ਵਾਸ਼ਿੰਗਟਨ ਡੀ. ਸੀ. (ਗ.ਦ.) – ਅਮਰੀਕਾ ਦਾ ਅਜ਼ਾਦੀ ਦਿਵਸ 4 ਜੁਲਾਈ ਨੂੰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ. ਸੀ. ਵਿਖੇ ਹਰ ਸਾਲ ਪ੍ਰਭਾਵਸ਼ਾਲੀ ਪਰੇਡ ਕੱਢੀ ਜਾਂਦੀ ਹੈ। ਜਿਸ ਵਿੱਚ ਵੱਖ-ਵੱਖ ਮੁਲਕਾਂ ਵਲੋਂ ਆਪਣੇ ਸੱਭਿਆਚਾਰ ਅਤੇ ਰਹੁਰੀਤਾਂ ਤੋਂ ਇਲਾਵਾ ਆਪਣੀ ਸੰਸਕ੍ਰਿਤੀ ਦਾ ਪ੍ਰਦਰਸ਼ਨ ਕਰਕੇ ਅਮਰੀਕਨਾਂ ਨੂੰ ਖੁਸ਼ ਕਰਦੇ ਹਨ। ਭਾਵੇਂ ਇਸ ਪਰੇਡ ਨੂੰ ਵੇਖਣ ਵਾਲੇ ਲੱਖਾਂ ਅਮਰੀਕਨ ਇਸ ਦਿਨ ਦੀ ਉਡੀਕ ਕਰਦੇ ਥੱਕਦੇ ਨਹੀਂ, ਪਰ ਉਹ ਆਪਣੀ ਥਾਂ ਨੂੰ ਪਹਿਲਾਂ ਹੀ ਰਾਖਵਾਂ ਕਰ ਲੈਂਦੇ ਹਨ ਤਾਂ ਜੋ ਪਰੇਡ ਦਾ ਅਨੰਦ ਵਧੀਆ ਢੰਗ ਨਾਲ ਮਾਣ ਸਕਣ। ਸਿੱਖਾਂ ਵਲੋਂ ਇਸ ਪਰੇਡ ਵਿੱਚ ਸ਼ਮੂਲੀਅਤ ਕਰਨ ਦਾ ਅਵਸਰ ਪਿਛਲੇ ਸਾਲ ਮਿਲਿਆ ਸੀ ਜੋ ਸਿਖਸ ਆਫ ਅਮਰੀਕਾ ਦੇ ਬੈਨਰ ਹੇਠ ਫਲੋਟ ਸਮੇਤ ਸ਼ਿਰਕਤ ਕੀਤੀ ਗਈ ਸੀ।
ਇਸ ਸਾਲ ਸਿੱਖੀ ਪਹਿਚਾਣ ਨੂੰ ਸਮਰਪਿਤ ਇਸ ਪਰੇਡ ਦਾ ਨਜ਼ਰਾ ਵੱਖਰਾ ਹੀ ਹੈ। ਜਿਸ ਵਿੱਚ ਅਮਰੀਕਾ ਵਿੱਚ ਪੁਲਿਸ ਅਤੇ ਹੋਰ ਵਿਭਾਗਾਂ ਤੇ ਬਿਰਾਜਮਾਨ ਸਿੱਖਾਂ ਵਲੋਂ ਸ਼ਮੂਲੀਅਤ ਕਰਨ ਦੇ ਸੰਕੇਤ ਮਿਲੇ ਹਨ ਕਿ ਜਿਨ੍ਹਾਂ ਸਿੱਖਾਂ ਨੇ ਸਿੱਖੀ ਸਰੂਪ ਵਿੱਚ ਰਹਿ ਕੇ ਆਪਣੀਆਂ ਨੌਕਰੀਆਂ ਬਰਕਰਾਰ ਰੱਖੀਆਂ ਹੋਈਆਂ ਹਨ ਅਤੇ ਉਹ ਪੰਜਾਬੀਆਂ ਦਾ ਗੌਰਵਮਈ ਇਤਿਹਾਸ ਸਮੋਏ ਆਪਣੀ ਚਾਲ ਵਿੱਚ ਮਗਨ ਅਮਰੀਕਨਾਂ ਨੂੰ ਮੋਹ ਰਹੇ ਹਨ। ਉਹ ਇਸ ਪਰੇਡ ਦਾ ਸ਼ਿੰਗਾਰ ਬਣਨਗੇ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਵਲੋਂ ਵੀ ਇਸ ਪਰੇਡ ਵਿੱਚ ਸ਼ਾਮਲ ਹੋਣ ਦੀ ਦਿਲਚਸਪੀ ਦਿਖਾਈ ਹੈ ਜੋ ਸਿੱਖੀ ਪਹਿਚਾਣ ਲਈ ਅਜਿਹੀ ਮਿਸਾਲ ਹੋਵੇਗੀ ਕਿ ਸਿੱਖਾਂ ਵਲੋਂ ਕੀਤੀ ਜਾ ਰਹੀ ਇਸ ਪਰੇਡ ਵਿੱਚ ਵਿਲੱਖਣਤਾ ਨੂੰ ਚਾਰ ਚੰਨ ਲਾਵੇਗੀ। ਪਰੇਡ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਦਾ ਕਹਿਣਾ ਹੈ ਕਿ ਇਸ ਪਰੇਡ ਵਿੱਚ ਪੰਜਾਬੀ ਪਹਿਰਾਵੇ ਦਾ ਬੋਲਬਾਲਾ ਹੋਵੇਗਾ ਅਤੇ ਅਨੁਸਾਸ਼ਨ ਪ੍ਰੇਰਨਾ ਸਰੋਤ ਦਾ ਪ੍ਰਤੀਕ ਹੋਵੇਗਾ।
ਪਰੇਡ ਕੁਆਰਡੀਨੇਟਰ ਮਨਪ੍ਰੀਤ ਸਿੰਘ ਮਠਾਰੂ ਜੋ ਕਈ ਦਿਨਾਂ ਤੋਂ ਇਸ ਪਰੇਡ ਨੂੰ ਵਿਲੱਖਣ ਦਿੱਖ ਦੇਣ ਲਈ ਯੋਗਦਾਨ ਪਾ ਰਹੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪਰੇਡ ਵਿੱਚ ਸਿੱਖ ਆਪਣੀ ਥਾਂ ਸੰਸਾਰਕ ਪੱਧਰ ਤੇ ਬਣਾ ਦੇਣਗੇ ਅਤੇ ਹਰੇਕ ਇਸ ਪਰੇਡ ਨੂੰ ਵੇਖਦਾ ਹੀ ਰਹਿ ਜਾਵੇਗਾ।
ਕੰਵਲਜੀਤ ਸਿੰਘ ਸੋਨੀ ਜੋ ਫਲੋਟ ਇੰਚਾਰਜ ਹਨ ਦਾ ਕਹਿਣਾ ਹੈ ਕਿ ਇਹ ਪਰੇਡ ਲਈ ਸਿੱਖਾਂ ਵਿੱਚ ਕਾਫੀ ਉਤਸ਼ਾਹ ਹੈ ਅਤੇ ਸਮੁੱਚਾ ਭਾਈਚਾਰੇ ਵਲੋਂ ਰਜਿਸਟ੍ਰੇਸ਼ਨ ਦਾ ਹੜ੍ਹ ਲਿਆ ਦਿੱਤਾ ਹੈ। ਆਸ ਕੀਤੀ ਜਾ ਰਹੀ ਹੈ ਕਿ ਸਿੱਖਾਂ ਦੀ ਇਸ ਪਰੇਡ ਵਿੱਚ ਸ਼ਮੂਲੀਅਤ ਜਿੱਥੇ ਭਾਈਚਾਰੇ ਲਈ ਮੀਲ ਪੱਥਰ ਸਾਬਤ ਹੋਵੇਗੀ, ਉੱਥੇ ਅਮਰੀਕਨਾਂ ਲਈ ਖਿੱਚ ਦਾ ਕੇਂਦਰ ਬਣੇਗੀ। ਸਾਜਿਦ ਤਰਾਰ ਜੋ ਪਰੇਡ ਨਿਰੀਖਣ ਵਜੋਂ ਆਪਣੇ ਆਪ ਨੂੰ ਅੰਕਿਤ ਕਰ ਰਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪਰੇਡ ਦੀ ਯਾਦ ਕਈ ਦਿਨ ਲੋਕਾਂ ਵਿੱਚ ਰਹੇਗੀ, ਜਿਸ ਤਰ੍ਹਾਂ ਦੀ ਰੰਗਤ ਇਸ ਪਰੇਡ ਨੂੰ ਸਮੁੱਚੇ ਪੰਜਾਬੀਆਂ ਨੇ ਸਿਖਸ ਆਫ ਅਮਰੀਕਾ ਦੇ ਬੈਨਰ ਹੇਠਾਂ ਦਿੱਤੀ ਹੈ।