ਮੈਰੀਲੈਂਡ (ਗ.ਦ.) – ਸੈਂਟਰ ਫਾਰ ਸੋਸ਼ਲ ਚੇਂਜ ਸੰਸਥਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਲਾਨਾ ਖੇਡ ਅਤੇ ਪਿਕਨਿਕ ਦਿਵਸ ਸੇਨ ਟੋਕੀਉ ਪਾਰਕ ਵਿਖੇ ਮਨਾਈ ਗਈ ਹੈ। ਜਿੱਥੇ ਵੱਖ-ਵੱਖ ਗਰੁੱਪਾਂ ਵਿੱਚ ਮੰਦਬੁੱਧੀ ਅਤੇ ਅਪਾਹਜਾਂ ਨੂੰ ਵੰਡ ਕੇ ਉਨ੍ਹਾਂ ਦੇ ਵਿਅਕਤੀਗਤ ਅਤੇ ਟੀਮ ਮੁਕਾਬਲੇ ਕਰਵਾਏ ਗਏ। ਜੇਤੂਆਂ ਨੂੰ ਇਨਾਮ ਸੈਂਟਰ ਫਾਰ ਸੋਸ਼ਲ ਚੇਂਜ ਦੇ ਸੀ. ਈ. ਓ. ਸਾਜਿਦ ਤਰਾਰ ਵਲੋਂ ਦਿੱਤੇ ਗਏ। ਉਨ੍ਹਾਂ ਹਰੇਕ ਨਾਲ ਆਪਣਾ ਪਿਆਰ ਅਤੇ ਭਾਵਨਾ ਦਾ ਇਜ਼ਹਾਰ ਕਰਦੇ ਹੋਏ ਉਨ੍ਹਾਂ ਦੀ ਯੋਗਤਾ ਦੀ ਸ਼ਲਾਘਾ ਕੀਤੀ ਅਤੇ ਰਿਸ਼ਟ ਪੁਸ਼ਟ ਰਹਿਣ ਲਈ ਖੇਡਾਂ ਨੂੰ ਅਪਨਾਉਣ ਤੇ ਜ਼ੋਰ ਦਿੱਤਾ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਖੇਡਾਂ ਉਪਰੰਤ ਸਟਾਫ ਸਮੇਤ ਸਾਰਿਆਂ ਨੂੰ ਤਰ੍ਹਾਂ-ਤਰ੍ਹਾਂ ਦੇ ਪਕਵਾਨ ਦਿੱਤੇ ਗਏ, ਜਿਸ ਦਾ ਅਨੰਦ ਮਾਨਣ ਉਪਰੰਤ ਉਨ੍ਹਾਂ ਨੇ ਨਾਚ ਅਤੇ ਸਹਿ ਕਿਰਿਆਵਾਂ ਦੇ ਦੌਰ ਵਿੱਚ ਹਿੱਸਾ ਲਿਆ ਜੋ ਕਿ ਸ਼ਲਾਘਾਯੋਗ ਅਤੇ ਪ੍ਰੇਰਨਾਸ੍ਰੋਤ ਸਾਬਤ ਹੋਇਆ। ਸੈਂਟਰ ਫਾਰ ਸੋਸ਼ਲ ਚੇਂਜ ਦੇ ਸੀ. ਈ. ਓ. ਜਸਦੀਪ ਸਿੰਘ ਜੱਸੀ ਵਲੋਂ ਫੋਨ ਰਾਹੀਂ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਭੇਜੀਆਂ ਗਈਆਂ ਅਤੇ ਉਨ੍ਹਾਂ ਪਿਕਨਿਕ ਤੇ ਖੇਡ ਦਿਵਸ ਦੀ ਕਾਮਯਾਬੀ ਤੇ ਵਧਾਈਆਂ ਦਿੱਤੀ। ਇਸ ਪਿਕਨਿਕ ਅਤੇ ਖੇਡ ਮੇਲੇ ਨੂੰ ਅਯੋਜਿਤ ਕਰਨ ਵਿੱਚ ਦੇਨਾ ਦਿਮਾਸ਼, ਨਤਾਲੀਆ ਡਾਇਰੈਕਟਰ, ਰਸ਼ੇਡਾ, ਗਰੀਸ਼ ਅਤੇ ਇਸ਼ਟ ਕੌਰ ਤੋਂ ਇਲਾਵਾ ਪੂਰੇ ਸਟਾਫ ਨੇ ਵਧੀਆ ਕਾਰਗੁਜ਼ਾਰੀ ਦਿਖਾਈ।