ਵਾਸ਼ਿੰਗਟਨ ਡੀ. ਸੀ. (ਗਿੱਲ) – ਅੰਤਰ-ਰਾਸ਼ਟਰੀ ਇੰਦਰਾ ਗਾਂਧੀ ਹਵਾਈ ਅੱਡੇ ਦਾ ਨਾਮ ਬਦਲਣ ਸਬੰਧੀ ਇੱਕ ਮੀਟਿੰਗ ਵਾਸ਼ਿੰਗਟਨ ਡੀ. ਸੀ. ਵਿਖੇ ਹੋਈ ਜਿਸ ਵਿੱਚ ਮੈਟਰੋਪੁਲਿਟਨ ਏਰੀਏ ਦੇ ਕੁਝ ਚੋਣਵੇਂ ਸਿੱਖਾਂ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਵਾਸੀ ਵਿੰਗ ਦੇ ਸਿੱਖ ਇਕਾਈ ਅਤੇ ਕੁਝ ਅੰਤਰ-ਰਾਸ਼ਟਰੀ ਨੇਤਾਵਾਂ ਨੇ ਹਿੱਸਾ ਲਿਆ। ਇਸ ਮੀਟਿੰਗ ਦੇ ਮੁੱਦੇ ਨੂੰ ਸਿੱਖਸ ਫਾਰ ਅਮਰੀਕਾ ਨੇ ਵੀ ਹਮਾਇਤ ਕੀਤੀ। ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਅੰਤਰ-ਰਾਸ਼ਟਰੀ ਦਿੱਲੀ ਹਵਾਈ ਅੱਡੇ ਦਾ ਨਾਮ ਮਹਾਤਮਾ ਗਾਂਧੀ ਰਾਸ਼ਟਰਪਿਤਾ ਜਾਂ ਸਰਦਾਰ ਪਟੇਲ ਅੰਤਰ-ਰਾਸ਼ਟਰੀ ਹਵਾਈ ਅੱਡਾ ਰੱਖਿਆ ਜਾਵੇ।
ਜ਼ਿਕਰਯੋਗ ਹੈ ਕਿ ਇਸ ਮੀਟਿੰਗ ਵਿੱਚ ਹਾਜ਼ਰੀਨ ਨੇ ਇੱਕ ਲਿਖਤੀ ਮਤਾ ਪਾਇਆ ਗਿਆ ਜਿਸ ਦੀ ਕਾਪੀ ਡਾ. ਅਡੱਪਾ ਪ੍ਰਸਾਦ ਸੀਨੀਅਰ ਉੱਪ ਪ੍ਰਧਾਨ ਅਮਰੀਕਾ ਨੂੰ ਸੌਂਪੀ ਗਈ। ਜਿੱਥੇ ਉਨ੍ਹਾਂ ਨੂੰ ਇਸ ਮਤੇ ਨੂੰ ਕੇਂਦਰ ਸਰਕਾਰ ਕੋਲ ਪਹੁੰਚਾਉਣ ਦੀ ਬੇਨਤੀ ਕੀਤੀ ਗਈ ਹੈ, ਉੱਥੇ ਭਾਰਤ ਦੇ ਹੋਮ ਮਨਿਸਟਰ ਸ੍ਰੀ ਰਾਜਨਾਥ ਨੂੰ ਇੱਕ ਕਾਪੀ ਭੇਜਣ ਦਾ ਫੈਸਲਾ ਲਿਆ ਗਿਆ। ਵਫਦ ਨੇ ਭਾਰਤ ਸਰਕਾਰ ਨੂੰ ਇਸ ਉੱਪਰ ਤੁਰੰਤ ਐਕਸ਼ਨ ਕਰਨ ਦੀ ਅਪੀਲ ਕੀਤੀ ਹੈ। ਜੇਕਰ ਇਸ ਸਬੰਧੀ ਭਾਰਤ ਸਰਕਾਰ ਵਲੋਂ ਇੱਕ ਮਹੀਨੇ ਵਿੱਚ ਕੋਈ ਫੈਸਲਾ ਨਾ ਲਿਆ ਤਾਂ ਇੱਕ ਪ੍ਰਵਾਸੀ ਵਫਦ ਹੋਮ ਮਨਿਸਟਰ, ਵਿਦੇਸ਼ ਮੰਤਰੀ ਅਤੇ ਪ੍ਰਧਾਨ ਮੰਤਰੀ ਨੂੰ ਮਿਲਣ ਜਾਵੇਗਾ ਅਤੇ ਲਿਖਤੀ ਰੂਪ ਵਿੱਚ ਬੇਨਤੀ ਕਰੇਗਾ ਕਿ ਉਹ ਦਿੱਲੀ ਹਵਾਈ ਅੱਡੇ ਦਾ ਨਾਮ ਇੰਦਰਾ ਗਾਂਧੀ ਅੰਤਰ-ਰਾਸ਼ਟਰੀ ਹਟਾ ਕੇ ਸਰਦਾਰ ਪਟੇਲ ਮੈਮੋਰੀਅਲ ਅੰਤਰ-ਰਾਸ਼ਟਰੀ ਹਵਾਈ ਅੱਡਾ ਜਾਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਅੰਤਰ-ਰਾਸ਼ਟਰੀ ਏਅਰਪੋਟ ਰੱਖਿਆ ਜਾਵੇ।
ਗੌਰਵਤਲਬ ਹੈ ਕਿ ਇਹੀ ਵਫਦ ਜੰਤਰ-ਮੰਤਰ ਤੇ ਭੁੱਖ ਹੜਤਾਲ ਤੇ ਬੈਠਣ ਦੀ ਕਾਰਵਾਈ ਨੂੰ ਵੀ ਉਲੀਕ ਰਿਹਾ ਹੈ ਤਾਂ ਜੋ ਸਰਕਾਰ ਤੁਰੰਤ ਹਰਕਤ ਵਿੱਚ ਆ ਕੇ ਪ੍ਰਵਾਸੀਆਂ ਦੀ ਇਸ ਮੰਗ ਨੂੰ ਪੂਰਿਆਂ ਕਰਕੇ ਦਿੱਲੀ ਏਅਰਪੋਰਟ ਦਾ ਨਾਮ ਬਦਲਣ ਦੀ ਕਾਰਵਾਈ ਨੂੰ ਅੰਤਿਮ ਰੂਪ ਦਿੱਤਾ ਜਾ ਸਕੇ।