ਕੋਲਕਾਤਾ- ਪੱਛਮੀ ਬੰਗਾਲ ਦੇ ਰਾਜਪਾਲ ਸੀਵੀ ਆਨੰਦ ਬੋਸ ਨੇ ਆਰਜੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਹੋਈ ਤੋੜ-ਭੰਨ ਤੋਂ ਬਾਅਦ ਹਾਲਤਾਂ ਦਾ ਜਾਇਜ਼ਾ ਲੈਣ ਲਈ ਅੱਜ ਇਥੋਂ ਦਾ ਦੌਰਾ ਕੀਤਾ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਇਸ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਇਕ ਮਹਿਲਾ ਡਾਕਟਰ ਮ੍ਰਿਤਕ ਹਾਲਤ ਵਿਚ ਮਿਲੀ ਸੀ। ਡਾਕਟਰ ਨਾਲ ਜਬਰ-ਜਨਾਹ ਅਤੇ ਬਾਅਦ ਵਿਚ ਉਸਦੀ ਹੱਤਿਆ ਕੀਤੇ ਜਾਣ ਦੇ ਵਿਰੋਧ ਪ੍ਰਦਰਸ਼ਨਾਂ ਵਿਚਕਾਰ ਬੀਤੀ ਰਾਤ ਹਸਤਪਾਲ ਵਿੱਚ ਤੋੜ ਭੰਨ ਕੀਤੀ ਗਈ। ਇਸ ਦੌਰਾਨ ਰਾਜਪਾਲ ਬੋਸ ਨੇ ਪ੍ਰਦਰਸ਼ਨਕਾਰੀ ਡਾਕਟਰਾਂ ਨੂੰ ਮਿਲ ਕੇ ਵਿਸ਼ਵਾਸ ਦਿੰਦਿਆਂ ਕਿਹਾ, ‘‘ਮੈਂ ਤੁਹਾਡੇ ਨਾਲ ਹਾਂ, ਅਸੀਂ ਸਭ ਮਿਲ ਕੇ ਇਸ ਮਸਲੇ ਨੂੰ ਸੁਲਾਝਾਉਣ ਲਈ ਕੰਮ ਕਰਾਂਗੇ ਅਤੇ ਮੈਂ ਤੁਹਾਨੂੰ ਨਿਆਂ ਦਾ ਵਿਸ਼ਵਾਸ ਦਿੰਦਾ ਹਾਂ।’’
ਜਾਣਕਾਰੀ ਦਿੰਦਿਆਂ ਇਕ ਅਧਿਕਾਰੀ ਨੇ ਦੱਸਿਆ ਕਿ ਕੋਲਕਾਤਾ ਦੇ ਵੱਖ-ਵੱਖ ਸਰਕਾਰੀ ਮੈਡੀਕਲ ਅਦਾਰਿਆਂ ਦੇ ਘੱਟੋ-ਘੱਟ 20 ਡਾਕਟਰਾਂ ਦੇ ਇੱਕ ਸਮੂਹ ਨੇ ਵੀਰਵਾਰ ਨੂੰ ਬੋਸ ਨਾਲ ਮੁਲਾਕਾਤ ਕੀਤੀ ਅਤੇ ਅਣਪਛਾਤੇ ਬਦਮਾਸ਼ਾਂ ਵੱਲੋਂ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਇੱਕ ਹਿੱਸੇ ਵਿੱਚ ਭੰਨਤੋੜ ਦੀ ਘਟਨਾ ਤੋਂ ਬਾਅਦ ਉਨ੍ਹਾਂ ਦੇ ਦਖ਼ਲ ਦੀ ਮੰਗ ਕੀਤੀ। ਇਨ੍ਹਾਂ ਵਿਚ ਜ਼ਿਆਦਾਤਰ ਡਾਕਟਰ ਔਰਤਾਂ ਸਨ, ਜਿਨ੍ਹਾ ਨੇ ਬੋਸ ਨੂੰ ਦੱਸਿਆ ਕਿ ਉਹ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ।
ਰਾਜਪਾਲ ਦਫ਼ਤਰ ਨੇ ਵੀਰਵਾਰ ਨੂੰ ਇਕ ਅਭੇ ਪੋਰਟਲ ਵੀ ਸ਼ੁਰੂ ਕੀਤਾ ਜਿਸਦੀ ਮਦਦ ਨਾਲ ਕੋਈ ਵੀ ਡਾਕਟਰ ਜਾਂ ਆਮ ਆਦਮੀ ਕਿਸੇ ਵੀ ਪ੍ਰੇਸ਼ਾਨ ਦੌਰਾਨ ਫੋਨ ਕਰਕੇ ਸਹਾਇਤਾ ਮੰਗ ਸਕਦਾ ਹੈ।