ਸ਼ਿਕਾਗੋ (ਸੁਰਿੰਦਰ ਸਿੰਘ ਗਿੱਲ) - ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸ਼ੁਰੂ ਕੀਤੀ ਸਦਭਾਵਨਾ ਮੁਹਿੰਮ ਦੇ ਦੂਜੇ ਗੇੜ ਦੀ ਸ਼ੁਰੂਆਤ ਅਮਰੀਕਾ ਤੋਂ ਕੀਤੀ ਗਈ ਹੈ। ਜਿਸ ਨੂੰ ਸਪਾਂਸਰ ਦਰਸ਼ਨ ਸਿੰਘ ਧਾਲੀਵਾਲ ਨੇ ਕੀਤਾ। ਇਸ ਸਮਾਗਮ ਵਿੱਚ ਸਫਾਰਤਖਾਨੇ ਦੀ ਸਿਫਾਰਸ਼ ਤੇ ਤਿੰਨ ਸੌ ਗੈਸਟ ਨੂੰ ਬੁਲਾਇਆ ਗਿਆ। ਜਿਸ ਵਿੱਚ ਭਾਰਤ ਤੋਂ ਮਨਜਿੰਦਰ ਸਿੰਘ ਸਿਰਸਾ ਬੀ ਜੇ ਪੀ ਨੇਤਾ, ਸਤਿਨਾਮ ਸਿੰਘ ਸੰਧੂ ਚਾਂਸਲਰ, ਸੁਰਜੀਤ ਸਿੰਘ ਰੱਖੜਾ ਸਾਬਕਾ ਅਕਾਲੀ ਕੈਬਨਿਟ ਮੰਤਰੀ, ਹੰਸ ਰਾਜ ਹੰਸ ਬੀ. ਜੇ. ਪੀ. ਮੈਂਬਰ ਪਾਰਲੀਮੈਂਟ, ਸ਼ਮਸ਼ੇਰ ਸਿੰਘ ਰੱਖੜਾ ਉੱਘੇ ਸਮਾਜ ਸੇਵੀ ਤੇ ਕੁਝ ਸਟੇਟਾਂ ਦੇ ਕੌਂਸਲਰ ਵੀ ਸਨ। ਜਿਨ੍ਹਾਂ ਵਿੱਚ ਅਮਿਤ ਕੁਮਾਰ ਸ਼ਿਕਾਗੋ, ਅੰਸ਼ੂ ਸ਼ਰਮਾ ਕਮਿਊਨਿਟੀ ਮਨਿਸਟਰ ਵਾਸ਼ਿੰਗਟਨ ਡੀ. ਸੀ. ਤੇ ਸਥਾਨਕ ਸੈਨੇਟਰ ਵੀ ਸ਼ਾਮਲ ਹੋਏ।
ਭਾਰਤੀ ਅੰਬੈਸਡਰ ਤਰਨਜੀਤ ਸਿੰਘ ਸੰਧੂ ਮੁੱਖ ਮਹਿਮਾਨ ਤੇ ਸ੍ਰੀ ਸ੍ਰੀ ਸ਼ੰਕਰ ਗੈਸਟ ਆਫ ਆਨਰ ਵਜੋਂ ਬੁਲਾਏ ਗਏ। ਜਿੱਥੇ ਸਦਭਾਵਨਾ ਨੂੰ ਸਮਰਪਿਤ ਲਿਖੀ ਸਤਿਨਾਮ ਸਿੰਘ ਸੰਧੂ ਚਾਂਸਲਰ ਕੇਂਦਰੀ ਯੂਨੀਵਰਸਟੀ ਦੀ ਕਿਤਾਬ ਨੂੰ ਮੁੱਖ ਤੌਰ ਤੇ ਜਾਰੀ ਕੀਤਾ ਗਿਆ, ਉੱਥੇ ਡਾ. ਦਲਵੀਰ ਸਿੰਘ ਵੱਲੋਂ ਲਿਖੀ ਕਿਤਾਬ ਸਿੱਖ ਹੈਰੀਟੇਜ ਨੂੰ ਵੀ ਅਹਿਮੀਅਤ ਦਿੱਤੀ ਗਈ। ਕਿਉਂਕਿ ਇਹ ਕਿਤਾਬ ਡਾ. ਦਲਵੀਰ ਸਿੰਘ ਪੰਨੂ ਨੇ ਪਾਕਿਸਤਾਨ ਵਿੱਚ ਰਹਿ ਕੇ ਲਿਖੀ ਸੀ। ਜੋ ਕਿ ਸਿੱਖਾਂ ਲਈ ਧਾਰਮਿਕ ਇਤਿਹਾਸ ਵਜੋ ਉੱਭਰ ਕੇ ਸਾਹਮਣੇ ਆਈ ਹੈ।
ਭਾਰਤੀ ਅੰਬੈਸਡਰ ਤਰਨਜੀਤ ਸਿੰਘ ਸੰਧੂ ਨੇ ਆਪਣੇ ਕਰ ਕਮਲਾ ਨਾਲ ਡਾ. ਦਲਵੀਰ ਸਿੰਘ ਪੰਨੂ ਦੀ ਕਿਤਾਬ ਰਿਲੀਜ਼ ਕੀਤੀ। ਉਹਨਾਂ ਕਿਹਾ ਕਿ ਇਹ ਕੋਈ ਸੌਖਾ ਕਾਰਜ ਨਹੀਂ ਹੈ। ਜੋ ਡਾ. ਦਲਵੀਰ ਸਿੰਘ ਪੰਨੂ ਨੇ ਕੀਤਾ ਹੈ। ਡਾਕਟਰੀ ਪੇਸ਼ੇ ਵਾਲੇ ਇਨਸਾਨ ਨੇ ਸਮਾਂ ਕੱਢਕੇ ਸਾਡੇ ਧਾਰਮਿਕ ਇਤਿਹਾਸ ਨੂੰ ਅੱਖਰਾਂ ਵਿੱਚ ਪ੍ਰੋਅ ਕੇ ਪੇਸ਼ ਕੀਤਾ ਹੈ। ਜੋ ਕਿ ਸਾਡੇ ਲਈ ਤੇ ਨਵੀਂ ਪੀੜ੍ਹੀ ਲਈ ਸਰੋਤ ਸਾਬਤ ਹੋਵੇਗੀ। ਇਹ ਵਧਾਈ ਦੇ ਪਾਤਰ ਹਨ। ਅਜਿਹਾ ਕੁਝ ਹੀ ਬਾਕੀ ਸਰੋਤਿਆਂ ਨੇ ਵੀ ਡਾਕਟਰ ਦਲਵੀਰ ਸਿੰਘ ਪੰਨੂ ਦੀ ਲਿਖੀ ਕਿਤਾਬ ਦੀ ਸ਼ਾਨ ਵਿੱਚ ਅਲਫਾਜ ਕਹੇ। ਸਟੇਜ ਦਾ ਸੰਚਾਲਨ ਡਾ. ਰਾਜਿੰਦਰ ਸਿੰਘ ਗਰੇਵਾਲ ਨੇ ਬਾਖੂਬ ਨਿਭਾਇਆ।