ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਜ਼ਾਦੀ ਦਿਹਾੜੇ ਮੌਕੇ ਲਗਾਤਾਰ 11ਵੀਂ ਵਾਰ ਕੌਮੀ ਝੰਡਾ ਲਹਿਰਾਉਣਗੇ। ਇਸ ਮੌਕੇ ਲਾਲ ਕਿਲੇ ਦੀ ਫ਼ਸੀਲ ਤੋਂ ਆਪਣੇ ਸੰਬੋਧਨ ਦੌਰਾਨ ਜਿੱਥੇ ਉਹ ਆਪਣੀ ਸਰਕਾਰ ਦਾ ਏਜੰਡਾ ਰੱਖਦੇ ਹਨ ਉੱਥੇ ਹੀ ਰਿਪੋਰਟ ਕਾਰਡ ਵੀ ਪੇਸ਼ ਕਰਦੇ ਹਨ। ਉਹ ਅਹਿਮ ਨੀਤੀਆਂ ਤੇ ਪ੍ਰੋਗਰਾਮਾਂ ਦਾ ਐਲਾਨ ਕਰਨ ਦੇ ਨਾਲ ਨਾਲ ਦੇਸ਼ ਸਾਹਮਣੇ ਭਖ਼ਦੇ ਮੁੱਦਿਆਂ ਦੀ ਵੀ ਗੱਲ ਕਰਦੇ ਹਨ।
ਆਜ਼ਾਦੀ ਦਿਹਾੜੇ ਮੌਕੇ ਆਪਣੇ ਤੀਜੇ ਕਾਰਜਕਾਲ ਦੇ ਪਹਿਲੇ ਸੰਬੋਧਨ ਨਾਲ ਉਹ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਪਿੱਛੇ ਛੱਡ ਦੇਣਗੇ। ਡਾ. ਮਨਮੋਹਨ ਸਿੰਘ ਨੇ 2004 ਤੋਂ 2014 ਤੱਕ ਲਾਲ ਕਿਲੇ ਦੀ ਫ਼ਸੀਲ ਤੋਂ 10 ਵਾਰ ਤਿਰੰਗਾ ਲਹਿਰਾਇਆ ਸੀ। ਇਸ ਮਾਮਲੇ ’ਚ ਮੋਦੀ, ਜਵਾਹਰ ਲਾਲ ਨਹਿਰੂ ਤੇ ਇੰਦਰਾ ਗਾਂਧੀ ਮਗਰੋਂ ਤੀਜੇ ਸਥਾਨ ’ਤੇ ਪਹੁੰਚ ਗਏ ਹਨ। ਨਹਿਰੂ ਨੂੰ ਇਹ ਸਨਮਾਨ 17 ਵਾਰ ਅਤੇ ਇੰਦਰਾ ਗਾਂਧੀ ਨੂੰ 16 ਵਾਰ ਮਿਲਿਆ ਸੀ। ਮੋਦੀ ਦੇ ਭਾਸ਼ਣ ’ਚ ‘ਵਿਕਸਿਤ ਭਾਰਤ’ ਦਾ ਵਿਸ਼ਾ ਪ੍ਰਮੁੱਖਤਾ ਨਾਲ ਛਾਇਆ ਰਹਿ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਆਪਣੇ ਸੰਬੋਧਨ ਦੌਰਾਨ ਬੰਗਲਾਦੇਸ਼ ਸੰਕਟ ਅਤੇ ਵਿਸ਼ੇਸ਼ ਤੌਰ ’ਤੇ ਘੱਟ ਗਿਣਤੀ ਹਿੰਦੂਆਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਵੀ ਜ਼ਿਕਰ ਕਰ ਸਕਦੇ ਹਨ। ਅਜਿਹਾ ਇਸ ਲਈ ਹੋ ਸਕਦਾ ਹੈ ਕਿ ਕਈ ਹਿੰਦੂ ਸੰਗਠਨਾਂ ਨੇ ਇਹ ਮੁੱਦਾ ਜ਼ੋਰਦਾਰ ਢੰਗ ਨਾਲ ਚੁੱਕਿਆ ਹੈ ਅਤੇ ਉਹ ਬੰਗਲਾਦੇਸ਼ ’ਚ ਘੱਟ ਗਿਣਤੀਆਂ ਨਾਲ ਹੋ ਰਹੀ ਹਿੰਸਾ ਦੇ ਵਿਰੋਧ ’ਚ ਸੜਕਾਂ ’ਤੇ ਉਤਰ ਆਏ ਹਨ।
ਮੋਦੀ ਘੱਟ ਬਹੁਮਤ ਨਾਲ ਲਗਾਤਾਰ ਤੀਜੀ ਵਾਰ ਆਪਣੀ ਸਰਕਾਰ ਨੂੰ ਮਿਲੇ ਲੋਕ ਫ਼ਤਵੇ ਬਾਰੇ ਵੀ ਬੋਲ ਸਕਦੇ ਹਨ ਅਤੇ ਇਸ ਗੱਲ ’ਤੇ ਵਿਸਥਾਰ ਨਾਲ ਚਰਚਾ ਕਰ ਸਕਦੇ ਹਨ ਕਿ ਪਿਛਲੇ 10 ਸਾਲਾਂ ’ਚ ਸ਼ੁਰੂ ਕੀਤੇ ਗਏ ਸੁਧਾਰਾਂ, ਵਿਕਾਸ ਪ੍ਰੋਗਰਾਮਾਂ ਤੇ ਲੋਕ ਭਲਾਈ ਯੋਜਨਾਵਾਂ ਨੇ ਲੋਕਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਪ੍ਰਭਾਵਿਤ ਕੀਤੀ ਹੈ।