ਨਵੀਂ ਦਿੱਲੀ-ਭਾਰਤ ਤੇ ਬਰਤਾਨੀਆ ਨੇ ਅੱਜ ਮੁਕਤ ਵਪਾਰ ਸਮਝੌਤੇ ਬਾਰੇ ਗੱਲਬਾਤ ਅੱਗੇ ਵਧਾਉਣ ਸਬੰਧੀ ਚਰਚਾ ਕੀਤੀ। ਇਸ ਦੌਰਾਨ ਇਹ ਵੀ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਸਮਝੌਤਾ ਸੰਤੁਲਿਤ ਤੇ ਆਪਸੀ ਤੌਰ ’ਤੇ ਫਾਇਦੇਮੰਦ ਹੋਵੇ। ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਵਣਜ ਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਨੇ ਕਿਹਾ ਕਿ ਦੋਵੇਂ ਦੇਸ਼ਾਂ ਨੇ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ ਹੈ। ਉਨ੍ਹਾਂ ਇੱਥੇ ਬਰਤਾਨੀਆ ਦੇ ਵਪਾਰ ਤੇ ਕਾਰੋਬਾਰ ਮੰਤਰੀ ਜੋਨਾਥਨ ਰੈਨੌਲਡਜ਼ ਨਾਲ ਮੀਟਿੰਗ ਕੀਤੀ।
ਗੋਇਲ ਨੇ ਕਿਹਾ, ‘‘ਮੀਟਿੰਗ ਦੌਰਾਨ, ਸਾਡੀ ਚਰਚਾ ਭਾਰਤ-ਬਰਤਾਨੀਆ ਮੁਕਤ ਵਪਾਰ ਸਮਝੌਤੇ ਦੀ ਗੱਲਬਾਤ ਨੂੰ ਅੱਗੇ ਵਧਾਉਣ ਅਤੇ ਇਹ ਯਕੀਨੀ ਬਣਾਉਣ ’ਤੇ ਕੇਂਦਰਿਤ ਸੀ ਕਿ ਸਮਝੌਤਾ ਸੰਤੁਲਿਤ ਤੇ ਆਪਸੀ ਤੌਰ ’ਤੇ ਫਾਇਦੇਮੰਦ ਹੋਵੇ।’’ ਭਾਰਤ-ਬਰਤਾਨੀਆ ਐੱਫਟੀਏ ਗੱਲਬਾਤ 13 ਜਨਵਰੀ 2022 ਨੂੰ ਸ਼ੁਰੂ ਕੀਤੀ ਗਈ ਸੀ। ਸਮਝੌਤੇ ਦਾ ਉਦੇਸ਼ ਦੁਵੱਲੇ ਵਪਾਰ ਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਹੈ। ਅਜਿਹੇ ਸਮਝੌਤਿਆਂ ’ਚ ਦੋ ਦੇਸ਼ ਆਪਣੇ ਵਿਚਾਲੇ ਆਦਾਨ-ਪ੍ਰਦਾਨ ਕੀਤੀਆਂ ਜਾਣ ਵਾਲੀਆਂ ਜ਼ਿਆਦਾਤਰ ਵਸਤਾਂ ’ਤੇ ਕਸਟਮਜ਼ ਡਿਊਟੀਜ਼ ਨੂੰ ਜਾਂ ਤਾਂ ਖ਼ਤਮ ਕਰ ਦਿੰਦੇ ਹਨ ਜਾਂ ਕਾਫੀ ਘੱਟ ਕਰ ਦਿੰਦੇ ਹਨ। ਉਹ ਸੇਵਾਵਾਂ ਅਤੇ ਦੁਵੱਲੇ ਨਿਵੇਸ਼ ਵਿੱਚ ਵਪਾਰ ਨੂੰ ਬੜ੍ਹਾਵਾ ਦੇਣ ਦੇ ਮਾਪਦੰਡਾਂ ਨੂੰ ਵੀ ਆਸਾਨ ਬਣਾਉਂਦੇ ਹਨ। ਭਾਰਤ ਤੇ ਬਰਤਾਨੀਆ ਵਿਚਾਲੇ ਦੁਵੱਲਾ ਵਪਾਰ 2022-23 ਵਿੱਚ 20.36 ਅਰਬ ਅਮਰੀਕੀ ਡਾਲਰ ਤੋਂ ਵਧ ਕੇ 2023-24 ਵਿੱਚ 21.34 ਅਰਬ ਅਮਰੀਕੀ ਡਾਲਰ ਹੋ ਗਿਆ ਹੈ। ਬਰਤਾਨੀਆ, ਭਾਰਤ ਵਿੱਚ ਛੇਵਾਂ ਸਭ ਤੋਂ ਵੱਡਾ ਨਿਵੇਸ਼ਕ ਹੈ।