ਚੰਡੀਗੜ੍ਹ-ਪੰਜਾਬ ਦੀ ਨਰਮਾ ਪੱਟੀ ਵਿੱਚ ਗੁਲਾਬੀ ਸੁੰਡੀ ਨੇ ਦਸਤਕ ਦੇ ਦਿੱਤੀ ਹੈ। ਸਰਹੱਦੀ ਪਿੰਡਾਂ ਵਿੱਚ ਨੌਬਤ ਫ਼ਸਲ ਵਾਹੁਣ ਤੱਕ ਦੀ ਬਣ ਗਈ ਹੈ। ਗੁਲਾਬੀ ਸੁੰਡੀ ਨੇ ਖੇਤੀ ਮਹਿਕਮੇ ਦੀ ਨੀਂਦ ਉਡਾ ਦਿੱਤੀ ਹੈ। ਹਾਲਾਂਕਿ, ਗੁਲਾਬੀ ਸੁੰਡੀ ਦਾ ਹਮਲਾ ਮਾਰੂ ਪੜਾਅ ਤੋਂ ਹੇਠਾਂ ਹੈ ਪ੍ਰੰਤੂ ਕਿਸਾਨਾਂ ਨੇ ਕੀਟਨਾਸ਼ਕਾਂ ਦਾ ਛਿੜਕਾਅ ਸ਼ੁਰੂ ਕਰ ਦਿੱਤਾ ਹੈ। ਐਤਕੀਂ ਪਹਿਲੀ ਸੱਟ ਉਦੋਂ ਵੱਜੀ ਸੀ ਜਦੋਂ ਨਰਮੇ ਹੇਠਲਾ ਰਕਬਾ ਘੱਟ ਕੇ ਸਿਰਫ਼ 99,702 ਹੈਕਟੇਅਰ ਰਹਿ ਗਿਆ ਅਤੇ ਹੁਣ ਉੱਪਰੋਂ ਫ਼ਸਲ ਨੂੰ ਗੁਲਾਬੀ ਸੁੰਡੀ ਪੈ ਗਈ ਹੈ।
ਰਾਜਸਥਾਨ ਤੇ ਹਰਿਆਣਾ ਵਿੱਚ ਗੁਲਾਬੀ ਸੁੰਡੀ ਨੇ ਕਾਫ਼ੀ ਫ਼ਸਲ ਪ੍ਰਭਾਵਿਤ ਕੀਤੀ ਹੈ। ਪੰਜਾਬ ਦੀ ਅੰਤਰ-ਰਾਜੀ ਸੀਮਾ ਨਾਲ ਲੱਗਦੇ ਪਿੰਡਾਂ ਨੂੰ ਅਗੇਤ ਵਿੱਚ ਹੀ ਗੁਲਾਬੀ ਸੁੰਡੀ ਨੇ ਝੰਬ ਦਿੱਤਾ ਹੈ। ਰਾਜਸਥਾਨ ਦੇ ਜ਼ਿਲ੍ਹਾ ਗੰਗਾਨਗਰ, ਹਨੂੰਮਾਨਗੜ੍ਹ ਅਤੇ ਅਨੂਪਗੜ੍ਹ ਵਿੱਚ ਗੁਲਾਬੀ ਸੁੰਡੀ ਦੀ ਕਾਫ਼ੀ ਮਾਰ ਪਈ ਹੈ। ਮਿਲੇ ਵੇਰਵਿਆਂ ਅਨੁਸਾਰ ਅਬੋਹਰ ਖਿੱਤੇ ਵਿੱਚ ਨਰਮੇ ਦੀ ਅਗੇਤੀ ਫ਼ਸਲ ਗੁਲਾਬੀ ਸੁੰਡੀ ਤੋਂ ਕਾਫ਼ੀ ਪ੍ਰਭਾਵਿਤ ਹੋ ਰਹੀ ਹੈ।
ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਵਜੀਦਪੁਰ ਭੋਮਾ ਵਿੱਚ ਕਿਸਾਨ ਸੁਰਜੀਤ ਸਿੰਘ ਨੇ ਗੁਲਾਬੀ ਸੁੰਡੀ ਦੇ ਹਮਲੇ ਮਗਰੋਂ ਆਪਣੀ ਡੇਢ ਏਕੜ ਫ਼ਸਲ ਹੀ ਵਾਹ ਦਿੱਤੀ। ਇਸੇ ਤਰ੍ਹਾਂ ਕਿਸਾਨ ਮੰਦਰ ਸਿੰਘ ਨੂੰ ਇੱਕ ਏਕੜ ਫ਼ਸਲ ਵਾਹੁਣੀ ਪਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕੀਟਨਾਸ਼ਕਾਂ ’ਤੇ ਮਹਿੰਗੇ ਖ਼ਰਚੇ ਕਰਨ ਦੀ ਹੁਣ ਪਹੁੰਚ ਨਹੀਂ ਰਹੀ। ਇਸੇ ਤਰ੍ਹਾਂ ਪਿੰਡ ਦਲਮੀਰ ਖੇੜਾ ਵਿੱਚ ਵੀ ਇੱਕ ਕਿਸਾਨ ਵੱਲੋਂ ਫ਼ਸਲ ਵਾਹੇ ਜਾਣ ਦੀ ਖ਼ਬਰ ਹੈ।