ਸ੍ਰੀ ਨਨਕਾਣਾ ਸਾਹਿਬ (ਸੁਰਿੰਦਰ ਗਿੱਲ) - ਦਮਦਮੀ ਟਕਸਾਲ ਦੇ 14ਵੇਂ ਮੁਖੀ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਜੂਨ ‘84 ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਪਾਵਨ ਯਾਦ ਨੂੰ ਸਮਰਪਿਤ ੩੮ਵਾਂ ਮਹਾਨ ਸ਼ਹੀਦੀ ਸਮਾਗਮ ਗੁਰਦੁਆਰਾ ਸ੍ਰੀ ਜਨਮ ਅਸਥਾਨ, ਨਨਕਾਣਾ ਸਾਹਿਬ ਵਿਖੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬੀ ਸਿੱਖ ਸੰਗਤ ਤੇ ਸਿੱਖ ਸੰਗਤ ਨਨਕਾਣਾ ਸਾਹਿਬ ਵੱਲੋਂ ਬੜੀ ਚੜ੍ਹਦੀਕਲਾ ਨਾਲ ਮਨਾਇਆ ਗਿਆ।
ਸ਼ਹੀਦੀ ਸਮਾਗਮ ‘ਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਅਮੀਰ ਸਿੰਘ, ਪੰਜਾਬੀ ਸਿੱਖ ਸੰਗਤ ਦੇ ਚੇਅਰਮੈਂਨ ਸ੍ਰ. ਗੋਪਾਲ ਸਿੰਘ ਚਾਵਲਾ, ਗ੍ਰੰਥੀ ਭਾਈ ਪ੍ਰੇਮ ਸਿੰਘ, ਗਿਆਨੀ ਜਨਮ ਸਿੰਘ, ਮਾਸਟਰ ਬਲਵੰਤ ਸਿੰਘ, ਸ੍ਰ. ਅਤਰ ਸਿੰਘ ਲਾਹੌਰ, ਪਾਕਿ ਸਿੱਖ ਆਗੂ ਸੰਤੋਖ ਸਿੰਘ, ਸ੍ਰ. ਮਸਤਾਨ ਸਿੰਘ (ਸਾਬਕਾ ਪ੍ਰਧਾਨ) ਧਾਰਮਿਕ ਤੇ ਸਿਆਸੀ ਸ਼ਖ਼ਸੀਅਤਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਨੇ ਪਾਕਿਸਤਾਨ ਦੇ ਅਲੱਗ-ਅਲੱਗ ਸ਼ਹਿਰਾਂ ਤੋਂ ਸ਼ਮੂਲੀਅਤ ਕਰਦਿਆਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਗੁਰਦੁਆਰਾ ਜਨਮ ਸਾਹਿਬ ਵਿਖੇ ਸ਼ਾਮ 7 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣ ਬਾਅਦ ਨਨਕਾਣਾ ਸਾਹਿਬ ਦੀਆਂ ਸਿੱਖ ਬੱਚੀਆਂ ਦੇ ਹਜ਼ੂਰੀ ਰਾਗੀ ਜਥੇ ਵਲੋਂ ਕੀਰਤਨ ਕੀਤੇ ਜਾਣ ਉਪਰੰਤ ਸੰਬੋਧਨ ਕਰਦਿਆਂ ਗਿਆਨੀ ਜਨਮ ਸਿੰਘ ਨੇ ਕਿਹਾ ਨਨਕਾਣਾ ਸਾਹਿਬ ਵਿਖੇ ਜੂਨ ੧੯੮੪ ’ਚ ਵਾਪਰੇ ਤੀਜੇ ਘੱਲੂਘਾਰੇ ਦੇ ਸ਼ਹੀਦੀ ਸਮਾਗਮ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਪੀ. ਐੱਸ. ਜੀ. ਪੀ. ਸੀ ਕਮੇਟੀ ਵਲੋਂ ਸੰਗਤ ਦੇ ਸਹਿਯੋਗ ਨਾਲ ਘੱਲੂਘਾਰਾ ਦੀ ੩੮ਵੀਂ ਵਰ੍ਹੇਗੰਢ ਮੌਕੇ ਕਰਵਾਏ ਗਏ ਸ਼ਹੀਦੀ ਸਮਾਗਮ ’ਚ ਸੰਬੋਧਨ ਕਰਦਿਆਂ ਕਿਹਾ ਕਿ ਜੂਨ ਦਾ ਮਹੀਨਾ ਸਿੱਖ ਮਾਨਸਿਕਤਾ ਨਾਲ ਬੜੇ ਨੇੜਿਓਂ ਜੁੜਿਆ ਹੋਇਆ ਹੈ। ਪਹਿਲੀ ਘਟਨਾ ਸਾਨੂੰ ਅੱਜ ਤੋਂ ਲਗਭਗ ਚਾਰ ਕੁ ਸਦੀਆਂ ਪਿੱਛੇ ਜੂਨ ੧੬੦੬ ਈ: ਦਾ ਵਾਕਿਆ ਯਾਦ ਦਿਵਾਉਂਦੀ ਹੈ ਜਦ ਪੰਚਮ ਪਾਤਸ਼ਾਹ ਨੂੰ ਤੱਤੀ ਤਵੀ ‘ਤੇ ਬਿਠਾ ਕੇ ਸਮੁੱਚੀ ਸਿੱਖ ਕੌਮ ਦੇ ਸਿਦਕ ਨੂੰ ਪਰਖਣ ਦੀ ਅਸਫਲ ਕੋਸ਼ਿਸ਼ ਕੀਤੀ ਗਈ ਸੀ। ਪਰ ‘ਸੱਚੇ ਪਾਤਸ਼ਾਹ’ ਨੂੰ ਤਸੀਹੇ ਦੇਣ ਵਾਲਿਆਂ ਜ਼ਾਲਮਾਂ ਦੀ ਵੰਸ਼ ਦਾ ਬੀਜ ਤੱਕ ਨਾਸ਼ ਹੋ ਚੁੱਕਾ ਹੈ।
ਦੂਜੀ ਘਟਨਾ ਫਿਰ ਜੂਨ 1984 ਦੇ ਪਹਿਲੇ ਹਫਤੇ ਪੰਚਮ ਪਾਤਸ਼ਾਹ ਦੇ ਪੀਰੀ ਅਸਥਾਨ ਸ੍ਰੀ ਹਰਿਮੰਦਰ ਦੀ ਪ੍ਰਕਰਮਾ ਵਿੱਚ ਵਾਪਰੀ। ਧਰਮ ਯੁੱਧ ਲਈ ਜੂਝਦੇ ਕੁਝ ਜੁਝਾਰੂਆਂ ਸਮੇਤ ਵੱਡੀ ਗਿਣਤੀ ਵਿੱਚ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਇਕੱਤਰ ਹੋਈ ਆਮ ਸੰਗਤ ਵੀ ਇਸ ਮਾਰੂ ਹਮਲੇ ਦੌਰਾਨ ਜਾਮ-ਏ-ਸ਼ਹਾਦਤ ਪੀ ਗਈ। ਗੁਰੂ ਹਰਿਗੋਬਿੰਦ ਪਾਤਸ਼ਾਹ ਵਲੋਂ ਵਰੋਸਾਏ ਮੀਰੀ ਪੀਰੀ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਤਾਂ ਇਸ ਘੱਲੂਘਾਰੇ ਦੌਰਾਨ ਨੇਸਤੋ-ਨਾਬੂਦ ਕਰ ਦਿੱਤਾ ਗਿਆ। ਬੇਸ਼ੱਕ ਇਹਨਾਂ ਵੱਡੀਆਂ ਦੋ ਘਟਨਾਵਾਂ ਨੇ ਸਿੱਖ ਕੌਮ ਨੂੰ ਅਸਹਿ ਤੇ ਅਕਹਿ ਪੀੜਾ ਦਿੱਤੀ ਪਰ ਸਿੱਖ ਪੰਥ ਵਿੱਚ ਇਹ ਮੁਹਾਵਰਾ ਆਮ ਪ੍ਰਚੱਲਿਤ ਹੈ ਕਿ “ਕੌਮਾਂ ਜਿਊਂਦੀਆਂ ਨਾਲ ਕੁਰਬਾਨੀਆਂ ਦੇ’’।