ਵਾਸ਼ਿੰਗਟਨ- ਅਮਰੀਕਾ ਵਿੱਚ ਭਾਰਤੀ ਅਰਬਪਤੀ ਗੌਤਮ ਅਡਾਨੀ ਦੀਆਂ ਗਤੀਵਿਧੀਆਂ ਦੀ ਜਾਂਚ ਕਰਨ ਦੇ ਬਾਇਡਨ ਪ੍ਰਸ਼ਾਸਨ ਦੇ ਫ਼ੈਸਲੇ ਨੂੰ ਚੁਣੌਤੀ ਦਿੰਦਿਆਂ ਰਿਪਬਲਿਕਨ ਸੰਸਦ ਮੈਂਬਰ ਨੇ ਕਿਹਾ ਕਿ ਅਜਿਹੀਆਂ ਚੋਣਵੀਆਂ ਕਾਰਵਾਈਆਂ ਮੁੱਖ ਭਾਈਵਾਲਾਂ ਨਾਲ ਅਹਿਮ ਗੱਠਜੋੜ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਸਦਨ ਦੀ ਨਿਆਂਪਾਲਿਕਾ ਕਮੇਟੀ ਦੇ ਮੈਂਬਰ ਲਾਂਸ ਗੂਡਨ ਨੇ ਅਮਰੀਕਾ ਦੇ ਅਟਾਰਨੀ ਜਨਰਲ ਮੈਰਿਕ ਬੀ ਗਾਰਲੈਂਡ ਨੂੰ ਸਖ਼ਤ ਸ਼ਬਦਾਂ ਵਿੱਚ ਲਿਖੇ ਪੱਤਰ ’ਚ ਪੁੱਛਿਆ, ‘ਜੇ ਭਾਰਤ ਹਵਾਲਗੀ ਦੀ ਅਪੀਲ ਮੰਨਣ ਤੋਂ ਇਨਕਾਰ ਕਰ ਦੇਵੇ ਤਾਂ ਅਮਰੀਕਾ ਕੀ ਕਰੇਗਾ?’ ਗੂਡਨ ਨੇ ਨਿਆਂ ਵਿਭਾਗ ਵੱਲੋਂ ਵਿਦੇਸ਼ੀ ਇਕਾਈਆਂ ਖ਼ਿਲਾਫ਼ ‘ਚੋਣਵੇਂ ਮੁਕੱਦਮੇ’ ਬਾਰੇ ਵੀ ਜਵਾਬ ਮੰਗੇ। ਉਨ੍ਹਾਂ ਨੇ ਅਜਿਹੀਆਂ ਕਾਰਵਾਈਆਂ ਨਾਲ ਅਮਰੀਕਾ ਦੇ ਆਲਮੀ ਗੱਠਜੋੜਾਂ ਅਤੇ ਆਰਥਿਕ ਵਿਕਾਸ ਨੂੰ ਹੋਣ ਵਾਲੇ ਸੰਭਾਵੀ ਨੁਕਸਾਨ ਬਾਰੇ ਵੀ ਪੁੱਛਿਆ। ਇਸ ਤੋਂ ਇਲਾਵਾ ਪੱਤਰ ਵਿੱਚ ਇਸ ਦਾ ਜੌਰਜ ਸੋਰੋਸ ਨਾਲ ਸਬੰਧਾਂ ਬਾਰੇ ਵੀ ਪੁੱਛਿਆ ਗਿਆ ਹੈ। ਗੂਡੇਨ ਨੇ 7 ਜਨਵਰੀ ਨੂੰ ਆਪਣੇ ਪੱਤਰ ਵਿੱਚ ਲਿਖਿਆ, ‘ਨਿਆਂ ਵਿਭਾਗ ਦੀਆਂ ਚੋਣਵੀਆਂ ਕਾਰਵਾਈਆਂ ਨਾਲ ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਅਮਰੀਕਾ ਦੇ ਸਭ ਤੋਂ ਮਜ਼ਬੂਤ ਸਹਿਯੋਗੀਆਂ ’ਚੋਂ ਇੱਕ ਭਾਰਤ ਵਰਗੇ ਪ੍ਰਮੁੱਖ ਭਾਈਵਾਲਾਂ ਨਾਲ ਮਹੱਤਵਪੂਰਨ ਰਿਸ਼ਤੇ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਹੈ।’ ਉਨ੍ਹਾਂ ਕਿਹਾ, ‘ਕਮਜ਼ੋਰ ਅਧਿਕਾਰ ਖੇਤਰ ਅਤੇ ਅਮਰੀਕੀ ਹਿੱਤਾਂ ਲਈ ਸੀਮਤ ਪ੍ਰਸੰਗਿਕਤਾ ਵਾਲੇ ਕੇਸਾਂ ਦੀ ਪੈਰਵੀ ਕਰਨ ਦੀ ਬਜਾਏ ਨਿਆਂ ਵਿਭਾਗ ਨੂੰ ਘਰੇਲੂ ਪੱਧਰ ’ਤੇ ਕਾਰਵਾਈ ਕਰਨ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।’