ਵਰਜੀਨੀਆ (ਗ.ਦ.) – ਤਰਸੇਮ ਸਿੰਘ 61 ਸਾਲਾ ਇੱਕ ਬਿਜਨਸਮੈਨ ਜੋ ਫੇਅਰਫੈਕਸ ਵਰਜੀਨੀਆ ਦੇ ਰਹਿਣ ਵਾਲੇ ਨੂੰ ਪੰਦਰਾਂ ਮਹੀਨੇ ਦੀ ਜੇਲ੍ਹ ਅਤੇ ਪੰਝੀ ਹਜ਼ਾਰ ਡਾਲਰ ਦਾ ਜੁਰਮਾਨਾ ਕੀਤਾ ਗਿਆ ਹੈ। ਇਸ ਦੇ ਨਾਲ ਹੀ 1,19,165 ਡਾਲਰ ਦੀ ਭਰਪਾਈ ਕਰਨੀ ਹੋਵੇਗੀ। ਇਹ ਹੁਕਮ ਅਮਰੀਕਾ ਦੀ ਕੋਲੰਬੀਆ ਕੋਰਟ ਵਲੋਂ ਤਰਸੇਮ ਸਿੰਘ ਵਲੋਂ ਦੋਸ਼ੀ ਮੰਨਣ ਉਪਰੰਤ ਸੁਣਵਾਈ ਗਈ ਹੈ।
ਜ਼ਿਕਰਯੋਗ ਹੈ ਕਿ ਇੰਸਪੈਕਟਰ ਜਨਰਲ ਪੈਗੀ-ਈ ਗੂਸਤਾਫਸਨ ਅਤੇ ਪਾਲ ਐੱਮ ਅਬੇਟ ਅਸਿਸਟੈਂਟ ਡਾਇਰੈਕਟਰ ਐੱਫ. ਬੀ. ਆਈ. ਵਾਸ਼ਿੰਗਟਨ ਫੀਲਡ ਵਲੋਂ ਦਿੱਤੇ ਦੋਸ਼ਾਂ ਉਪਰੰਤ ਤਰਸੇਮ ਸਿੰਘ ਕੋਲ ਕੋਈ ਸਫਾਈ ਦਾ ਰਸਤਾ ਨਹੀਂ ਰਿਹਾ ਸੀ ਤਾਂ ਉਸਨੇ ਦੋਸ਼ੀ ਮੰਨਕੇ ਸਭ ਕੁਝ ਕਬੂਲ ਕਰ ਲਿਆ ਹੈ ਜਿਸ ਦੇ ਇਵਜਾਨੇ ਸਜ਼ਾ ਅਤੇ ਜੁਰਮਾਨੇ ਦਾ ਭਾਗੀਦਾਰ ਬਣਿਆ ਇਹ ਮੈਟਰੋਪੁਲਿਟਨ ਦੀ ਤੀਜੀ ਮੁੱਖ ਸਖਸ਼ੀਅਤ ਹੈ ਜਿਸ ਨੇ ਅਮਰੀਕਾ ਸਰਕਾਰ ਨਾਲ ਫਰਾਡ ਕਰਕੇ ਕਮਿਊਨਿਟੀ ਦਾ ਸਿਰ ਨੀਵਾਂ ਕੀਤਾ ਹੈ। ਸੂਤਰਾਂ ਮੁਤਾਬਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਕਾਲ ਤਖਤ ਤੋਂ ਛੇਕੇ ਗਿਆਨੀ ਦਾ ਇਹ ਚੇਲਾ ਕਾਫੀ ਲੰਬੇ ਸਮੇਂ ਤੋਂ ਐੱਫ. ਬੀ. ਆਈ. ਦੇ ਸ਼ਿਕੰਜੇ ਵਿੱਚ ਸੀ, ਪਰ ਇਹ ਲੋਕਾਂ ਦੇ ਅੱਖੀਂ ਖੱਟਾ ਪਾ ਰਿਹਾ ਸੀ ਜਿਵੇਂ ਉਸਨੇ ਕੁਝ ਕੀਤਾ ਹੀ ਨਾ ਹੋਵੇ। ਡਾ. ਅਜਰਾਵਤ ਅਤੇ ਤਰਸੇਮ ਸਿੰਘ ਦੋਵੇਂ ਸਿੱਖਾਂ ਵਿੱਚ ਸਿਰਕੱਢ ਸਨ, ਪਰ ਮਾੜੀਆਂ ਕਰਤੂਤਾਂ ਕਾਰਨ ਅੱਜ ਜੇਲ੍ਹ ਦੀ ਹਵਾ ਖਾ ਰਹੇ ਹਨ।
ਜਿੱਥੇ ਤਰਸੇਮ ਸਿੰਘ ਜੇਲ੍ਹ ਸਜ਼ਾ ਕੱਟਣ ਉਪਰੰਤ ਤਿੰਨ ਸਾਲ ਕਮਿਊਨਿਟੀ ਸਰਵਿਸ ਕਰੇਗਾ, ਉੱਥੇ ਉਹ ਭਵਿੱਖ ਵਿੱਚ ਛੋਟੇ ਵਪਾਰ ਵਿੱਚ ਭਾਗੀਦਾਰ ਵੀ ਨਹੀਂ ਬਣ ਸਕੇਗਾ। ਇਸਨੇ ਅਤੇ ਇਸ ਦੀ ਪਤਨੀ ਨੇ ਕੰਪਨੀ ਵੀ ਬਣਾਈ ਹੋਈ ਸੀ, ਜਿਸ ਤਹਿਤ ਉਸਾਰੀ ਦਾ ਕੰਮ, ਬਿਲਡਿੰਗਾਂ ਦੀ ਮੁਰੰਮਤ ਅਤੇ ਤਬਦੀਲੀਆਂ ਹੁੰਦੀਆਂ ਸਨ ਅਤੇ ਫੈਡਰਲ ਦੇ ਮਿਲੀਅਨ ਆਦਿ ਦੇ ਕੰਟਰੈਕਟ ਧੋਖੇਧੜੀ ਨਾਲ ਹਾਸਲ ਕਰਦਾ ਸੀ। ਇਸੇ ਤਰ੍ਹਾਂ ਕੰਪਨੀ ਬੀ ਵਿੱਚ ਆਪੂੰ ਵਾਇਸ ਪ੍ਰਧਾਨ ਬਣ ਕੇ ਨਿਲਾਮੀ ਤੇ ਬੋਲੀ ਦੇਣ ਆਦਿ ਦੇ ਕੰਮ ਕਰਦਾ ਸੀ ਜੋ ਕਿ ਗੈਰ-ਕਾਨੂੰਨੀ ਸਨ। ਸੋ ਦੌਰਾ ਕੰਪਨੀਆਂ ਨੇ ਅਤੇ ਬੀ ਨੂੰ ਖੁਦ ਚਲਾ ਕੇ ਅਜਿਹੇ ਕਾਰਨਾਮੇ ਕਰਦਾ ਸੀ ਜੋ ਕਾਨੂੰਨਨ ਗਲਤ ਸਨ।
ਸੋ ਪੂਰੀ ਪੜਚੋਲ ਤੋਂ ਬਾਅਦ ਕੋਰਟ ਵਿੱਚ ਪੂਰੇ ਦਸਤਾਵੇਜ਼ ਪੇਸ਼ ਕਰਨ ਉਪਰੰਤ ਤਰਸੇਮ ਸਿੰਘ ਨੇ ਸਾਰੇ ਦੋਸ਼ਾਂ ਤੇ ਸਹਿਮਤੀ ਪ੍ਰਗਟਾ ਦਿੱਤੀ ਅਤੇ ਅਮਰੀਕਾ ਦੇ ਅਟਾਰਨੀ ਮੈਟ ਗਰੇਵ ਪਬਲਿਕ ਧੋਖਾਧੜੀ ਤਹਿਤ ਪੰਦਰਾਂ ਮਹੀਨੇ ਦੀ ਜੇਲ੍ਹ ਅਤੇ ਜੁਰਮਾਨੇ ਸਹਿਤ ਜੇਲ੍ਹ ਭੇਜ ਦਿੱਤਾ ਹੈ। ਇਸ ਕੇਸ ਦੀ ਚਰਚਾ ਮੈਟਰੋਪੁਲਿਟਨ ਵਿੱਚ ਇਸ ਤਰ੍ਹਾਂ ਹੈ ਕਿ ਇਨ੍ਹਾਂ ਨੂੰ ਇੱਜ਼ਤ ਨਹੀਂ ਪੈਸਾ ਪਿਆਰਾ ਹੈ ਜੋ ਕਮਿਊਨਿਟੀ ਨੂੰ ਸ਼ਰਮਸਾਰ ਕਰ ਰਹੇ ਹਨ। ਜੋ ਭਵਿੱਖ ਲਈ ਮਾੜਾ ਅਸਰ ਪਾਉਣਗੇ।