ਮੈਰੀਲੈਂਡ (ਸੁਰਿੰਦਰ ਗਿੱਲ) - ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੈਰੀ ਹੋਗਨ ਗਵਰਨਰ ਨੇ ਦੀਵਾਲੀ ਦਾ ਤਿਉਹਾਰ ਆਪਣੀ ਰਿਹਾਇਸ਼ ਗਵਰਨਰ ਹਾਊਸ ਵਿੱਚ ਮਨਾਇਆ। ਜਿੱਥੇ ਵੱਖ-ਵੱਖ ਕਮਿਊਨਿਟੀ ਦੇ ਨੇਤਾਵਾਂ ਨੇ ਹਿੱਸਾ ਲਿਆ। ਸਟੀਵ ਮਕੈਡਮ ਡਾਇਰੈਕਟਰ ਕਮਿਊਨਿਟੀ ਅਫੇਅਰ ਨੇ ਦੀਵਾਲੀ ਦੀ ਮਹਤੱਤਾ ਤੇ ਹਾਜਰੀਨ ਦੀ ਜਾਣ ਪਹਿਚਾਣ ਕਰਵਾਈ। ਸਿੱਖਸ ਆਫ ਯੂ. ਐੱਸ. ਏ. ਟੀਮ ਤੋਂ ਗੁਰਚਰਨ ਸਿੰਘ ਗੁਰੂ, ਡਾ. ਸੁਰਿੰਦਰ ਸਿੰਘ ਗਿੱਲ ਸਕੱਤਰ ਜਨਰਲ, ਸੁਰਮੁਖ ਸਿੰਘ ਮਾਣਕੂ ਮੀਡੀਆ ਡਾਇਰੈਕਟਰ ਨੇ ਹਿੱਸਾ ਲਿਆ ।
ਲੈਰੀ ਹੋਗਨ ਗਵਰਨਰ ਨੇ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਇਹ ਤਿਉਹਾਰ ਰੌਸ਼ਨੀ ਦਾ ਹੈ। ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਇਸ ਤਿਉਹਾਰ ਤੇ ਵਰਾਇਟੀ ਵਾਲੇ ਖਾਣ ਪੀਣ ਤੇ ਮਿਠਾਈਆਂ ਦਾ ਅਦਾਨ ਪ੍ਰਦਾਨ ਕਰਨ ਦਾ ਅਵਸਰ ਇਹ ਤਿਉਹਾਰ ਪ੍ਰਦਾਨ ਕਰਦਾ ਹੈ। ਜਿੱਥੇ ਆਪਸੀ ਪਿਆਰ ਤੇ ਏਕੇ ਨੂੰ ਮਜ਼ਬੂਤ ਕਰਨ ਦਾ ਰਾਹ ਦਸੇਰਾ ਹੈ, ਉੱਥੇ ਹਰ ਕੋਈ ਆਪਣਾ ਰਹਿਣ ਬਸੇਰਾ ਰੁਸ਼ਨਾ ਕੇ ਰੱਖਦਾ ਹੈ। ਇਹ ਸਾਂਝਾ ਤਿਉਹਾਰ ਹਰੇਕ ਦੀ ਤੰਦਰੁਸਤੀ ਤੇ ਕਾਮਯਾਬੀ ਦਾ ਮੌਕਾ ਪ੍ਰਦਾਨ ਕਰਦਾ ਹੈ।
ਸਭ ਤੋਂ ਪਹਿਲਾਂ ਗਵਰਨਰ ਲੈਰੀ ਹੋਗਨ ਤੇ ਫਸਟ ਲੇਡੀ ਯੂਮੀ ਨੇ ਦੀਵਾ ਜਗਾ ਕੇ ਰੋਸ਼ਨੀ ਦੇ ਤਿਉਹਾਰ ਦੀ ਸਾਂਝ ਪਾਈ। ਉਪਰੰਤ ਮੋਹਨ ਦੀਵਾਨ, ਡਾ. ਅਰੁਨ ਭੰਡਾਰੀ, ਮੀਊਰ ਮੋਦੀ ਤੇ ਕੁਝ ਕਮਿਊਨਿਟੀ ਨੇਤਾਵਾਂ ਨੇ ਇਸ ਰਸਮ ਨੂੰ ਦੀਏ ਜੱਲਾ ਕੇ ਦੀਵਾਲੀ ਦੀ ਆਮਦ ਨੂੰ ਰੁਸ਼ਨਾਇਆ। ਉਪਰੰਤ ਆਰਤੀ ਦਾ ਅਦਾਨ ਪ੍ਰਦਾਨ ਸਾਂਝੇ ਤੌਰ ਤੇ ਕੀਤਾ ਗਿਆ।
ਜਿੱਥੇ ਰਾਤਰੀ ਭੋਜ ਦੌਰਾਨ ਵਿਚਾਰਾਂ ਦੀ ਸਾਂਝ ਪਾਈ। ਜਿਸ ਵਿੱਚ ਗਵਰਨਰ ਨੇ ਭਾਰਤੀ ਭੋਜਨ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਏਸ਼ੀਅਨ ਕਮਿਊਨਿਟੀ ਦਾ ਮੈਂ ਮੁਰੀਦ ਹਾਂ। ਇਹ ਸੱਚੇ ਦੋਸਤ ਵਜੋਂ ਵਿਚਰਦੇ ਹਨ। ਸਮੁੱਚੀ ਦੀਵਾਲੀ ਦਾ ਤਿਉਹਾਰ ਸਾਰਿਆਂ ਲਈ ਖੁਸ਼ੀਆਂ, ਖੇੜਿਆਂ ਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਰਿਹਾ ਹੈ।