''ਅੱਜ ਸਿੱਖਾਂ ਨੇ ਬਾਜ਼ ਨੂੰ ਹੱਥ ਪਾਇਆ ਹੈ, ਕੱਲ੍ਹ ਤਾਜ ਨੂੰ ਵੀ ਪਾਉਣਗੇ''
-ਗਿ. ਸੋਹਣ ਸਿੰਘ ਸੀਤਲ
ਮੁਗਲਾਂ ਦੀ ਨੀਤੀ ਹਰ ਨਵੇਂ ਬਾਦਸ਼ਾਹ ਦੇ ਤਖਤ ਤੇ ਬੈਠਣ ਨਾਲ ਬਦਲਦੀ ਰਹੀ ਹੈ। ਮੁਗਲ ਬਾਦਸ਼ਾਹ ਮੁਸਲਮਾਨ ਸਨ, ਇਸ ਵਾਸਤੇ ਉਸ ਵੇਲੇ ਹਰ ਮੁਸਲਮਾਨ ਆਪਣੇ ਆਪ ਨੂੰ ਹੁਕਮਰਾਨ ਕੌਮ ਦਾ ਅੰਗ ਸਮਝਦਾ ਸੀ। ਹਰ ਗੈਰ ਮੁਸਲਮਾਨ ਨੂੰ ਮਾਹਕੂਮ ਜਾਂ ਗੁਲਾਮ ਸਮਝਿਆ ਜਾਂਦਾ ਸੀ। ਇਸਲਾਮ ਦੇ ਧਾਰਮਿਕ ਆਗੂਆਂ ਮੁੱਲਾਂ ਮੁਲਾਣਿਆਂ ਦਾ ਰਾਜ ਕਾਜ ਵਿੱਚ ਬਹੁਤ ਹੱਥ ਸੀ। ਰਾਜਨੀਤੀ ਨੂੰ ਇਸਲਾਮੀ ਸ਼ਰ੍ਹਾ ਦੇ ਅਧੀਨ ਚਲਾਇਆ ਜਾਂਦਾ ਸੀ। ਏਹਾ ਕਾਰਨ ਹੈ ਕਿ ਹਰ ਨਵਾਂ ਬਾਦਸ਼ਾਹ ਆਪਣਾ ਤਸੱਲਤ ਜਮਾਉਣ ਵਾਸਤੇ ਸਭ ਤੋਂ ਪਹਿਲਾਂ ਮੁੱਲਾਂ ਮੌਲਾਣਿਆਂ ਨੂੰ ਖੁਸ਼ ਕਰਨਾ ਜ਼ਰੂਰੀ ਸਮਝਦਾ ਸੀ। ਜਹਾਂਗੀਰ ਨੇ ਵੀ ਪਹਿਲਾਂ ਪਹਿਲਾਂ ਤਅੱਸਬ ਵਿੱਚ ਬੜੇ ਅਨਰਥ ਕੀਤੇ ਸਨ, ਪਰ ਪਿੱਛੋਂ ਆ ਕੇ ਉਹ ਕੁਝ ਖੁੱਲ੍ਹ¸ਦਿਲਾ ਹੋ ਗਿਆ ਸੀ। ਉਸ ਦੇ ਮਰਨ ਪਿੱਛੋਂ ਸ਼ਾਹ ਜਹਾਨ ਤਖਤ ਉੱਤੇ ਬੈਠਾ। ਆਰੰਭ ਵਿੱਚ ਉਸ ਨੇ ਵੀ ਹਿੰਦੂਆਂ ਉੱਤੇ ਸਖਤੀ ਕਰਨ ਵਿੱਚ ਕਸਰ ਨਾ ਛੱਡੀ। ਕੁਝ ਉਸ ਦੇ ਤਅੱਸਬੀ ਅਫਸਰ ਆਪ ਹੀ ਤੇਜ਼ ਹੋ ਗਏ।
ਗੁਰੂ ਹਰਿਗੋਬਿੰਦ ਜੀ ਦੇ ਵਿਰੋਧੀ
ਸ਼ਾਹ ਜਹਾਨ ਦੇ ਬਾਦਸ਼ਾਹ ਬਣਨ ਉੱਤੇ ਗੁਰੂ ਘਰ ਦੇ ਵਿਰੋਧੀਆਂ ਨੇ ਇੱਕ ਵਾਰ ਫਿਰ ਸਿਰ ਉਠਾਏ। ਉਹਨਾਂ ਵਿੱਚੋਂ ਮੋਹਰੀ ਸਨ, ਮੇਹਰਬਾਨ ਤੇ ਚੰਦੂ ਦਾ ਪੁੱਤਰ ਕਰਮ ਚੰਦ। ਤੀਜਾ ਉਹਨਾਂ ਦੇ ਨਾਲ ਕਾਜ਼ੀ ਰੁਸਤਮ ਖਾਂ ਰਲ ਗਿਆ। ਉਹਨਾਂ ਦੇ ਚੁੱਕੇ ਚੁਕਾਏ ਲਾਹੌਰ ਦੇ ਸੂਬੇਦਾਰ ਨੇ ਸਿੱਖੀ ਪ੍ਰਚਾਰ ਉੱਤੇ ਕੁਝ ਪਾਬੰਦੀਆਂ ਲਾ ਦਿੱਤੀਆਂ। ਸਰਕਾਰ ਵੱਲੋਂ ਇਹ ਪਹਿਲ ਸੀ ਸਿੱਖਾਂ ਨਾਲ ਟੱਕਰ ਲੈਣ ਦੀ। ਹੁਣ ਹਾਕਮ ਸਿਰਫ ਕਿਸੇ ਬਹਾਨੇ ਦੀ ਉਡੀਕ ਵਿੱਚ ਸਨ।
ਬਾਜ਼ ਦਾ ਝਗੜਾ
ਝਗੜੇ ਦਾ ਬਹਾਨਾ ਵੀ ਛੇਤੀ ਮਿਲ ਗਿਆ। ਪਿੰਡ ਕੁਹਾਲਾ (ਰਾਮ ਤੀਰਥ ਦੇ ਨੇੜੇ) ਦੇ ਆਸੇ ਪਾਸੇ ਉਸ ਸਮੇਂ ਸੰਘਣਾ ਜੰਗਲ ਸੀ। ਲਾਹੌਰ ਦੇ ਕੁਝ ਮੁਸਲਮਾਨ ਕਰਮਚਾਰੀ ਉਸ ਜੰਗਲ ਵਿੱਚ ਸ਼ਿਕਾਰ ਖੇਡ ਰਹੇ ਸਨ। ਦੂਸਰੇ ਪਾਸੇ ਸਿੱਖਾਂ ਦਾ ਇੱਕ ਜੱਥਾ ਵੀ ਸ਼ਿਕਾਰ ਖੇਡਦਾ ਖੇਡਦਾ ਓਸ ਪਾਸੇ ਜਾ ਨਿਕਲਿਆ। ਮੁਸਲਮਾਨ ਸ਼ਿਕਾਰੀਆ ਦਾ ਬਾਜ਼ ਉੱਡ ਕੇ ਸਿੱਖਾਂ ਦੇ ਬਾਜ਼ਾਂ ਨਾਲ ਆ ਮਿਲਿਆ। ਸ਼ਿਕਾਰੀਆ ਦੇ ਨਿਯਮ ਅਨੁਸਾਰ ਕਿਸੇ ਦਾ ਬਾਜ਼ ਉਡ ਕੇ ਦੂਸਰੇ ਬਾਜ਼ਾਂ ਵਿੱਚ ਜਾ ਮਿਲੇ ਤਾਂ ਪਹਿਲਾ ਮਾਲਕ ਉਸ ਦੀ ਵਾਪਸੀ ਦੀ ਮੰਗ ਨਹੀਂ ਕਰ ਸਕਦਾ।* ਪਰ ਮੁਸਲਮਾਨ ਸ਼ਿਕਾਰੀ ਆਪਣੇ ਆਪ ਨੂੰ ਮੁਲਕ ਦੇ ਹੁਕਮਰਾਨ ਸਮਝਦੇ ਸਨ ਤੇ ਬਾਕੀ ਸਭ ਨੂੰ ਆਪਣੇ ਗੁਲਾਮ। ਉਹ ਆਏ ਤੇ ਸਿੱਖਾਂ ਨੂੰ ਧਮਕਾਉਣ ਲੱਗ ਪਏ ਕਿ ਉਹਨਾਂ ਦੇ ਬਾਜ਼ ਕਿਉਂ ਫੜ੍ਹਿਆ ਹੈ। ਸਿੱਖ ਉਹਨਾਂ ਦੀ ਨਾਜਾਇਜ਼ ਧੌਂਸ ਮੰਨਣ ਲਈ ਤਿਆਰ ਨਹੀਂ ਸੀ। ਸੋ ਦੋਹੀਂ ਪਾਸੀਂ ਕਾਫੀ ਬੁਲਾਰਾ ਵਧ ਗਿਆ। ਸਿੱਖ ਹਰ ਤਰ੍ਹਾਂ ਟੱਕਰ ਲੈਣ ਵਾਸਤੇ ਤਿਆਰ ਹੋ ਗਏ, ਤਾਂ ਮੁਸਲਮਾਨ ਸ਼ਿਕਾਰੀ ਲੜਾਈ ਤੋਂ ਕਿਨਾਰਾ ਕਰਕੇ ਖਿਸਕ ਗਏ।
ਉਹਨਾਂ ਵਾਪਸ ਲਾਹੌਰ ਜਾ ਕੇ ਬਹੁਤ ਹਾਲ ਦੁਹਾਈ ਮਚਾਈ। ਗੱਲ ਬਾਦਸ਼ਾਹ ਦੇ ਕੰਨਾਂ ਤੱਕ ਵੀ ਪਹੁੰਚੀ। ਚੁਗਲਾਂ ਨੇ ਬਾਦਸ਼ਾਹ ਨੂੰ ਭੜਕਾਉਣ ਵਾਸਤੇ ਇੱਥੋਂ ਤੱਕ ਕਿਹਾ, ''ਅੱਜ ਸਿੱਖਾਂ ਨੇ ਬਾਜ਼ ਨੂੰ ਹੱਥ ਪਾਇਆ ਹੈ, ਕੱਲ੍ਹ ਤਾਜ ਨੂੰ ਵੀ ਪਾਉਣਗੇ।''
ਇਸ ਚੁੱਕਣਾ ਦੇ ਕਾਰਨ ਲਾਹੌਰ ਦੇ ਸੂਬੇਦਾਰ ਨੂੰ ਗੁਰੂ ਹਰਿਗੋਬਿੰਦ ਜੀ ਨਾਲ ਨਜਿੱਠਣ ਵਾਸਤੇ ਬਾਦਸ਼ਾਹ ਦੀ ਰਜ਼ਾਮੰਦੀ ਹਾਸਲ ਹੋ ਗਈ। ਸੂਬੇਦਾਰ ਨੇ ਮੁਖਲਿਸ ਖਾਂ ਜਰਨੈਲ ਨੂੰ ਸੱਤ ਹਜ਼ਾਰ ਫੌਜ ਦੇ ਕੇ ਅੰਮ੍ਰਿਤਸਰ ਉੱਤੇ ਚੜ੍ਹਾ ਭੇਜਿਆ।
ਅੰਮ੍ਰਿਤਸਰ ਦੀ ਲੜਾਈ
ਗੁਰੂ ਹਰਿਗੋਬਿੰਦ ਜੀ ਇਸ ਲੜਾਈ ਵਾਸਤੇ ਤਿਆਰ ਨਹੀਂ ਸਨ। ਆਪ ਬੀਬੀ ਵੀਰੋ ਦੇ ਵਿਆਹ ਦੇ ਆਹਰ ਵਿੱਚ ਰੁੱਝੇ ਹੋਏ ਸਨ। ਪਤਾ ਤਾਂ ਲੱਗਾ ਜਾਂ ਮੁਖਲਿਸ ਖਾਂ ਦੀ ਫੌਜ ਨੇ ਹਮਲਾ ਕਰ ਦਿੱਤਾ। ਹਮਲਾ ਰਾਤ ਦੇ ਹਨੇਰੇ ਦੀ ਓਟ ਵਿੱਚ ਕੀਤਾ ਗਿਆ। ਅੱਗੋਂ ਸਿੱਖਾਂ ਵੀ ਸ਼ਸਤਰ ਸੰਭਾਲ ਲਏ, ਪਰ ਸਭ ਤੋਂ ਪਹਿਲਾਂ ਜ਼ਰੂਰੀ ਸੀ ਕਿ ਗੁਰੂ ਮਹਾਰਾਜ ਦੇ ਮਹਿਲਾਂ ਤੇ ਬੀਬੀ ਵੀਰੋ ਨੂੰ ਨਾਲ ਲੈ ਕੇ ਝਬਾਲ ਵੱਲ ਤੁਰ ਪਏ। ਜਿੰਨਾ ਉਠਾਇਆ ਜਾ ਸਕਿਆ, ਸਾਮਾਨ ਵੀ ਨਾਲ ਲੈ ਲਿਆ। ਸਭ ਤੋਂ ਕੀਮਤੀ ਸੀ ਗੁਰੂ ਅਰਜਨ ਦੇਵ ਜੀ ਦੀ ਲਿਖਵਾਈ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੀੜ। ਉਹ ਵੀ ਸਿੱਖ ਨਾਲ ਝਬਾਲ ਲੈ ਗਏ।
ਲੋਹਗੜ੍ਹ ਦੇ ਕਿਲ੍ਹੇ ਵਿੱਚ ਬਹੁਤ ਥੋੜ੍ਹੇ ਸਿੱਖ ਸਨ। ਉਹ ਉੱਥੇ ਮਰਦਾਂ ਵਾਂਗ ਲੜ ਕੇ ਸ਼ਹੀਦ ਹੋ ਗਏ। ਲੜਾਈ ਦੋ ਪਾਸਿਆਂ ਵੱਲ ਖਿੱਲਰ ਗਈ। ਲਾਹੌਰ ਵਾਲੇ ਪਾਸੇ ਖਾਲਸਾ ਕਾਲਜ ਤੱਕ ਤੇ ਤਰਨਤਾਰਨ ਵਾਲੇ ਪਾਸੇ ਸੰਗਰਾਣਾ ਸਾਹਿਬ ਤੱਕ।
ਗੁਰੂ ਮਹਾਰਾਜ ਦੀ ਕਮਾਨ ਥੱਲੇ ਸਿੱਖ ਇਹ ਪਹਿਲੀ ਲੜਾਈ ਲੜੇ ਸਨ, ਪਰ ਜਿਸ ਬਹਾਦਰੀ ਨਾਲ ਉਹਨਾਂ ਟਾਕਰਾ ਕੀਤਾ, ਦੁਸ਼ਮਣ ਵੇਖ ਕੇ ਹੈਰਾਨ ਰਹਿ ਗਏ। ਅਗਲਾ ਸਾਰਾ ਦਿਨ (25 ਜੇਠ, 1685 ਬਿ.) ਲੜਾਈ ਹੁੰਦੀ ਰਹੀ। ਮੁਗਲ ਫੌਜ ਦਾ ਜਰਨੈਲ ਮੁਖਲਿਸ ਖਾਂ ਗੁਰੂ ਜੀ ਦੇ ਹੱਥੋਂ ਮੈਦਾਨ ਵਿੱਚ ਮਾਰਿਆ ਗਿਆ। ਨਖਸਮੀ ਫੌਜ ਪਿੜ ਛੱਡ ਕੇ ਲਾਹੌਰ ਨੂੰ ਨੱਸ ਗਈ। ਸਿੱਖ ਫੌਜਾਂ ਫਤਹਿ ਦੇ ਨਗਾਰੇ ਵਜਾਉਂਦੀਆਂ ਝਬਾਲ ਨੂੰ ਹੋ ਤੁਰੀਆਂ।