ਵਾਸ਼ਿੰਗਟਨ ਡੀ. ਸੀ. (ਗਿੱਲ) - ਟਰੰਪ ਵਲੋਂ ਆਪਣੀ ਪ੍ਰਸ਼ਾਸਨਿਕ ਟੀਮ ਦੀ ਚੋਣ ਤੋਂ ਬਾਅਦ ਆਪਣੇ ਚਹੇਤਿਆਂ ਨਾਲ ਮੁਲਾਕਾਤ ਕਰਨ ਲਈ ਪਹਿਲ ਕਦਮੀ ਏਸ਼ੀਅਨ ਭਾਈਚਾਰੇ ਤੋਂ ਕਰ ਰਿਹਾ ਹੈ। ਜਿਨ੍ਹਾਂ ਵਿਅਕਤੀਆਂ ਵਲੋਂ ਟਰੰਪ ਦੀ ਜਿੱਤ ਲਈ ਅਹਿਮ ਯੋਗਦਾਨ ਪਾਇਆ ਸੀ। ਉਨ੍ਹਾਂ ਨੂੰ ਟਰੰਪ ਕੁਝ ਨਾ ਕੁਝ ਦੇ ਕੇ ਨਿਵਾਜਣਾ ਚਾਹੁੰਦੇ ਹਨ। ਇਸ ਲਈ ਅਗਲੇ ਹਫਤੇ ਵਾਈਟ ਹਾਊਸ ਵਿਖੇ ਇੱਕ ਸੰਖੇਪ ਮਿਲਣੀ ਦਾ ਅਯੋਜਨ ਹੋ ਰਿਹਾ ਹੈ। ਜਿਨ੍ਹਾਂ ਵਿੱਚ ਜਸਦੀਪ ਸਿੰਘ ਜੱਸੀ 'ਸਿਖਸ ਫਾਰ ਟਰੰਪ' ਅਤੇ ਸਾਜਿਦ ਤਰਾਰ 'ਮੁਸਲਿਮ ਫਾਰ ਟਰੰਪ' ਸ਼ਾਮਲ ਹੋਣਗੇ।
ਸੂਤਰਾਂ ਮੁਤਾਬਕ ਇਸ ਮਿਲਣੀ ਦੌਰਾਨ ਦੋਵੇਂ ਏਸ਼ੀਅਨ ਲੀਡਰ ਜਿੱਥੇ ਆਪਣੇ ਭਾਈਚਾਰੇ ਦੀ ਬਿਹਤਰੀ ਲਈ ਕੁਝ ਮੁਸ਼ਕਲਾਂ ਨੂੰ ਸਾਂਝਿਆਂ ਕਰਨਗੇ। ਉੱਥੇ ਲੋਕ ਰਾਏ ਤੋਂ ਵੀ ਜਾਣੂ ਕਰਵਾਉਣਗੇ। ਆਸ ਕੀਤੀ ਜਾ ਰਹੀ ਹੈ ਇਹ ਮਿਲਣੀ ਜਿੱਥੇ ਕਮਿਊਨਿਟੀ ਲਈ ਸਾਰਥਿਕ ਸਿੱਧ ਹੋਵੇਗੀ, ਉੱਥੇ ਇਨ੍ਹਾਂ ਦੋਹਾਂ ਸਖਸ਼ੀਅਤਾਂ ਨੂੰ ਕਿਸੇ ਨਾ ਕਿਸੇ ਸਰਕਾਰੀ ਬੋਝ ਦਾ ਮੁਥਾਜ ਵੀ ਬਣਾਇਆ ਜਾ ਸਕਦਾ ਹੈ। ਹਾਲ ਦੀ ਘੜੀ ਕਮਿਊਨਿਟੀ ਵਲੋਂ ਖੁਸ਼ੀ ਪ੍ਰਗਟਾਈ ਜਾ ਰਹੀ ਹੈ ਕਿ ਇਹ ਮਿਲਣੀ ਕੁਝ ਉਸਾਰੂ ਕਾਰਜਾਂ ਸਬੰਧੀ ਗਿਆਤ ਕਰਵਾਏਗੀ। ਸਿੱਖ ਭਾਈਚਾਰੇ ਦੇ ਲੀਡਰ ਜਸਦੀਪ ਸਿੰਘ ਜੱਸੀ ਨੇ ਦੱਸਿਆ ਕਿ ਉਹ ਸਿੱਖ ਲੀਡਰਾਂ ਦੇ ਇੱਕ ਵਫਦ ਦੀ ਮਿਲਣੀ ਲਈ ਟਰੰਪ ਸਾਹਮਣੇ ਪ੍ਰਸਤਾਵ ਰੱਖਣਗੇ ਤਾਂ ਜੋ ਸਿੱਖ ਆਪਣੇ ਰਾਸ਼ਟਰਪਤੀ ਨੂੰ ਨੇੜਿਉਂ ਆਪਣੀਆਂ ਮੁਸ਼ਕਲਾਂ ਨੂੰ ਸਾਂਝਿਆਂ ਕਰ ਸਕਣ। ਸਾਜਿਦ ਤਰਾਰ ਦਾ ਕਹਿਣਾ ਹੈ ਕਿ ਮੁਲਕ ਦੀ ਬਿਹਤਰੀ ਅਤੇ ਅਵਾਮ ਦੀ ਸੁਰੱਖਿਆ ਲਈ ਹਰ ਕੋਸ਼ਿਸ਼ ਤੇ ਪਹਿਰਾ ਦੇਣਗੇ। ਇਸ ਮਿਲਣੀ ਦੀ ਚਰਚਾ ਨੇ ਸਿੱਖ ਭਾਈਚਾਰੇ ਲਈ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਭਾਵੇਂ ਪਿਛਲੇ ਦਿਨੀਂ ਕੁਝ ਅਗਜ਼ੈਕਟਿਵ ਹੁਕਮਾਂ ਕਰਕੇ ਲੋਕਾਂ ਵਿੱਚ ਸਹਿਮ ਹੈ। ਪਰ ਇਸ ਦੇ ਨਤੀਜੇ ਸਾਰਥਕ ਅਤੇ ਅਮਰੀਕਾ ਲਈ ਬਿਹਤਰ ਸਾਬਤ ਹੋਣਗੇ। ਕਿਉਂਕਿ ਅਮਰੀਕਾ ਵਿੱਚ ਕਰਾਇਮ ਪੱਧਰ ਕਾਫੀ ਵਾਧਾ ਲੈ ਗਿਆ ਸੀ ਜਿਸ ਨੂੰ ਠੱਲ੍ਹ ਪਾਉਣ ਲਈ ਅਜਿਹੇ ਹੁਕਮਾਂ ਦਾ ਆਉਣਾ ਲਾਜ਼ਮੀ ਸੀ।
ਆਸ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਲੀਡਰਾਂ ਦੀ ਮਿਲਣੀ ਕੁਝ ਐਸਾ ਕਰ ਗੁਜਰੇਗੀ ।ਜਿਸ ਲਈ ਭਾਈਚਾਰਾ ਉਤਾਵਲਾ ਹੈ। ਹੁਣ ਸਭ ਦੀ ਟਿਕਟਿਕੀ ਇਸ ਮਿਲਣੀ ਦੇ ਨਤੀਜਿਆਂ ਦੇ ਇੰਤਜਾਰ ਵਿੱਚ ਹੈ। ਜਿਸ ਲਈ ਇਨ੍ਹਾਂ ਲੀਡਰਾਂ ਵਲੋਂ ਕਮਿਊਨਿਟੀ ਨੂੰ ਲਾਮਬੰਦ ਕੀਤਾ ਸੀ। ਸੋ ਸਮੁੱਚਾ ਭਾਈਚਾਰਾ ਇਸ ਮਿਲਣੀ ਤੇ ਅੱਖਾਂ ਵਿਛਾਈ ਬੈਠਾ ਨਜ਼ਰ ਆ ਰਿਹਾ ਹੈ।