21 Dec 2024

ਉੱਤਰੀ ਭਾਰਤ ’ਚ ਆਫ਼ਤ ਬਣ ਕੇ ਵਰ੍ਹਿਆ ਮੀਂਹ

ਸ਼ਿਮਲਾ- ਉੱਤਰੀ ਭਾਰਤ ਵਿੱਚ ਭਾਰੀ ਮੀਂਹ ਪੈਣ ਤੇ ਬੱਦਲ ਫਟਣ ਦੀਆਂ ਘਟਨਾਵਾਂ ’ਚ ਘੱਟ ਤੋਂ ਘੱਟ 17 ਜਣਿਆਂ ਦੀ ਮੌਤ ਹੋ ਗਈ ਤੇ ਕਈ ਲੋਕ ਲਾਪਤਾ ਹੋ ਗਏ ਹਨ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਭਾਰੀ ਮੀਂਹ ਕਾਰਨ ਕਈ ਥਾਵਾਂ ’ਤੇ ਮਕਾਨਾਂ, ਪੁਲਾਂ ਤੇ ਸੜਕਾਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਕੁੱਲੂ ’ਚ ਨਿਰਮੰਡ, ਸੈਂਜ ਤੇ ਮਲਾਣਾ, ਮੰਡੀ ’ਚ ਪਧਾਰ ਤੇ ਸ਼ਿਮਲਾ ਦੇ ਰਾਮਪੁਰ ’ਚ ਬੱਦਲ ਫਟਣ ਕਾਰਨ 5 ਜਣਿਆਂ ਦੀ ਮੌਤ ਹੋ ਗਈ ਤੇ 50 ਦੇ ਕਰੀਬ ਲੋਕ ਲਾਪਤਾ ਹੋ ਗਏ ਹਨ ਜਦਕਿ ਉੱਤਰਾਖੰਡ ’ਚ ਭਾਰੀ ਮੀਂਹ ਕਾਰਨ ਘੱਟ ਤੋਂ ਘੱਟ 12 ਜਣਿਆਂ ਦੀ ਮੌਤ ਹੋ ਗਈ ਹੈ ।
ਸ਼ਿਮਲਾ ਦੇ ਐੱਸਪੀ ਸੰਜੀਵ ਕੁਮਾਰ ਗਾਂਧੀ ਨੇ ਦੱਸਿਆ ਕਿ ਲੰਘੀ ਰਾਤ ਸ਼੍ਰੀਖੰਡ ਮਹਾਦੇਵ ਨੇੜੇ ਬੱਦਲ ਫਟਣ ਕਾਰਨ ਸਰਪਾਰਾ, ਗਨਵੀ ਤੇ ਕੁਰਬਨ ਨਾਲਿਆਂ ’ਚ ਹੜ੍ਹ ਆ ਗਏ ਜਿਸ ਕਾਰਨ ਰਾਮਪੁਰ ਸਬ-ਡਿਵੀਜ਼ਨ ਦੀ ਸਮੇਜ ਖੱਡ ’ਚ ਪਾਣੀ ਦਾ ਪੱਧਰ ਵਧ ਗਿਆ ਹੈ। ਉਨ੍ਹਾਂ ਦੱਸਿਆ ਇੱਥੇ ਦੋ ਜਣਿਆਂ ਦੀ ਮੌਤ ਹੋ ਗਈ ਹੈ ਤੇ 30 ਦੇ ਕਰੀਬ ਲੋਕ ਲਾਪਤਾ ਹੋਏ ਹਨ। ਚਾਰ ਵਿਅਕਤੀਆਂ ਨੂੰ ਮੌਕੇ ’ਤੇ ਬਚਾ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਢਿੱਗਾਂ ਡਿੱਗਣ ਕਾਰਨ ਮਨਾਲੀ-ਚੰਡੀਗੜ੍ਹ ਕੌਮੀ ਮਾਰਗ ਕਈ ਥਾਵਾਂ ’ਤੇ ਨੁਕਸਾਨਿਆ ਗਿਆ ਹੈ। ਸ਼ਿਮਲਾ ਦੇ ਡੀਸੀ ਤੇ ਐੱਸਪੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਦੀਆਂ ਟੀਮਾਂ ਬਚਾਅ ਕਾਰਜਾਂ ’ਚ ਲੱਗੀਆਂ ਹੋਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮੰਡੀ ਜ਼ਿਲ੍ਹੇ ਦੀ ਪਧਾਰ ਸਬ-ਡਿਵੀਜ਼ਨ ਦੇ ਰਾਜਬਨ ਪਿੰਡ ’ਚ ਬੱਦਲ ਫਟਿਆ ਹੈ ਜਿਸ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਤੇ ਸੱਤ ਵਿਅਕਤੀ ਲਾਪਤਾ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਹੜ੍ਹਾਂ ਕਾਰਨ ਦੋ ਘਰ ਰੁੜ੍ਹ ਗਏ ਹਨ। ਇਸੇ ਤਰ੍ਹਾਂ ਕੁੱਲੂ ਜ਼ਿਲ੍ਹੇ ਦੇ ਨਿਰਮੰਡ ਬਲਾਕ ’ਚ ਵੀ ਬੱਦਲ ਫਟਿਆ ਹੈ ਜਿਸ ਕਾਰਨ ਸੱਤ ਵਿਅਕਤੀ ਲਾਪਤ ਹੋਏ ਹਨ ਤੇ 8-9 ਘਰ ਰੁੜ੍ਹ ਗਏ ਹਨ। ਸੁਰੱਖਿਆ ਬਲਾਂ ਦੇ ਜਵਾਨ ਬਚਾਅ ਕਾਰਜਾਂ ’ਚ ਜੁਟੇ ਹੋਏ ਹਨ। ਕੁੱਲੂ ਦੀ ਡਿਪਟੀ ਕਮਿਸ਼ਨਰ ਤੋਰੁਲ ਐੱਸ ਰਵੀਸ਼ ਨੇ ਦੱਸਿਆ ਕਿ ਮਲਾਣਾ ਡੈਮ ਟੁੱਟਣ ਦੀ ਵੀ ਰਿਪੋਰਟ ਹੈ ਪਰ ਸਥਿਤੀ ਕਾਬੂ ਹੇਠ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੁਝ ਲੋਕ ਮਲਾਣਾ-1 ਪਣ ਬਿਜਲੀ ਪ੍ਰਾਜੈਕਟ ’ਚ ਫਸ ਗਏ ਹਨ। ਉਹ ਜ਼ਮੀਨਦੋਜ਼ ਇਮਾਰਤਾਂ ’ਚ ਹਨ ਤੇ ਸੁਰੱਖਿਅਤ ਹਨ ਅਤੇ ਐੱਨਡੀਆਰਐੱਫ ਤੇ ਹੋਮਗਾਰਡ ਦੇ ਜਵਾਨ ਉਨ੍ਹਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ ।
ਇਸ ਮਾਮਲੇ ’ਚ ਹੰਗਾਮੀ ਮੀਟਿੰਗ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬੇ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਲੰਘੀ ਰਾਤ ਤੋਂ ਪੈ ਰਹੇ ਮੀਂਹ ਕਾਰਨ ਸ਼ਿਮਲਾ, ਕੁੱਲੂ ਤੇ ਮੰਡੀ ਜ਼ਿਲ੍ਹਿਆਂ ’ਚ ਵੱਡਾ ਨੁਕਸਾਨ ਹੋਇਆ ਹੈ ਅਤੇ ਤਕਰੀਬਨ 50 ਲੋਕ ਲਾਪਤਾ ਹਨ ਤੇ ਮਨਾਲੀ ਦਾ ਸੜਕੀ ਸੰਪਰਕ ਟੁੱਟ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਮਦਦ ਮੁਹੱਈਆ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸੂਬੇ ’ਚ ਕਈ ਸੜਕਾਂ ਆਵਾਜਾਈ ਲਈ ਬੰਦ ਹਨ। ਕੇਂਦਰੀ ਮੰਤਰੀ ਜੇਪੀ ਨੱਢਾ ਨੇ ਮੁੱਖ ਮੰਤਰੀ ਤੋਂ ਵਿਸਥਾਰਤ ਰਿਪੋਰਟ ਮੰਗ ਕੇ ਕੇਂਦਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਇਸੇ ਤਰ੍ਹਾਂ ਉੱਤਰਾਖੰਡ ਵਿਚ ਲੰਘੀ ਰਾਤ ਤੋਂ ਪੈ ਰਹੇ ਭਾਰੀ ਮੀਂਹ ਕਰਕੇ ਇਕ ਪਰਿਵਾਰ ਦੇ ਤਿੰਨ ਜੀਆਂ ਸਣੇ 12 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਛੇ ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਮੀਂਹ ਕਰਕੇ ਕਈ ਥਾਵਾਂ ’ਤੇ ਘਰ ਢਹਿ ਗਏ ਤੇ ਇਲਾਕਿਆਂ ਵਿਚ ਪਾਣੀ ਭਰ ਗਿਆ। ਸੂਬੇ ਵਿਚ ਕਈ ਦਰਿਆਵਾਂ ’ਚ ਪਾਣੀ ਦਾ ਪੱਧਰ ਵਧ ਗਿਆ। ਦੇਹਰਾਦੂਨ, ਹਲਦਵਾਨੀ ਤੇ ਚਮੋਲੀ ਵਿਚ ਮੀਂਹ ਨਾਲ ਸਬੰਧਤ ਘਟਨਾਵਾਂ ’ਚ ਚਾਰ ਵਿਅਕਤੀ ਲਾਪਤਾ ਹਨ। ਇਸ ਦੌਰਾਨ ਮੁੱਖ ਮੰਤਰੀ ਧਾਮੀ ਨੇ ਅੱਜ ਸਵੇਰੇ ਆਫ਼ਤ ਪ੍ਰਬੰਧਨ ਸੈਂਟਰ ਦਾ ਦੌਰਾ ਕਰਕੇ ਸੂਬੇ ਵਿਚ ਹਾਲਾਤ ਦਾ ਜਾਇਜ਼ਾ ਲਿਆ ਤੇ ਅਧਿਕਾਰੀਆਂ ਨੂੰ ਚੌਕਸ ਰਹਿਣ ਦੀ ਹਦਾਇਤ ਕੀਤੀ ਹੈ। ਆਫ਼ਤ ਪ੍ਰਬੰਧਨ ਸਕੱਤਰ ਵਿਨੋਦ ਕੁਮਾਰ ਸੁਮਨ ਨੇ ਕਿਹਾ ਕਿ ਭੀਮਬਾਲੀ ਚੌਕੀ ਨੇੜੇ 20-25 ਮੀਟਰ ਫੁੱਟਪਾਥ ਰੁੜ੍ਹਨ ਤੇ ਢਿੱਗਾਂ ਡਿੱਗਣ ਨਾਲ ਕੇਦਾਰਨਾਥ ਰੂਟ ’ਤੇ 200 ਮੁਸਾਫ਼ਰ ਫਸ ਗਏ ਸਨ, ਜਿਨ੍ਹਾਂ ਨੂੰ ਸੁਰੱਖਿਅਤ ਕੱਢ ਲਿਆ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਕ ਫੇਸਬੁਕ ਪੋਸਟ ਵਿਚ ਕਿਹਾ ਕਿ ਕੇਦਾਰਨਾਥ ਰੂਟ ’ਤੇ ਫਸੇ ਸ਼ਰਧਾਲੂਆਂ ਨੂੰ ਐਮਰਜੈਂਸੀ ਹੈਲੀਪੈਡ ’ਤੇ ਲਿਆਂਦਾ ਗਿਆ ਹੈ। ਕੇਦਾਰਨਾਥ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੂੰ ਸੜਕ ਖੁੱਲ੍ਹਣ ਤੱਕ ਯਾਤਰਾ ਮੁਲਤਵੀ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਚਾਰਧਾਮ ਯਾਤਰਾ ਲਈ ਨਵੀਂ ਰਜਿਸਟਰੇਸ਼ਨ ਵੀ ਹਾਲ ਦੀ ਘੜੀ ਰੋਕ ਦਿੱਤੀ ਗਈ ਹੈ।
 

More in ਦੇਸ਼

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਅਤੇ ਸੁਝਾਵਾਂ ਲਈ ਉਨ੍ਹਾਂ...
ਨਵੀਂ ਦਿੱਲੀ: ਸੰਨ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਕੇਸ ’ਚ ਦਿੱਲੀ ਦੀ ਇਥੋਂ ਦੀ ਅਦਾਲਤ...
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਉਸ ਅਰਜ਼ੀ ’ਤੇ ਵਿਚਾਰ ਕਰਨ ’ਤੇ ਸਹਿਮਤੀ ਦੇ ਦਿੱਤੀ...
ਨਵੀਂ ਦਿੱਲੀ-ਮਰਹੂਮ ਰਾਜ ਕਪੂਰ ਦੇ ਪਰਿਵਾਰਕ ਮੈਂਬਰਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ...
ਚੰਡੀਗੜ੍ਹ- ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਾਈ ਗਈ ਸਜ਼ਾ ਦੌਰਾਨ ਡਿਉਟੀ ਨਿਭਾਉਂਦੇ ਹੋਏ ਅਕਾਲੀ...
ਹਸਨ-:ਟਰੇਨਿੰਗ ਪੂਰੀ ਕਰਨ ਤੋਂ ਬਾਅਦ ਹਸਨ ਜ਼ਿਲ੍ਹੇ ਵਿੱਚ ਆਪਣੀ ਪਹਿਲੀ ਪੋਸਟਿੰਗ ਲਈ ਜਾ ਰਹੇ...
ਨਵੀਂ ਦਿੱਲੀ- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੰਵਿਧਾਨ ਨੂੰ ਦੇਸ਼ ਦਾ ਸਭ ਤੋਂ ਪਵਿੱਤਰ ਗ੍ਰੰਥ...
ਚੰਡੀਗੜ੍ਹ-ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਮਨਵਾਉਣ ਲਈ ਪੰਜਾਬ ਤੇ ਹਰਿਆਣਾ ਦੇ ਬਾਰਡਰ ’ਤੇ...
ਜੌਰਜਟਾਊਨ (ਗੁਆਨਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਤੜਕੇ ਗੁਆਨਾ ਪੁੱਜਣ ’ਤੇ ਨਿੱਘਾ...
ਨਵੀਂ ਦਿੱਲੀ-ਉੱਘੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਕਿਹਾ ਹੈ ਕਿ ਜੇ ਸਰਕਾਰ ਦੇਸ਼ ’ਚ ਸਾਰੇ...
ਨਵੀਂ ਦਿੱਲੀ-ਡੈਨਮਾਰਕ ਦੀ ਵਿਕਟੋਰੀਆ ਕਜੇਅਰ ਥੇਲਵਿਗ ਨੇ ਸਾਲ 2024 ਦਾ ਮਿਸ ਯੂਨੀਵਰਸ ਦਾ ਖ਼ਿਤਾਬ...
ਲੰਡਨ [ਯੂਕੇ]-ਯੂਕੇ ਵਿੱਚ ਬ੍ਰਿਟਿਸ਼ ਹਿੰਦੂਆਂ ਅਤੇ ਭਾਰਤੀਆਂ ਦੀ ਇੱਕ ਸਮਾਜਿਕ ਲਹਿਰ ਇਨਸਾਈਟ...
Home  |  About Us  |  Contact Us  |  
Follow Us:         web counter