ਵਾਸ਼ਿੰਗਟਨ ਡੀ. ਸੀ. (ਗ.ਦ.) - ਭਾਰਤੀ ਅੰਬੈਸੀ ਵਾਸ਼ਿੰਗਟਨ ਡੀ. ਸੀ. ਅਮਰੀਕਾ ਸਥਿਤ ਨੂੰ ਅਨੇਕਾਂ ਵਾਰ ਪਰਖ ਚੁੱਕੇ ਹਾਂ ਅਤੇ ਲਿਖ ਚੁੱਕੇ ਹਾਂ ਕਿ ਇੱਥੇ ਸਿਰਫ ਉਨ੍ਹਾਂ ਵਿਅਕਤੀਆਂ ਨੂੰ ਨਿਮੰਤ੍ਰਤ ਕੀਤਾ ਜਾਂਦਾ ਹੈ ਜੋ ਪੱਕੇ ਕਾਂਗਰਸੀ ਹਨ ਜਾਂ ਕਾਂਗਰਸ ਪਿਛੋਕੜ ਰੱਖਦੇ ਹੋਣ। ਭਾਵੇਂ ਅੰਬੈਸੀ ਸਥਿਤ ਵਿਸਾਖੀ ਮਨਾਈ ਜਾਵੇ ਜਾਂ ਦੀਵਾਲੀ ਇਸ ਤੋਂ ਉਪਰੰਤ ਭਾਵੇਂ ਈਦ ਮਨਾਈ ਜਾਵੇ। ਉੱਥੇ ਸਿਰਫ ਉਹੀ ਗਿਣੇ ਚੁਣੇ ਚਿਹਰੇ ਹੋਣਗੇ ਜੋ ਪਿਛਲੇ ਵੀਹ ਸਾਲ ਤੋਂ ਅੰਬੈਸੀ ਨਾਲ ਜੁੜੇ ਹੋਏ ਹਨ। ਭਾਵ ਕਿ ਕਾਂਗਰਸੀ ਪਿਛੋਕੜ ਵਾਲੇ ਹਨ। ਭਾਵ ਅੰਬੈਸੀ ਤੇ ਕਾਂਗਰਸ ਦਾ ਗਲਬਾ ਪੂਰੀ ਤਰ੍ਹਾਂ ਹੈ।
ਇਸ ਗੱਲ ਦਾ ਉਸ ਸਮੇਂ ਹੋਰ ਵੀ ਤੌਖਲਾ ਹੋਇਆ ਜਦੋਂ ਬੀ. ਜੇ. ਪੀ. ਦੇ ਇੱਕ ਵਿਅਕਤੀ ਨੂੰ ਨਿਮੰਤ੍ਰਨ ਮਿਲਿਆ ਕਿ ਈਦ ਦਾ ਸਮਾਗਮ ਮਨਾਇਆ ਜਾ ਰਿਹਾ ਹੈ। ਜਦ ਕਿ ਬੀ. ਜੇ. ਪੀ. ਦੇ ਮੁੱਖ ਅਹੁਦੇਦਾਰਾਂ ਨੂੰ ਪੁੱਛਣ ਤੇ ਪਤਾ ਚੱਲਿਆ ਕਿ ਉਨ੍ਹਾਂ ਨੂੰ ਨਹੀਂ ਬੁਲਾਇਆ ਗਿਆ ਜਿਸ ਤੇ ਉਨ੍ਹਾਂ ਪ੍ਰਤੀਕਰਮ ਦਿੱਤਾ ਕਿ ਅੰਬੈਸੀ ਤੋਂ ਕਾਂਗਰਸੀ ਕਬਜ਼ਾ ਤੋੜਨਾ ਮੁਸ਼ਕਲ ਹੈ। ਇਸ ਸਬੰਧੀ ਜਿੱਥੇ ਇਸ ਮਸਲੇ ਪ੍ਰਤੀ ਅਵਾਜ਼ ਕੇਂਦਰ ਕੋਲ ਉਠਾਉਣ ਦਾ ਜ਼ਿਕਰ ਕਰਦੇ ਅਹੁਦੇਦਾਰਾਂ ਨੇ ਕਿਹਾ ਕਿ ਪਹਿਲਾ ਪਤਾ ਕੀਤਾ ਜਾਵੇਗਾ ਕਿ ਈ-ਮੇਲ ਇੰਚਾਰਜ ਕੌਣ ਹੈ ਅਤੇ ਇਹ ਕਿਸ ਦੇ ਅਧਿਕਾਰ ਹੇਠ ਹੈ। ਦੂਜਾ ਜਿਨ੍ਹਾਂ ਵਿਅਕਤੀਆਂ ਦੇ ਨਾਮ ਬੀ. ਜੇ. ਪੀ. ਨੇ ਦਿੱਤੇ ਹੋਏ ਹਨ ਉਨ੍ਹਾਂ ਨੂੰ ਅੱਖੋਂ ਪਰੋਖੇ ਕਿਉਂ ਕੀਤਾ ਗਿਆ। ਇਸ ਸਬੰਧੀ ਲਿਖਤੀ ਕੇਂਦਰ ਕੋਲ ਪਹੁੰਚ ਕੀਤੀ ਜਾਵੇਗੀ। ਇਹ ਵੀ ਪਤਾ ਚੱਲਿਆ ਹੈ ਕਿ ਮੀਡੀਏ ਨੂੰ ਵੀ ਅੰਬੈਸੀ ਸਮਾਗਮਾਂ ਤੋਂ ਪਾਸੇ ਰੱਖਿਆ ਜਾ ਰਿਹਾ ਹੈ ਅਤੇ ਈਦ ਦੇ ਸਬੰਧ ਵਿੱਚ ਵੀ ਪ੍ਰੈੱਸ ਅਤੇ ਟੀ. ਵੀ. ਨੂੰ ਵੀ ਅੱਖੋਂ ਪਰੋਖੇ ਕੀਤਾ ਗਿਆ ਹੈ ਜਿਸ ਦਾ ਸਖਤ ਨੋਟਿਸ ਲਿਆ ਜਾ ਰਿਹਾ ਹੈ ਕਿ ਅਜਿਹਾ ਕਿਉਂ ਹੈ ਅਤੇ ਅੰਬੈਸੀ ਵਿੱਚ ਕਿਹੜੇ ਅਫਸਰ ਹਨ ਜੋ ਵਿਤਕਰੇ ਦਾ ਰਾਗ ਅਲਾਪ ਰਹੇ ਹਨ।