ਵਾਸ਼ਿੰਗਟਨ ਡੀ. ਸੀ. (ਗ.ਦ.) – ਪਾਕਿਸਤਾਨ ਦੇ ਉੱਘੇ ਕਾਨੂੰਨ ਮਾਹਿਰ ਅਤੇ ਸਾਬਕਾ ਜੱਜ ਹਾਈ ਕੋਰਟ ਮੁਹੰਮਦ ਆਸਨ ਭੂਨ ਜੋ ਅੱਜ ਕੱਲ੍ਹ ਪਾਕਿਸਤਾਨ ਸੁਪਰੀਮ ਕੋਰਟ ਦੇ ਕੌਂਸਲ ਮੈਂਬਰ ਵੀ ਹਨ। ਅੱਜ ਕਲ੍ਹ ਉਹ ਅਮਰੀਕਾ ਦੌਰੇ ਤੇ ਹਨ। ਜਿਨ੍ਹਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਸੈਂਟਰ ਫਾਰ ਸੋਸ਼ਲ ਚੇਂਜ ਵਿਖੇ ਹੋਈ। ਜਿਸ ਵਿੱਚ ਸਾਜਿਦ ਤਰਾਰ ਜੋ ਟਰੰਪ ਟੀਮ ਦੇ ਮੁਸਲਿਮ ਕਮਿਊਨਿਟੀ ਦੇ ਨਾਇਕ ਹਨ ਅਤੇ ਜਸਦੀਪ ਸਿੰਘ ਜੱਸੀ ਜੋ ਸਾਊਥ ਏਸ਼ੀਅਨ ਕਮਿਸ਼ਨਰ ਮੈਰੀਲੈਂਡ ਗਵਰਨਰ ਹਨ ਨਾਲ ਅਹਿਮ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ। ਮੁੱਖ ਤੌਰ ਤੇ ਉਨ੍ਹਾਂ ਕਰਤਾਰਪੁਰ ਦੇ ਸਬੰਧ ਵਿੱਚ ਪਾਕਿਸਤਾਨ ਪਾਸੇ ਦਾ ਪੱਖ ਸਾਂਝਾ ਕੀਤਾ। ਜਿੱਥੇ ਉਨ੍ਹਾਂ ਉੱਥੋਂ ਦੇ ਗੁਰਧਾਮਾਂ ਸਬੰਧੀ ਵਿਸਥਾਰ ਰੂਪ ਵਿੱਚ ਦੱਸਿਆ ਅਤੇ ਉਨ੍ਹਾਂ ਨਾਲ ਲਗਦੀ ਜ਼ਮੀਨ ਨੂੰ ਕਾਨੂੰਨੀ ਤੌਰ ਤੇ ਛੁਡਾਉਣ ਵਿੱਚ ਅਹਿਮ ਰੋਲ ਅਦਾ ਕਰਨ ਸਬੰਧੀ ਦੱਸਿਆ ਉੱਥੇ ਉਨ੍ਹਾਂ ਸਾਜਿਦ ਅਤੇ ਜੱਸੀ ਦੀ ਵੀ ਤਾਰੀਫ ਕੀਤੀ ਕਿ ਇਹ ਦੋ ਸਖਸ਼ੀਅਤਾਂ ਹਮੇਸ਼ਾ ਹੀ ਸਿੱਖਾਂ ਦੇ ਮਸਲੇ, ਪੰਜਾਬੀ ਭਾਈਚਾਰੇ ਦੀਆਂ ਪ੍ਰਵਿਰਤੀਆਂ ਨੂੰ ਸਾਹਮਣੇ ਰੱਖ ਕੇ ਪਾਕਿਸਤਾਨ ਵਾਲੇ ਪਾਸਿਉਂ ਕੁਝ ਪੰਜਾਬੀਆਂ ਲਈ ਕਰ ਗੁਜਰਨ ਨੂੰ ਤਰਜੀਹ ਦਿੰਦੇ ਹਨ।
ਆਸਨ ਭੂਨ ਸਾਹਿਬ ਨੇ ਕਿਹਾ ਕਿ ਕਰਤਾਰਪੁਰ ਕੋਰੀਡੋਰ ਪਾਕਿਸਤਾਨ ਲਈ ਅਹਿਮ ਮਸਲਾ ਨਹੀਂ ਹੈ। ਉਨ੍ਹਾਂ ਨੂੰ ਪਤਾ ਹੈ ਕਿ ਇਸ ਰਸਤੇ ਦੇ ਖੁੱਲ੍ਹਣ ਨਾਲ ਆਰਥਿਕਤਾ ਨੂੰ ਬਲ, ਰੋਜ਼ਗਾਰ ਦੇ ਵਸੀਲਿਆਂ ਵਿੱਚ ਬੜੌਤੀ ਅਤੇ ਆਪਸੀ ਭਾਈਚਾਰਕ ਸਾਂਝ ਵਿੱਚ ਮਜ਼ਬੂਤੀ ਆਵੇਗੀ। ਪਰ ਭਾਰਤ ਦੀ ਸਰਕਾਰ ਸਿੱਖਾਂ ਅਤੇ ਪੰਜਾਬੀਆਂ ਦੀ ਬਿਹਤਰੀ ਲਈ ਕਦੀ ਵੀ ਕਦਮ ਨਹੀਂ ਚੁੱਕੇਗੀ। ਕਿਉਂਕਿ ਉਹ ਨਹੀਂ ਚਾਹੁੰਦੇ ਕਿ ਪੰਜਾਬੀ ਬਿਹਤਰੀ ਵੱਲ ਤੁਰਨ ਜਿਸ ਕਰਕੇ ਕੇਂਦਰ ਸਰਕਾਰ ਭਾਰਤ ਨੂੰ ਕਦੇ ਵੀ ਇਸ ਮੁੱਦੇ ਨੂੰ ਪਾਕਿਸਤਾਨ ਨਹੀਂ ਵਿਚਾਰਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਵਿਦੇਸ਼ੀ ਪੰਜਾਬੀ ਬਹੁਤ ਸਰਗਰਮ ਹਨ ਜਿਸ ਕਰਕੇ ਪਾਕ ਸਰਕਾਰ ਸੁਚੇਤ ਹੈ। ਇਸੇ ਕਰਕੇ ਹੀ ਸੱਠ ਮਿਲੀਅਨ ਡਾਲਰ ਵਰਲਡ ਬੈਂਕ ਨੇ ਦਿੱਤਾ ਹੈ ਕਿ ਧਾਰਮਿਕ ਸੈਰਗਾਹ ਵਜੋਂ ਪ੍ਰੋਜੈਕਟ ਨੂੰ ਉਭਾਰਿਆ ਜਾਵੇ ਅਤੇ ਵਿਦੇਸ਼ੀ ਪੰਜਾਬੀਆਂ ਨੂੰ ਇਨ੍ਹਾਂ ਗੁਰਧਾਮਾਂ ਦੇ ਦਰਸ਼ਨ ਲਈ ਸੁੱਖ ਸਹੂਲਤਾਂ ਮੁਹੱਈਆ ਕਰਵਾ ਲਾਂਘੇ ਦੇ ਕਾਰਜ ਨੂੰ ਅੱਗੇ ਤੋਰਿਆ ਜਾਵੇ। ਉਨ੍ਹਾਂ ਕਿਹਾ ਪਾਕਿਸਤਾਨ ਸਰਕਾਰ ਕਰਤਾਰਪੁਰ ਕੋਰੀਡੋਰ ਖੋਲ੍ਹਣ ਲਈ ਤਿਆਰ ਹੈ ਪਰ ਭਾਰਤ ਸਰਕਾਰ ਇਸ ਦੇ ਹੱਕ ਵਿੱਚ ਨਹੀਂ ਹੈ।
ਜੱਸੀ ਅਤੇ ਸਾਜਿਦ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਰਹਿੰਦੀਆਂ ਨਾਨਕ ਨਾਮ ਲੇਵਾ ਸੰਗਤਾਂ ਲਈ ਵੀਜ਼ਾ ਪ੍ਰਣਾਲੀ ਸੌਖੀ ਕਰਕੇ ਪਾਕਿਸਤਾਨ ਵਾਲੇ ਪਾਸੇ ਸਹੂਲਤਾਂ ਅਤੇ ਬਾਰਡਰ ਤੱਕ ਸੜਕ ਖਾਲੀ ਕਰਕੇ ਲਾਈਟਾਂ ਲਾਈਆਂ ਜਾਣ, ਸ਼ਾਇਦ ਭਾਰਤ ਸਰਕਾਰ ਨੂੰ ਰਹਿਮ ਆ ਜਾਵੇ ਤਾਂ ਉਹ ਗੱਲ ਅੱਗੇ ਤੋਰ ਸਕੇ। ਉਨ੍ਹਾਂ ਕਿਹਾ ਪੰਜਾਬ ਸਰਕਾਰ ਨੇ ਭਾਵੇਂ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਕੇਂਦਰ ਨੂੰ ਭੇਜਿਆ ਹੈ, ਪਰ ਉਨ੍ਹਾਂ ਨੇ ਵੀ ਉਸ ਤੋਂ ਬਾਅਦ ਕੋਈ ਕਮੇਟੀ ਗਠਿਨ ਕਰਕੇ ਸਾਰ ਨਹੀਂ ਲਈ ਹੈ। ਸੋ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕੋਰੀਡੋਰ ਹਰ ਹਾਲਤ ਵਿੱਚ ਖੋਲੇਗਾ, ਇਸ ਦਾ ਸਿਹਰਾ ਕਿਹੜਾ ਪ੍ਰਧਾਨ ਮੰਤਰੀ ਲੈਂਦਾ ਹੈ ਜਿਸ ਦਾ ਹਿਸਟਰੀ ਵਿੱਚ ਨਾਮ ਦਰਜ ਹੋਵੇ ਗੱਲ ਇੱਥੇ ਖੜ੍ਹੀ ਹੈ।