ਅਹਿਮਦਾਬਾਦ- ਅਮਰੀਕਾ ਤੋਂ ਕੱਢੇ ਪਰਵਾਸੀ ਭਾਰਤੀਆਂ ਵਿੱਚੋਂ 33 ਗੁਜਰਾਤੀਆਂ ਨੂੰ ਲੈ ਕੇ ਅੰਮ੍ਰਿਤਸਰ ਤੋਂ ਸੋਮਵਾਰ ਨੂੰ ਰਵਾਨਾ ਹੋਈਆਂ ਦੋ ਉਡਾਣਾਂ ਅਹਿਮਦਾਬਾਦ ਹਵਾਈ ਅੱਡੇ ’ਤੇ ਉਤਰ ਗਈਆਂ ਹਨ। ਇਹ 112 ਭਾਰਤੀਆਂ ਦੇ ਉਸ ਗਰੁੱਪ ਦਾ ਹਿੱਸਾ ਹਨ, ਜਿਨ੍ਹਾਂ ਨੂੰ ਲੈ ਕੇ ਅਮਰੀਕੀ ਫੌਜੀ ਜਹਾਜ਼ ਐਤਵਾਰ ਦੇਰ ਰਾਤ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਤਰਿਆ ਸੀ। ਅਹਿਮਦਾਬਾਦ ਵਿੱਚ 33 ਡਿਪੋਰਟ ਹੋਏ ਪਰਵਾਸੀਆਂ ਦੇ ਪਹੁੰਚਣ ਨਾਲ 6 ਫਰਵਰੀ ਤੋਂ ਹੁਣ ਤੱਕ ਅਮਰੀਕਾ ਤੋਂ ਵਾਪਸ ਭੇਜੇ ਗਏ ਗੁਜਰਾਤ ਵਾਸੀਆਂ ਦੀ ਕੁੱਲ ਗਿਣਤੀ 74 ਹੋ ਗਈ ਹੈ। ਹਵਾਈ ਅੱਡਾ ਪੁਲੀਸ ਥਾਣੇ ਦੇ ਇੰਸਪੈਕਟਰ ਐੱਸਜੀ ਖੰਭਲਾ ਨੇ ਕਿਹਾ, ‘‘ਅਹਿਮਦਾਬਾਦ ਹਵਾਈ ਅੱਡੇ ’ਤੇ ਪਹੁੰਚਣ ਤੋਂ ਫੌਰੀ ਮਗਰੋਂ 33 ਪਰਵਾਸੀਆਂ, ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਹਨ, ਨੂੰ ਪੁਲੀਸ ਵਾਹਨਾਂ ਰਾਹੀਂ ਗੁਜਰਾਤ ਵਿੱਚ ਪੈਂਦੇ ਉਨ੍ਹਾਂ ਦੇ ਜੱਦੀ ਸਥਾਨਾਂ ਤੱਕ ਪਹੁੰਚਾਇਆ ਗਿਆ।’’
ਉਨ੍ਹਾਂ ਦੱਸਿਆ ਕਿ ਤਿੰਨ ਪਰਵਾਸੀ, ਦੋ ਮਹਿਸਾਨਾ ਅਤੇ ਇੱਕ ਗਾਂਧੀਨਗਰ ਜ਼ਿਲ੍ਹੇ ਤੋਂ, ਦੁਪਹਿਰ 12 ਵਜੇ ਦੇ ਕਰੀਬ ਪਹੁੰਚੇ, ਜਦੋਂਕਿ 30 ਹੋਰ ਦੁਪਹਿਰ 2 ਵਜੇ ਦੇ ਕਰੀਬ ਇੱਕ ਹੋਰ ਉਡਾਣ ਰਾਹੀਂ ਇੱਥੇ ਉਤਰੇ। ਉਨ੍ਹਾਂ ਦੱਸਿਆ ਕਿ ਡਿਪੋਰਟ ਕੀਤੇ ਗਏ ਲੋਕਾਂ ਨੂੰ ਉਨ੍ਹਾਂ ਦੇ ਜੱਦੀ ਸਥਾਨਾਂ ’ਤੇ ਪਹੁੰਚਾਉਣ ਲਈ ਹਵਾਈ ਅੱਡੇ ’ਤੇ ਪੁਲੀਸ ਵਾਹਨ ਤਾਇਨਾਤ ਕੀਤੇ ਗਏ ਸਨ। ਗੁਜਰਾਤ ਦੇ ਅੱਠ ਵਿਅਕਤੀਆਂ ਨੂੰ ਲੈ ਕੇ ਇੱਕ ਜਹਾਜ਼ 16 ਫਰਵਰੀ ਨੂੰ ਅੰਮ੍ਰਿਤਸਰ ਤੋਂ ਅਹਿਮਦਾਬਾਦ ਹਵਾਈ ਅੱਡੇ ’ਤੇ ਉਤਰਿਆ। ਇਹ ਉਨ੍ਹਾਂ 116 ਭਾਰਤੀਆਂ ਵਿੱਚ ਸ਼ਾਮਲ ਸਨ, ਜਿਨ੍ਹਾਂ ਨੂੰ ਗੈਰਕਾਨੂੰਨੀ ਪਰਵਾਸ ਕਾਰਨ ਅਮਰੀਕਾ ਤੋਂ ਵਾਪਸ ਭੇਜਿਆ ਗਿਆ ਸੀ। ਉਨ੍ਹਾਂ ਨੂੰ ਪੁਲੀਸ ਵਾਹਨਾਂ ਵਿੱਚ ਫੌਰੀ ਉਨ੍ਹਾਂ ਦੇ ਜੱਦੀ ਸਥਾਨਾਂ ’ਤੇ ਪਹੁੰਚਾਇਆ ਗਿਆ।