ। ਵੱਖ ਵੱਖ ਮੈਡੀਕਲ ਕਾਲਜਾਂ ਦੇ ਵਿਦਿਆਰਥੀਆਂ ਨੇ ਹੱਥਾਂ ’ਚ ਪੋਸਟਰ ਅਤੇ ਬੈਨਰ ਫੜੇ ਹੋਏ ਸਨ ਅਤੇ ਉਹ 9 ਅਗਸਤ ਨੂੰ ਵਾਪਰੀ ਘਟਨਾ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦੇਣ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕਰ ਰਹੇ ਸਨ। ਡਾਕਟਰਾਂ ਨੇ ਕਾਲਜ ਸਟਰੀਟ ਤੋਂ ਸ਼ਿਆਮ ਬਾਜ਼ਾਰ ਤੱਕ ਪੈਦਲ ਮਾਰਚ ਕੱਢਿਆ। ਉਨ੍ਹਾਂ ਸੀਬੀਆਈ ਵੱਲੋਂ ਕੀਤੀ ਜਾ ਰਹੀ ਜਾਂਚ ਛੇਤੀ ਮੁਕੰਮਲ ਕਰਨ ਦੀ ਵੀ ਮੰਗ ਕੀਤੀ।
ਇਸ ਦੌਰਾਨ ਕੋਲਕਾਤਾ ਪੁਲੀਸ ਨੇ ਆਰ. ਜੀ. ਕਰ ਮੈਡੀਕਲ ਕਾਲਜ ਤੇ ਹਸਪਤਾਲ ਨੇੜੇ 24 ਅਗਸਤ ਤੱਕ ਮੀਟਿੰਗਾਂ ਕਰਨ ਅਤੇ ਪੰਜ ਵਿਅਕਤੀਆਂ ਤੋਂ ਜ਼ਿਆਦਾ ਦੇ ਇਕੱਠੇ ਹੋਣ ’ਤੇ ਪਾਬੰਦੀ ਲਗਾ ਦਿੱਤੀ ਹੈ। ਮਹਿਲਾ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਦੇ ਮਾਮਲੇ ’ਚ ਹਸਪਤਾਲ ਰੋਸ ਪ੍ਰਦਰਸ਼ਨਾਂ ਦਾ ਕੇਂਦਰ ਬਣ ਗਿਆ ਹੈ। ਕੋਲਕਾਤਾ ਪੁਲੀਸ ਨੇ ਹਸਪਤਾਲ ਦੇ ਆਲੇ-ਦੁਆਲੇ ਭਾਰਤੀ ਨਿਆਏ ਸੰਹਿਤਾ ਦੀ ਧਾਰਾ 163(2) ਲਾਗੂ ਕਰ ਦਿੱਤੀ ਹੈ। ਇਹ ਹੁਕਮ ਹਸਪਤਾਲ ਤੋਂ ਲੈ ਕੇ ਸ਼ਿਆਮ ਬਾਜ਼ਾਰ ਫਾਈਵ ਪੁਆਇੰਟ ਕਰਾਸਿੰਗ ਤੱਕ ਲਾਗੂ ਰਹਿਣਗੇ। ਇਸੇ ਦੌਰਾਨ ਅੱਜ ਦੇਸ਼ ਭਰ ਵਿੱਚ ਡਾਕਟਰਾਂ ਤੇ ਹੋਰ ਮੈਡੀਕਲ ਅਮਲੇ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ। ਉੱਧਰ, ਪੰਜਾਬ ਵਿੱਚ ਸੂਬਾ ਸਰਕਾਰ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਪਟਿਆਲਾ ਸਥਿਤ ਰਾਜਿੰਦਰਾ ਹਸਪਤਾਲ ’ਚ ਡਾਕਟਰਾਂ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ।