ਨਿਊਯਾਰਕ (ਗ.ਦ.) – ਅਮਰੀਕਾ ਵਿੱਚ ਦਸਤਾਰ ਲਈ ਲੜਨ ਵਾਲੇ ਫੌਜੀ ਨੇ ਆਪਣੀ 'ਸਰਦਾਰੀ' ਪੂਰੀ ਤਰ੍ਹਾਂ ਕਾਇਮ ਕਰ ਦਿੱਤੀ ਹੈ ਅਤੇ ਉਸ ਦੇ ਇਸ ਜਜ਼ਬੇ ਨੂੰ ਸਲਾਮ ਕਰਨ ਲਈ ਅਮਰੀਕਾ ਦੇ ਮਸ਼ਹੂਰ ਚੈਨਲ ਨੇ ਉਸ ਤੇ ਡਾਕੂਮੈਂਟਰੀ ਬਣਾਈ ਹੈ। 28 ਸਾਲਾ ਸਿਮਰਤਪਾਲ ਸਿੰਘ ਅਮਰੀਕੀ ਫੌਜ ਵਿੱਚ ਦਾੜ੍ਹੀ ਅਤੇ ਦਸਤਾਰ ਸਮੇਤ ਸੇਵਾਵਾਂ ਨਿਭਾਉਣ ਵਾਲਾ ਪਹਿਲਾ ਸਿੱਖ ਹੈ। ਇਸ ਲਈ ਉਸ ਨੂੰ ਲੰਬੀ ਘਾਲਣਾ ਘਾਲਣੀ ਪਈ ਕਿਉਂਕਿ ਅਮਰੀਕੀ ਫੌਜ ਦਾ ਕਾਨੂੰਨ ਇਸ ਵਿੱਚ ਵੱਡਾ ਅੜਿੱਕਾ ਸੀ। ਕੈਪਟਨ ਸਿਮਰਤਪਾਲ ਸਿੰਘ ਨੇ ਧਾਰਮਿਕ ਸੁਤੰਤਰਤਾ ਲਈ ਆਪਣੇ ਵਿਭਾਗ ਖਿਲਾਫ ਕੇਸ ਕੀਤਾ ਸੀ। ਇਸ ਮਾਮਲੇ ਵਿੱਚ ਪਹਿਲਾਂ ਸਿਮਰਤਪਾਲ ਨੂੰ ਅਸਥਾਈ ਤੌਰ ਤੇ ਇਸ ਦੀ ਆਗਿਆ ਦਿੱਤੀ ਗਈ ਅਤੇ ਫਿਰ ਅਦਾਲਤ ਨੇ ਉਸ ਨੂੰ ਪੱਕੇ ਤੌਰ ਤੇ ਫੌਜ ਵਿੱਚ ਦਾੜ੍ਹੀ ਅਤੇ ਦਸਤਾਰ ਸਮੇਤ ਸੇਵਾ ਨਿਭਾਉਣ ਦੀ ਆਗਿਆ ਦੇ ਦਿੱਤੀ। ਡਾਕੂਮੈਂਟਰੀ ਵਿੱਚ ਸਿਮਰਤਪਾਲ ਨੇ ਕਿਹਾ ਕਿ ਪਹਿਲੇ ਦਿਨ ਜਦੋਂ ਉਸ ਨੇ ਆਪਣੀ ਫੌਜ ਦੀ ਯੂਨੀਫਾਰਮ ਨਾਲ ਦਸਤਾਰ ਧਾਰਨ ਕੀਤੀ ਤਾਂ ਉਹ ਇੱਕ ਅਦਭੁੱਤ ਖੁਸ਼ੀ ਦਾ ਅਹਿਸਾਸ ਸੀ। ਕੈਪਟਨ ਸਿਮਰਤਪਾਲ ਸਿੰਘ ਨੂੰ 10 ਸਾਲ ਪਹਿਲਾਂ ਵੈਸਟ ਪੁਆਇੰਟ ਸਥਿਤ ਯੂ. ਐੱਸ. ਮਿਲਟਰੀ ਅਕੈਡਮੀ ਵਿੱਚ ਪਹਿਲੇ ਦਿਨ ਹੀ ਅਕੈਡਮੀ ਦੇ ਨਿਯਮਾਂ ਕਾਰਨ ਵਾਲ ਕਟਵਾਉਣੇ ਪਏ ਸਨ। ਸਿਮਰਤਪਾਲ ਲੜਾਕੂ ਇੰਜੀਨੀਅਰਾਂ ਦੇ ਦਲ ਦੀ ਅਗਵਾਈ ਕਰ ਚੁੱਕਾ ਹੈ ਅਤੇ ਅਫਗਾਨਿਸਤਾਨ ਵਿੱਚ ਸੜਕ ਕੰਢੇ ਲੱਗੇ ਬੰਬਾਂ ਨੂੰ ਹਟਾਉਣ ਵਰਗੇ ਖਤਰਨਾਕ ਕੰਮ ਕਰਕੇ ਆਪਣੀ ਹਿੰਮਤ ਦਾ ਪ੍ਰਗਟਾਵਾ ਕਰ ਚੁੱਕਾ ਹੈ। ਉਸ ਦੀਆਂ ਸੇਵਾਵਾਂ ਕਾਰਨ ਉਸ ਨੂੰ ਬ੍ਰੋਂਜ ਸਟਾਰ ਨਾਲ ਵੀ ਸਨਮਾਨਤ ਕੀਤਾ ਜਾ ਚੁੱਕਿਆ ਹੈ।