ਨਿਊਯਾਰਕ (ਗਿੱਲ) – ਏਸ਼ੀਅਨ ਕਮਿਊਨਿਟੀ ਵਿੱਚ ਸਹਿਮ ਦਾ ਮਹੌਲ ਬਣਿਆ ਹੋਇਆ ਸੀ। ਹਰ ਕੋਈ ਨਵੇਂ ਰਾਸ਼ਟਰਪਤੀ ਡੋਨਲਡ ਟਰੰਪ ਦੇ ਅਗਜ਼ੈਕਟਿਵ ਹੁਕਮਾਂ ਤੋਂ ਦੁਖੀ ਸੀ, ਪਰ ਸਾਊਥ ਏਸ਼ੀਅਨ ਡਾਇਵਰਸਿਟੀ ਟੀਮ ਦੇ ਰਾਸ਼ਟਰੀ ਮੈਂਬਰ ਜਸਦੀਪ ਸਿੰਘ ਜੱਸੀ ਅਤੇ ਸਾਜਿਦ ਤਰਾਰ ਨੂੰ ਨਿਊਯਾਰਕ ਦੇ ਗੁਰੂਘਰ ਵਲੋਂ ਵਿਸ਼ੇਸ਼ ਸੱਦਾ ਦੇ ਕੇ ਬੁਲਾਇਆ ਗਿਆ। ਜਿੱਥੇ ਇਨ੍ਹਾਂ ਦੋਹਾਂ ਸਖਸ਼ੀਅਤਾਂ ਦਾ ਪ੍ਰਬੰਧਕ ਕਮੇਟੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ, ਉੱਥੇ ਇਨ੍ਹਾਂ ਵਲੋਂ ਨਿਭਾਈਆਂ ਕਾਰਗੁਜ਼ਾਰੀਆਂ ਪੱਖੋਂ ਇਨ੍ਹਾਂ ਨੂੰ ਸਨਮਾਨਤ ਕੀਤਾ ਗਿਆ। ਰਘਬੀਰ ਸਿੰਘ ਸੁਭਾਨਪੁਰ ਨੇ ਟਰੰਪ ਦੀ ਕਾਰਗੁਜ਼ਾਰੀ ਤੇ ਸੰਤਸ਼ਟੀ ਪ੍ਰਗਟ ਕੀਤੀ। ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਦੇ ਪ੍ਰਧਾਨ ਬੱਬੀ ਢਿੱਲੋਂ ਵਲੋਂ ਕਮਿਊਨਿਟੀ ਨੂੰ ਆ ਰਹੀਆਂ ਮੁਸ਼ਕਲਾਂ ਦੀ ਸਾਂਝ ਪਾਈ ਅਤੇ ਲੋਕਾਂ ਵਿੱਚ ਇੰਮੀਗ੍ਰੇਸ਼ਨ ਸਬੰਧੀ ਭਰਮ ਭੁਲੇਖਿਆਂ ਨੂੰ ਦੂਰ ਕਰਨ ਲਈ ਦੋਹਾਂ ਸਖਸ਼ੀਅਤਾਂ ਨੂੰ ਸੱਦਾ ਦਿੱਤਾ ਗਿਆ।
ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਸਿੱਖ ਇੱਕ ਬਹਾਦਰ ਕੌਮ ਹੈ ਇਸ ਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਇਹ ਮਜ਼ਲੂਮਾਂ ਦੀ ਰੱਖਿਆ ਕਰਨ ਵਾਲੀ ਸਰਦਾਰੀ ਦੀ ਮਾਲਕ ਗੁਰੂ ਦੀ ਸਿੱਖਿਆ ਤੇ ਪਹਿਰਾ ਦੇਣ ਵਾਲੀ ਕੌਮ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਪਹਿਚਾਣ ਤੋਂ ਟਰੰਪ ਭਲੀਭਾਂਤ ਜਾਣੂ ਹਨ ਕਿਉਂਕਿ ਉਨ੍ਹਾਂ ਦੀ ਕੰਪਨੀ ਵਿੱਚ ਸੱਤ ਸੌ ਸਿੱਖ ਕੰਮ ਕਰਦਾ ਹੈ। ਦੂਜਾ ਉਹ ਬਗੈਰ ਪੇਪਰਾਂ ਵਾਲਿਆਂ ਨੂੰ ਲੀਗਲ ਬਣਾਉਣ ਲਈ ਜਲਦੀ ਬਿੱਲ ਲਿਆ ਰਹੇ ਹਨ। ਪਰ ਦੋਸ਼ੀਆਂ ਨੂੰ ਉਹ ਮੁਲਕ ਵਿੱਚੋਂ ਵਾਪਸ ਭੇਜਣਗੇ। ਜਿਸ ਲਈ ਉਨ੍ਹਾਂ ਨੂੰ ਕੋਈ ਵੀ ਬਰਦਾਸ਼ਤ ਨਹੀਂ ਕਰੇਗਾ।
ਸਾਜਿਦ ਤਰਾਰ ਨੇ ਕਿਹਾ ਕਿ ਮੈਂ ਪਹਿਲੇ ਦਿਨ ਤੋਂ ਟਰੰਪ ਨੂੰ ਬਹੁਤ ਨੇੜੇ ਤੋਂ ਜਾਣਦਾ ਹਾਂ ਉਨ੍ਹਾਂ ਦੀ ਪਤਨੀ ਵੀ ਇੰਮੀਗ੍ਰਾਂਟ ਹੈ, ਸੋ ਉਨ੍ਹਾਂ ਨੂੰ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਦਾ ਪਤਾ ਹੈ ਉਹ ਗਿਆਰਾਂ ਮਿਲੀਅਨ ਨੂੰ ਲੀਗਲ ਕਰਨਗੇ। ਟਰੰਪ ਨੂੰ ਕਾਰੋਬਾਰੀ ਤਜ਼ਰਬਾ ਹੈ ਅਤੇ ਮੁਲਕ ਦੀ ਬਿਹਤਰੀ ਲਈ ਉਹ ਹਰ ਹੀਲਾ ਕਰਨਗੇ, ਸੋ ਸਹਿਮ ਤੋਂ ਮੁਕਤ ਹੋਵੋ ਅਤੇ ਆਪਣੀਆਂ ਕਾਰੋਬਾਰੀਆਂ ਵਿੱਚ ਤਨਦੇਹੀ ਨਾਲ ਕੰਮ ਕਰੋ।
ਪ੍ਰਬੰਧਕਾਂ ਵਲੋਂ ਜਿੱਥੇ ਉਨ੍ਹਾਂ ਨੂੰ ਵਧੀਆ ਟਰਾਫੀਆਂ ਨਾਲ ਸਨਮਾਨਤ ਕੀਤਾ, ਉੱਥੇ ਭਵਿੱਖ ਵਿੱਚ ਇੰਮੀਗ੍ਰੇਸ਼ਨ ਸਬੰਧੀ ਨਵੇਂ ਕਦਮਾਂ ਤੋਂ ਜਾਣੂ ਕਰਵਾਉਣ ਦੀ ਬੇਨਤੀ ਕੀਤੀ ਗਈ। ਗੁਰਦੇਵ ਸਿੰਘ ਕੰਗ ਸਿੱਖ ਕਲਚਰਲ ਸੁਸਾਇਟੀ ਦੇ ਮੁੱਖ ਸੇਵਾਦਾਰ ਨੇ ਸੰਗਤਾਂ ਨੂੰ ਸੰਬੋਧਨ ਕਰਕੇ ਕਿਹਾ ਕਿ ਟਰੰਪ ਸਾਹਿਬ ਜੋ ਕਹਿੰਦੇ ਹਨ ਉਸ ਨੂੰ ਪੂਰਾ ਕਰਦੇ ਹਨ। ਉਨ੍ਹਾਂ ਦੀ ਸਪੱਸ਼ਟਤਾ ਨੂੰ ਮੀਡੀਆ ਗਲਤ ਬਿਆਨ ਕਰਕੇ ਲੋਕਾਂ ਨੂੰ ਭਰਮ ਭੁਲੇਖਿਆਂ ਵਿੱਚ ਪਾ ਰਿਹਾ ਹੈ। ਜਿਸ ਸਬੰਧੀ ਸਾਜਿਦ ਤਰਾਰ ਅਤੇ ਜੱਸੀ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਟਰੰਪ ਵਲੋਂ ਸਿਰਫ ਮਾੜੇ ਕਿਰਦਾਰ ਵਾਲੇ ਦੋਸ਼ੀਆਂ ਤੇ ਹੀ ਤਲਵਾਰ ਲਟਕਾਈ ਹੈ ਜੋ ਜਾਇਜ਼ ਹੈ।
ਉਨ੍ਹਾਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਜਸਦੀਪ ਸਿੰਘ ਜੱਸੀ, ਸਾਜਿਦ ਤਰਾਰ, ਡਾ. ਗਿੱਲ, ਆਤਮਾ ਸਿੰਘ ,ਪਾਲ ਸਿੰਘ ,ਬਲਜਿੰਦਰ ਸਿੰਘ ਸ਼ੰਮੀ ਵਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਟਰੰਪ ਟੀਮ ਨੂੰ ਸੰਗਤਾਂ ਦੇ ਰੂਬਰੂ ਕੀਤਾ। ਹਰਵਿੰਦਰ ਰਿਆੜ ਉੱਘੇ ਪੱਤਰਕਾਰ ਨੇ ਸਾਜਿਦ ਤਰਾਰ ਅਤੇ ਜੱਸੀ ਸਿੰਘ ਦੀ ਸੰਗਤਾਂ ਨਾਲ ਜਾਣ-ਪਛਾਣ ਕਰਵਾਈ ਅਤੇ ਉਨ੍ਹਾਂ ਵਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਜੋ ਕਾਬਲੇ ਤਾਰੀਫ ਸੀ। ਸੰਗਤਾਂ ਦੇ ਭਰਵੇਂ ਇਕੱਠ ਦੀ ਸਾਂਝ ਪਾ ਕੇ ਉਨ੍ਹਾਂ ਦੇ ਭਰਮ ਭੁਲੇਖਿਆਂ ਨੂੰ ਦੂਰ ਕਰਕੇ ਇਨ੍ਹਾਂ ਵਾਹ ਵਾਹ ਖੱਟੀ ਜੋ ਕਿ ਸਮੇਂ ਦੀ ਲੋੜ ਸੀ।