ਵਾਸ਼ਿੰਗਟਨ- ਭਾਰਤੀ-ਅਮਰੀਕੀ ਕਾਰੋਬਾਰੀ ਵੱਲੋਂ ਨਿਊ ਜਰਸੀ ਸਥਿਤ ਆਪਣੀ ਰਿਹਾਇਸ਼ ਦੇ ਬਾਹਰ ਸਥਾਪਿਤ ਕੀਤੇ ਬੌਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਦੇ ਆਦਮ-ਕੱਦ ਬੁੱਤ ਨੂੰ ਗੂਗਲ ਮੈਪਸ ਨੇ ਸੈਲਾਨੀਆਂ ਦੇ ਆਕਰਸ਼ਣ ਕੇਂਦਰ ਵਜੋਂ ਸੂਚੀਬੱਧ ਕੀਤਾ ਹੈ। ਗੋਪੀ ਸੇਠ ਨੇ ਬੱਚਨ ਦਾ ਮਨੁੱਖੀ ਆਕਾਰ ਦਾ ਬੁੱਤ ਅਗਸਤ 2022 ਵਿਚ ਨਿਊ ਯਾਰਕ ਦੇ ਮੈਨਹੱਟਨ ਤੋਂ 35 ਕਿਲੋਮੀਟਰ ਦੱਖਣ ਵੱਲ ਐਡੀਸਨ ਸ਼ਹਿਰ ਸਥਿਤ ਆਪਣੀ ਰਿਹਾਇਸ਼ ਦੇ ਬਾਹਰ ਲਗਾਇਆ ਸੀ।
ਸੇਠ ਨੇ ਐਤਵਾਰ ਨੂੰ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਸਾਡਾ ਘਰ ਸੈਲਾਨੀਆਂ ਨੂੰ ਖਿੱਚਣ ਵਾਲਾ ਸਭ ਤੋਂ ਮਕਬੂਲ ਕੇਂਦਰ ਬਣ ਗਿਆ ਹੈ… ਇਸ ਲਈ ਅਮਿਤਾਭ ਬੱਚਨ ਦੇ ਬੁੱਤ ਦਾ ਧੰਨਵਾਦ ਕਰਨਾ ਬਣਦਾ ਹੈ। ਗੂਗਲ ਸਰਚ ਵੱਲੋਂ ਪਛਾਣ/ਮਾਨਤਾ ਦਿੱਤੇ ਜਾਣ ਮਗਰੋਂ ਇਸ ਥਾਂ ਉੱਤੇ ਰੋਜ਼ਾਨਾ ਆਉਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।’’ ਸੇਠ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਭਾਰਤੀ ਸੁਪਰਸਟਾਰ ਦੇ ਪ੍ਰਸ਼ੰਸਕ ਇਸ ਥਾਂ ਆ ਰਹੇ ਹਨ। ਉਹ ਇਥੇ ਤਸਵੀਰਾਂ ਤੇ ਸੈਲਫੀਆਂ ਲੈਂਦੇ ਹਨ, ਤੇ ਇਨ੍ਹਾਂ ਵਿਚੋਂ ਬਹੁਤੇ ਇਸ ਨੂੰ ਇੰਸਟਾਗ੍ਰਾਮ ਤੇ ਐਕਸ ਜਿਹੇ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਪੋਸਟ ਕਰਦੇ ਹਨ। ਸੇਠ ਨੇ ਕਿਹਾ, ‘‘ਸ੍ਰੀ ਬੱਚਨ ਦੇ ਕੁੱਲ ਆਲਮ ਵਿਚ ਰਹਿੰਦੇ ਪ੍ਰਸ਼ੰਸਕ ਉਨ੍ਹਾਂ ਦਾ ਬੁੱਤ ਦੇਖਣ ਲਈ ਆਉਂਦੇ ਹਨ, ਰੋਜ਼ਾਨਾ ਪਰਿਵਾਰਾਂ ਦੀਆਂ 20 ਤੋਂ 25 ਕਾਰਾਂ ਆਉਂਦੀਆਂ ਹਨ। ਲੋਕ ਇਸ ਮਹਾਨ ਅਦਾਕਾਰ ਦੇ ਬੁੱਤ ਦੀ ਤਾਰੀਫ਼ ਕਰਦਿਆਂ ਗ੍ਰੀਟਿੰਗ ਕਾਰਡਜ਼ ਤੇ ਪੱਤਰ ਛੱਡ ਕੇ ਜਾਂਦੇ ਹਨ। ਸਾਡਾ ਘਰ ਇਸ ਗੱਲ ਦੀ ਸ਼ਾਹਦੀ ਭਰਦਾ ਹੈ ਕਿ ਸ੍ਰੀ ਬੱਚਨ ਨੂੰ ਆਲਮੀ ਪੱਧਰ ’ਤੇ ਲੋਕ ਪਿਆਰ ਤੇ ਪਸੰਦ ਕਰਦੇ ਹਨ। ਅਸੀਂ ਕੁੱਲ ਆਲਮ ਤੋਂ ਆਉਂਦੇ ਲੋਕਾਂ ਨੂੰ ਜੀ ਆਇਆਂ ਕਹਿਣ ਵਿਚ ਮਾਣ ਮਹਿਸੂਸ ਕਰਦੇ ਹਾਂ।’’