ਮੈਰੀਲੈਂਡ (ਗਿੱਲ) – ਨਰਿੰਦਰਪਾਲ ਸਿੰਘ ਸੂਰੀ ਨੇ ਆਪਣੀ ਮੁਢਲੀ ਜ਼ਿੰਦਗੀ ਕੀਨੀਆ ਵਿੱਚ ਗੁਜ਼ਾਰੀ ਸੀ ਅਤੇ ਆਪਣਾ ਜੀਵਨ ਸਿੱਖੀ ਨੂੰ ਸਮਰਪਿਤ ਰੱਖਿਆ ਸੀ। 1976 'ਚ ਉਨ੍ਹਾਂ ਨੂੰ ਅਮਰੀਕਾ ਆਉਣ ਦਾ ਮੌਕਾ ਮਿਲਿਆ, ਜਿੱਥੇ ਉਨ੍ਹਾਂ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਘਰ ਵਿੱਚ ਸਿੱਖ ਪਰਿਵਾਰਾਂ ਨੂੰ ਬੁਲਾ ਕੇ ਕੀਰਤਨ ਅਤੇ ਲੰਗਰ ਦੀ ਸੇਵਾ ਕਰਦੇ ਰਹੇ ਅਤੇ ਫਿਰ ਉਨ੍ਹਾਂ ਗੁਰੂਘਰ ਦਾ ਮਿਸ਼ਨ ਹੋਂਦ ਵਿੱਚ ਲਿਆਂਦਾ।
ਉਹ ਸ਼ੁਰੂ ਤੋਂ ਹੀ ਗੁਰੂਘਰ ਦੀ ਕਮੇਟੀ ਵਿੱਚ ਕਈ ਅਹੁਦਿਆਂ ਤੇ ਰਹੇ, ਪਰ ਲੰਗਰ ਦੀ ਸੇਵਾ ਅਤੇ ਇੰਚਾਰਜ ਦੀ ਸੇਵਾ ਕਈ ਸਾਲਾਂ ਤੋਂ ਕਰਦੇ ਆ ਰਹੇ ਸਨ। ਪਿਛਲੇ ਦਿਨੀਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਜੋ ਉਨ੍ਹਾਂ ਲਈ ਜਾਨਲੇਵਾ ਸਾਬਤ ਹੋਇਆ। ਭਾਵੇਂ ਉਨ੍ਹਾਂ ਨੂੰ ਮਾਹਰ ਡਾਕਟਰਾਂ ਵਲੋਂ ਬਚਾਉਣ ਲਈ ਪੂਰੀ ਵਾਹ ਲਾਈ ਗਈ, ਪਰ ਉਹ ਫਰੈਕਲਿਨ ਸੁਕੇਅਰ ਹਸਪਤਾਲ ਵਿੱਚ ਸ਼ੁੱਕਰਵਾਰ ਸਵੇਰੇ ਛੇ ਵਜੇ ਆਖਰੀ ਸਾਹ ਤਿਆਗ ਗਏ।
ਉਨ੍ਹਾਂ ਦੇ ਇਸ ਫਾਨੀ ਸੰਸਾਰ ਤੋਂ ਜਾਣ ਤੇ ਕਾਫੀ ਘਾਟਾ ਪਿਆ ਹੈ ਪਰ ਉਨ੍ਹਾਂ ਦੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਦੁੱਖ ਦੀ ਘੜ ਵਿੱਚ ਜਸਦੀਪ ਸਿੰਘ ਜੱਸੀ ਸਾਊਥ ਏਸ਼ੀਅਨ ਕਮਿਸ਼ਨਰ, ਮਨਜੀਤ ਸਿੰਘ ਕੈਰੋਂ ਪ੍ਰਧਾਨ ਗੁਰਦੁਆਰਾ ਸਿੱਖ ਐਸੋਸੀਏਸ਼ਨ, ਖਾਲਸਾ ਪੰਜਾਬੀ ਸਕੂਲ ਦਾ ਸਮੂਹ ਸਟਾਫ, ਬਲਜਿੰਦਰ ਸਿੰਘ ਸ਼ੰਮੀ, ਕੇ. ਕੇ. ਸਿੱਧੂ, ਰਮਿੰਦਰਜੀਤ ਕੌਰ ਕੈਸ਼ੀਅਰ, ਹਰੀਰਾਜ ਸਿੰਘ ਸਾਬਕਾ ਪ੍ਰਧਾਨ ਗੁਰੂਘਰ ਅਤੇ ਕਈ ਉੱਘੀਆਂ ਸਖਸ਼ੀਅਤਾਂ ਨੇ ਸੂਰੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਗੁਰਚਰਨ ਸਿੰਘ ਅਤੇ ਭਾਈ ਮੰਗਲ ਸਿੰਘ ਵਲੋਂ ਵੀ ਸ਼ੋਕ ਸੁਨੇਹੇ ਭੇਜੇ ਅਤੇ ਵਿੱਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।