ਵਾਸ਼ਿੰਗਟਨ ਡੀ. ਸੀ. (ਗ.ਦ.) – ਪਾਕਿਸਤਾਨ ਗੁਰੂਘਰਾਂ ਦੇ ਪ੍ਰਧਾਨ ਸ. ਤਾਰਾ ਸਿੰਘ ਅੱਜਕਲ ਅਮਰੀਕਾ ਦੌਰੇ ਤੇ ਹਨ। ਇਨ੍ਹਾਂ ਵਲੋਂ ਸੰਤ ਬਾਬਾ ਪ੍ਰੇਮ ਸਿੰਘ ਕਲਚਰਲ ਸੁਸਾਇਟੀ ਵਲੋਂ ਮਨਾਈ 66ਵੀਂ ਬਰਸੀ ਵਿੱਚ ਸ਼ਿਰਕਤ ਕੀਤੀ, ਜਿੱਥੇ ਉਨ੍ਹਾਂ ਨੂੰ ਪ੍ਰਬੰਧਕਾਂ ਵਲੋਂ ਸਿਰੋਪਾਓ ਅਤੇ ਸਿਰੀ ਸਾਹਿਬ ਦੇ ਕੇ ਸਨਮਾਨਿਆ ਗਿਆ। ਜਿੱਥੇ ਉਨ੍ਹਾਂ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਅਤੇ ਕੌਮ ਪ੍ਰਤੀ ਸੁਹਿਰਦਤਾ ਬਾਰੇ ਜ਼ਿਕਰ ਕਰਦਿਆਂ ਕਮੇਟੀ ਦੇ ਸਕੱਤਰ ਮਾਸਟਰ ਧਰਮਪਾਲ ਵਲੋਂ ਖੂਬ ਤਾਰੀਫ ਕੀਤੀ ਗਈ ਜੋ ਕਿ ਉਨ੍ਹਾਂ ਵਲੋਂ ਨਿਭਾਈਆਂ ਸੇਵਾਵਾਂ ਦਾ ਨਤੀਜਾ ਸੀ।
ਤਾਰਾ ਸਿੰਘ ਜੀ ਨੇ ਆਪਣੇ ਸੰਖੇਪ ਸੰਬੋਧਨ ਵਿੱਚ ਕਿਹਾ ਕਿ ਸਿੱਖ ਕੌਮ ਦਾ ਸਰਮਾਇਆ ਸਿੱਖਾਂ ਦੀਆਂ ਸ਼ਹੀਦੀਆਂ ਅਤੇ ਸ਼ਹਾਦਤਾਂ ਹਨ, ਜਿਸ ਨੂੰ ਪੂਰਾ ਸੰਸਾਰ ਮੰਨਦਾ ਹੈ। ਸਾਡੀ ਵੱਖਰੀ ਪਹਿਚਾਣ ਨੇ ਦੁਨੀਆਂ ਵਿੱਚ ਅਜਿਹੀ ਨਿਵੇਕਲੀ ਦਿੱਖ ਨੂੰ ਬਰਕਰਾਰ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮੇਰੇ ਚੰਗੇ ਕਰਮਾਂ ਸਦਕਾ ਹੀ ਪਾਕਿਸਤਾਨ ਗੁਰੂਘਰਾਂ ਦੇ ਪ੍ਰਬੰਧ ਦੀ ਸੇਵਾ ਮਿਲੀ ਹੈ ਅਤੇ ਅੱਜ ਇਤਿਹਾਸਕ ਗੁਰੂਘਰਾਂ ਦੀ ਗਿਣਤੀ 19 ਹੋ ਗਈ ਜਿਸ ਲਈ ਪਾਕਿਸਤਾਨ ਸਰਕਾਰ ਸਾਡੇ ਨਾਲ ਹਮੇਸ਼ਾ ਹਰ ਕਾਰਜ ਵਿੱਚ ਚੱਟਾਨ ਵਾਂਗ ਖੜ੍ਹਦੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ੀ ਸਿੱਖਾਂ ਨੂੰ ਪਾਕਿਸਤਾਨ ਦੇ ਇਤਿਹਾਸਕ ਗੁਰੂਘਰਾਂ ਦੇ ਦਰਸ਼ਨ ਕਰਨੇ ਚਾਹੀਦੇ ਹਨ ਅਤੇ ਜੀਵਨ ਸਫਲਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਅਸੀਂ ਹਰ ਸਹੂਲਤ ਦੇਣ ਲਈ ਤਿਆਰ ਹਾਂ। ਉਨ੍ਹਾਂ ਕਿਹਾ ਮੇਰੀ ਖਾਹਿਸ਼ ਹੈ ਕਿ ਬਗੈਰ ਵੀਜ਼ੇ ਰਾਹੀਂ ਕਰਤਾਰਪੁਰ ਮਾਰਗ ਖੋਲ੍ਹਿਆ ਜਾਵੇ ਅਤੇ ਸੰਗਤਾਂ ਨੂੰ ਦਰਸ਼ਨਾਂ ਲਈ ਉਨ੍ਹਾਂ ਦੀਆਂ ਅਰਦਾਸਾਂ ਤਹਿਤ ਆਉਣ ਦਿੱਤਾ ਜਾਵੇ, ਜਿਸ ਲਈ ਉਪਰਾਲੇ ਜਾਰੀ ਹਨ। ਉਨ੍ਹਾਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਦਿੱਤੇ ਮਾਣ ਦੀ ਪ੍ਰਸ਼ੰਸਾ ਵੀ ਕੀਤੀ।