ਮੈਰੀਲੈਂਡ (ਗਿੱਲ) – ਸੇਵਾ ਤੇ ਸਾਦਗੀ ਦੇ ਪੁੰਜ ਨਰਮ ਸੁਭਾਅ ਦੇ ਮਾਲਕ ਸਵਰਗਵਾਸੀ ਸਖਸ਼ੀਅਤ ਨਰਿੰਦਰਪਾਲ ਸਿੰਘ ਸੂਰੀ ਦੀ ਅੰਤਿਮ ਅਰਦਾਸ ਸਮੇਂ ਜਿੱਥੇ ਭਾਈ ਸੁਰਜੀਤ ਸਿੰਘ ਹੈੱਡ ਗ੍ਰੰਥੀ ਅਤੇ ਭਾਈ ਬਖਸ਼ੀਸ਼ ਸਿੰਘ ਬਠਿੰਡਾ ਵਲੋਂ ਵਿਰਾਗਮਈ ਕੀਰਤਨ ਸਰਵਣ ਕਰਵਾਇਆ ਗਿਆ। ਉੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਸੱਚਾਈ ਤੋਂ ਵੀ ਜਾਣੂ ਕਰਵਾਇਆ ਕਿ ਸਿਰਫ ਗੁਰੂ ਦਾ ਨਾਮ ਅਤੇ ਉਸਦੀ ਮਹਿਮਾ ਦਾ ਜੱਸ ਹੀ ਇਨਸਾਨ ਨੂੰ ਪਾਰ ਲਗਾਉਂਦਾ ਹੈ। ਸੋ ਨਰਿੰਦਰਪਾਲ ਸਿੰਘ ਸੂਰੀ ਸੇਵਾ ਅਤੇ ਸਾਦਗੀ ਦੇ ਪੁੰਜ ਸਨ, ਜਿਨ੍ਹਾਂ ਨੇ ਲੋਕ ਜਸ ਅਤੇ ਮਹਿਮਾ ਦਾ ਭਰਪੂਰ ਲਾਹਾ ਲਿਆ ਹੈ। ਜਿਸ ਸਦਕਾ ਅੱਜ ਦਾ ਇਕੱਠ ਗਵਾਹ ਹੈ।
ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਪੋਤਰੀਆਂ ਅਤੇ ਪੋਤਰਿਆਂ ਵਲੋਂ ਉਨ੍ਹਾਂ ਵਲੋਂ ਸੁਣਾਇਆ ਜਾਂਦਾ ਸ਼ਬਦ 'ਜੋ ਮਾਂਗੈ ਠਾਕੁਰ ਆਪਨੇ ਤੇ ਸੋਈ ਸੋਈ ਦੇਵੇ' ਬੜੀ ਹੀ ਸ਼ਰਧਾ ਅਤੇ ਰਸਮਈ ਢੰਗ ਨਾਲ ਗਾਇਆ, ਜਿਸ ਨੂੰ ਮੇਹਰਵੀਨ ਕੌਰ ਅਤੇ ਜਸਕੀਰਤ ਕੌਰ ਨੇ ਬਾਖੂਬੀ ਨਿਭਾਇਆ। ਉਪਰੰਤ ਕਾਕਾ ਜਪਨੀਤ ਸਿੰਘ ਅਤੇ ਪ੍ਰਭਜੀਤ ਨੇ ਆਪਣੇ ਦਾਦੇ ਦੀ ਜ਼ਿੰਦਗੀ ਤੇ ਜੀਵਨ ਜਾਚ ਪ੍ਰਤੀ ਆਪਣੇ ਤਜ਼ਰਬਿਆਂ ਨੂੰ ਸੰਗਤਾਂ ਨਾਲ ਸਾਂਝਾ ਕੀਤਾ। ਨਰਿੰਦਰਪਾਲ ਸਿੰਘ ਸੂਰੀ ਨੇ ਕਦੇ ਵੀ ਨਾ-ਵਾਚਕ ਰਵੱਈਆ ਸਾਰੀ ਜ਼ਿੰਦਗੀ ਨਹੀਂ ਦਿਖਾਇਆ। ਉਨ੍ਹਾਂ ਦੀ ਅਡੋਲਤਾ ਅਤੇ ਹਲੀਮੀ ਹਮੇਸ਼ਾ ਹੀ ਉਨ੍ਹਾਂ ਪ੍ਰਤੀ ਸ਼ਰਧਾ ਸਿਰਜਦੀ ਰਹੀ, ਜਿਸ ਕਰਕੇ ਸੰਗਤਾਂ ਉਨ੍ਹਾਂ ਨੂੰ ਮੋਹ ਬਖਸ਼ਦੀਆਂ ਸਨ।
ਜੀਤ ਸਿੰਘ ਸਾਬਕਾ ਪ੍ਰਧਾਨ ਵਲੋਂ ਗੁਰੂਆਂ ਅਤੇ ਸ਼ਹੀਦਾਂ ਦੀਆਂ ਸਾਥੀਆਂ ਦੀ ਸਾਂਝ ਪਾ ਕੇ ਸ਼ਰਧਾ ਦੇ ਫੁੱਲ ਸੂਰੀ ਸਾਹਿਬ ਨੂੰ ਭੇਂਟ ਕੀਤੇ। ਸਮੁੱਚੀ ਸੰਗਤਾਂ ਵਲੋਂ ਅਰਦਾਸ ਰਾਹੀਂ ਵਿਛੜੀ ਰੂਹ ਨੂੰ ਨਮਨ ਅੱਖਾਂ ਨਾਲ ਸ਼ਰਧਾ ਦੇ ਫੁੱਲ ਅਰਪਨ ਕੀਤੇ ਅਤੇ ਵਿਛੜੀ ਰੂਹ ਲਈ ਅਰਦਾਸ ਕਰਕੇ ਉਨ੍ਹਾਂ ਨੂੰ ਗੁਰੂ ਚਰਨਾ ਵਿੱਚ ਨਿਵਾਸ ਲਈ ਅਰਦਾਸ ਦੇ ਨਾਲ-ਨਾਲ ਪਰਿਵਾਰ ਨੂੰ ਭਾਣੇ ਵਿੱਚ ਰਹਿ ਕੇ ਵਿਚਰਨ ਦਾ ਜ਼ਿਕਰ ਕੀਤਾ।
ਸਟੇਜ ਦੀ ਸੇਵਾ ਭਾਈ ਗੁਰਚਰਨ ਸਿੰਘ ਨੇ ਬਹੁਤ ਹੀ ਸ਼ਰਧਾ ਅਤੇ ਬਾਣੀ ਦੇ ਅਧਾਰ ਤੇ ਗੱਲਬਾਤ ਕਰਕੇ ਕੀਤੀ ਜੋ ਤਰੀਫਯੋਗ ਸੀ। ਜਿੱਥੇ ਗੁਰੂ ਦੇ ਲੰਗਰਾਂ ਦਾ ਅਤੁੱਟ ਵਰਤਾਰਾ ਹੋਇਆ, ਉੱਥੇ ਪੂਰੇ ਪਰਿਵਾਰ ਦੀ ਸੇਵਾ ਨਰਿੰਦਰਪਾਲ ਸਿੰਘ ਸੂਰੀ ਦੀ ਅੰਤਮ ਰਸਮ ਸਮੇਂ ਵੀ ਉਸੇ ਲਹਿਜੇ ਵਿੱਚ ਕੀਤੀ ਗਈ ਜਿਸ ਲਈ ਉਹ ਹਮੇਸ਼ਾ ਲੋਚਦੇ ਸਨ। ਸਮੁੱਚੀ ਪ੍ਰਬੰਧਕ ਕਮੇਟੀ ਲਈ ਵੀ ਨਾ ਪੂਰਿਆਂ ਹੋਣ ਵਾਲਾ ਘਾਟਾ ਸਦਾ ਉਨ੍ਹਾਂ ਦੀ ਯਾਦ ਦਿਵਾਉਂਦਾ ਰਹੇਗਾ।