ਚੰਡੀਗੜ੍ਹ- ਆਮ ਆਦਮੀ ਪਾਰਟੀ ਦਿੱਲੀ ਵਿਧਾਨ ਸਭਾ ਚੋਣਾਂ ’ਚ ਮਿਲੀ ਹਾਰ ਤੋਂ ਸਬਕ ਲੈਂਦਿਆਂ ਹੁਣ ਨਵਾਂ ‘ਪੰਜਾਬ ਮਾਡਲ’ ਤਿਆਰ ਕਰੇਗੀ ਤਾਂ ਜੋ ਕੌਮੀ ਨਕਸ਼ੇ ’ਤੇ ਵਿਕਾਸ ਦੇ ਨਵੇਂ ਨਕਸ਼ ਦਿਖਾਏ ਜਾ ਸਕਣ। ਦਿੱਲੀ ’ਚ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਵਿਧਾਇਕਾਂ ਅਤੇ ਵਜ਼ੀਰਾਂ ਦੀ ਮੀਟਿੰਗ ’ਚ ਉਪਰੋਕਤ ਸੁਨੇਹਾ ਦਿੱਤਾ ਗਿਆ। ਕਪੂਰਥਲਾ ਹਾਊਸ ’ਚ ਅੱਜ ਹੋਈ ਸੰਖੇਪ ਮੀਟਿੰਗ ’ਚ ਸਮੁੱਚੀ ਲੀਡਰਸ਼ਿਪ ਨੇ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਅਤੇ ਵਿਰੋਧੀਆਂ ਦੇ ਦਾਅਵਿਆਂ ਨੂੰ ਖ਼ਾਰਜ ਕਰਦਿਆਂ ਸਰਕਾਰ ਨੂੰ ਕੋਈ ਖ਼ਤਰਾ ਨਾ ਹੋਣ ਦਾ ਸੰਕੇਤ ਵੀ ਦਿੱਤਾ। ਦਿੱਲੀ ਦੇ ਕਪੂਰਥਲਾ ਹਾਊਸ ’ਚ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੀਿਟੰਗ ਮਗਰੋਂ ਪੰਜਾਬ ਇਕਾਈ ਦੇ ਪ੍ਰਧਾਨ ਅਮਨ ਅਰੋੜਾ ਨਾਲ ਗੱਲਬਾਤ ਕਰਦੇ ਹੋਏ ਪਾਰਟੀ ਦੇ ਵਿਧਾਇਕ।
ਪੰਜਾਬ ’ਚ ਹੁਣ ਤੱਕ ‘ਦਿੱਲੀ ਮਾਡਲ’ ਦੀ ਚਰਚਾ ਹੁੰਦੀ ਰਹੀ ਸੀ ਜਦੋਂ ਕਿ ਅੱਜ ਪਹਿਲੀ ਵਾਰ ‘ਪੰਜਾਬ ਮਾਡਲ’ ਦੀ ਗੱਲ ਸ਼ੁਰੂ ਹੋਈ ਹੈ। ਮੀਟਿੰਗ ਦੌਰਾਨ ਕੇਜਰੀਵਾਲ ਨੇ ਪੰਜਾਬ ਦੇ ਵਿਧਾਇਕਾਂ ਨੂੰ ‘ਮਿਸ਼ਨ 2027’ ਲਈ ‘ਪੰਜਾਬ ਮਾਡਲ’ ਵਾਸਤੇ ਸਮੂਹਿਕ ਜ਼ਿੰਮੇਵਾਰੀ ਨਿਭਾਉਣ ਦਾ ਸੱਦਾ ਦਿੱਤਾ। ਕੌਮੀ ਲੀਡਰਸ਼ਿਪ ਦੇ ਚਿਹਰਿਆਂ ਤੋਂ ਦਿੱਲੀ ਚੋਣਾਂ ਦੀ ਹਾਰ ਦਾ ਪਰਛਾਵਾਂ ਤਾਂ ਸਾਫ਼ ਦਿੱਖ ਰਿਹਾ ਸੀ ਪ੍ਰੰਤੂ ਕੇਜਰੀਵਾਲ ਨੇ ਪੰਜਾਬ ਦੇ ਵਿਧਾਇਕਾਂ ਨੂੰ ਹਿੰਮਤ ਰੱਖਣ ਦੀ ਢਾਰਸ ਦਿੱਤੀ। ਪਾਰਟੀ ਨੇ ਦਿੱਲੀ ਚੋਣਾਂ ’ਚ ਪੰਜਾਬ ਦੇ ਵਿਧਾਇਕਾਂ ਵੱਲੋਂ ਪਾਏ ਯੋਗਦਾਨ ਬਦਲੇ ਧੰਨਵਾਦੀ ਲਫ਼ਜ਼ ਵੀ ਆਖੇ। ਕੇਜਰੀਵਾਲ ਨੇ ਵਿਧਾਇਕਾਂ ਨੂੰ ਕਿਹਾ ਕਿ ਉਹ ਕਿਸੇ ਸਮੇਂ ਵੀ ਉਨ੍ਹਾਂ ਨਾਲ ਰਾਬਤਾ ਬਣਾ ਸਕਦੇ ਹਨ। ਉਨ੍ਹਾਂ ਵਿਧਾਇਕਾਂ ਨੂੰ ਬਿਹਤਰੀ ਵਾਸਤੇ ਸੁਝਾਅ ਭੇਜਣ ਲਈ ਵੀ ਕਿਹਾ ਅਤੇ ਆਪੋ-ਆਪਣੇ ਹਲਕਿਆਂ ਵਿਚ ਤਕੜੇ ਹੋ ਕੇ ਕੰਮ ਕਰਨ ਲਈ ਥਾਪੀ ਦਿੱਤੀ। ਉਨ੍ਹਾਂ ਕਿਹਾ ਕਿ ਜੇ ਕੋਈ ਅਧਿਕਾਰੀ ਅੜਿੱਕਾ ਬਣਦਾ ਹੈ ਤਾਂ ਉਸ ਬਾਰੇ ਵੀ ਦੱਸਿਆ ਜਾਵੇ। ਕੇਜਰੀਵਾਲ ਨੇ ਸੰਖੇਪ ਭਾਸ਼ਣ ਦੇ ਅਖੀਰ ’ਚ ਕਿਹਾ, ‘‘ਅਸੀਂ ਤੁਹਾਡੇ ਨਾਲ ਹਾਂ, ਆਓ ਪੰਜਾਬ ’ਚ ਮਿਲ ਕੇ ਕੰਮ ਕਰੀਏ।’’ ਪਤਾ ਲੱਗਾ ਹੈ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਕੁੱਝ ਸਮੇਂ ਲਈ ਵੱਖਰੇ ਤੌਰ ’ਤੇ ਵੀ ਮੁਲਾਕਾਤ ਕੀਤੀ ਹੈ।