06 Dec 2024

ਜਿੱਧਰ ਵੀ ਨਿਗ੍ਹਾ ਮਾਰੋ, ਹਰ ਪਾਸੇ ਸੰਨਾਟਾ ਹੈ..!

ਪੰਜਾਬ ’ਚ ਜਿੱਧਰ ਵੀ ਨਿਗ੍ਹਾ ਮਾਰੋ, ਹਰ ਪਾਸੇ ਸੰਨਾਟਾ ਛਾਇਆ ਹੈ। ਕਿਧਰੇ ਭਾਵੁਕਤਾ ਦਾ ਵਹਿਣ ਹੈ, ਕਿਧਰੇ ਸੰਵੇਦਨਾ ‘ਤੇ ਖੌਫ ਤੇ ਸਹਿਮ ਭਾਰੂ ਦਿੱਖ ਰਿਹਾ ਹੈ। 29 ਵਰ੍ਹਿਆਂ ਦਾ ਨੌਜਵਾਨ ਸਿੱਧੂ ਮੂਸੇਵਾਲਾ, ਇਕੱਲਾ ਗਾਇਕ ਨਹੀਂ, ਹੁਣ ਇੱਕ ਰਾਜਸੀ ਆਗੂ ਵੀ ਸੀ। ਪੰਜਾਬ ਨੇ ਕਿੰਨਾ ਕੁਝ ਤਨ ’ਤੇ ਝੱਲਿਆ, ਇਤਿਹਾਸ ਪ੍ਰਤੱਖ ਗਵਾਹੀ ਭਰਦਾ ਹੈ। ਬਹੁਤ ਘੱਟ ਮੌਕੇ ਹੋਣਗੇ, ਜਦੋਂ ਇੰਜ ਪੰਜਾਬ ਦੇ ਗਲੀ ਮੁਹੱਲੇ, ਨਗਰ ਖੇੜਿਆਂ ’ਚ ਚੁੱਪ ਪਸਰੀ ਹੋਵੇਗੀ। ਮਾਪਿਆਂ ਦੇ ਇਕਲੌਤੇ ਪੁੱਤ ਦਾ ਚਲੇ ਜਾਣਾ, ਉਹ ਵੀ ਏਨੀ ਬੇਰਹਿਮੀ ਨਾਲ ਛਲਨੀ ਹੋ ਜਾਣਾ, ਦਿਹਾਤੀ ਪੰਜਾਬ ਦੇ ਧੁਰ ਅੰਦਰ ਤੱਕ ਚੀਸ ਪਈ ਹੈ। ਮਾਨਸਾ ਦੇ ਪਿੰਡ ਮੂਸਾ ਤੋਂ ਸਭ ਕੁਝ ਝੱਲ ਨਹੀਂ ਹੋ ਰਿਹਾ। ਅੱਜ ਦਿਨ ਚੜ੍ਹਦੇ ਹੀ ਆਪ ਮੁਹਾਰੇ ਨੌਜਵਾਨ ਮਾਨਸਾ ਪੁੱਜੇ ਹਨ। ਸਿੱਧੂ ਮੂਸੇਵਾਲਾ ਦੇ ਗੀਤਾਂ ਦੇ ਮਿਆਰ ਨੂੰ ਛੱਡ ਵੀ ਦੇਈਏ, ਲੱਖਾਂ ਪ੍ਰਸ਼ੰਸਕਾਂ ਦੇ ਪਿਆਰ ਨੂੰ ਕਿਵੇਂ ਛੱਡ ਸਕਦੇ ਹਨ ਜਿਨ੍ਹਾਂ ਨੇ ਕੈਨੇਡਾ ਤੇ ਆਸਟ੍ਰੇਲੀਆ ਸਮੇਤ ਦਰਜਨਾਂ ਮੁਲਕਾਂ ’ਚ ਕੈਂਡਲ ਮਾਰਚ ਕੀਤੇ ਹਨ।
    ਮਾਨਸਾ ਸ਼ਹਿਰ ਦੇ ਸਭ ਬਾਜਾਰ ਬੰਦ ਰਹੇ, ਕਿਸੇ ਦੇ ਕਹਿਣ ’ਤੇ ਨਹੀਂ, ਆਪ ਮੁਹਾਰੇ ਹਿੰਦੂ ਭਾਈਚਾਰੇ ਨੇ ਸ਼ਟਰ ਸੁੱਟ ਦਿੱਤੇ। ਸੁਰੱਖਿਆ ਵਾਪਸ ਲੈਣ ਕਰਕੇ ਲੋਕਾਂ ਨੂੰ ‘ਆਪ’ ਸਰਕਾਰ ਨਾਲ ਰੰਜ ਹੈ, ਬੇਸ਼ੁਮਾਰ ਗੁੱਸਾ ਵੀ ਹੈ। ਗੈਂਗਸਟਰਾਂ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਹਿੰਦੂ ਭਾਈਚਾਰੇ ’ਚ ਦਹਿਲ ਵੀ ਹੈ ਅਤੇ ਸਹਿਮ ਵੀ, ਜਿਨ੍ਹਾਂ ਨੂੰ ਸੁਰੱਖਿਅਤ ਮਾਹੌਲ ਦੇਣਾ, ਭਰੋਸਾ ਦੇਣਾ, ਸਰਕਾਰ ਦਾ ਕੰਮ ਹੈ। ਸਿੱਧੂ ਮੂਸੇਵਾਲਾ ਨੇ ਕਿਹੋ ਜਿਹਾ ਗਾਇਆ, ਪਾਸੇ ਰੱਖਦੇ ਹਨ, ਕੋਈ ਇਸ ਗੱਲੋਂ ਇਨਕਾਰ ਕਰੇਗਾ ਕਿ ਕੌਮਾਂਤਰੀ ਸਫਾ ’ਚ ਗੂੰਜਣ ਵਾਲਾ ਪਿੰਡ ’ਚ ਰਹਿਣ ਨੂੰ ਤਰਜੀਹ ਦੇਏਗਾ। ਖੇਤੀ ਨਾਲ ਤੇ ਟਰੈਕਟਰ ਨਾਲੋਂ ਉਹਦਾ ਪਿਆਰ ਟੁੱਟਿਆ ਕਦੇ ਨਹੀਂ ਟੁੱਟਿਆ। ਵਿਧਾਨ ਸਭਾ ਚੋਣਾਂ ’ਚ ਕਾਂਗਰਸੀ ਉਮੀਦਵਾਰ ਵਜੋਂ ਮਾਨਸਾ ਹਲਕੇ ਤੋਂ ਖੜ੍ਹਾ ਹੋਇਆ। ਉਦੋਂ ਤਾਂ ਚੋਣ ਹਾਰ ਗਿਆ ਸੀ, ਹੁਣ ਮੌਤ ਮਗਰੋਂ ਹਰ ਕਿਸੇ ਨੂੰ ਹਲੂਣ ਗਿਆ।
    ਚੋਣ ਪ੍ਰਚਾਰ ’ਚ ਇੱਕ ਵਾਰੀ ਉਸ ਨੇ ਆਖਿਆ, ‘ਏਥੇ ਪਿੰਡ ’ਚ ਹੀ ਜੰਮਿਆ, ਪਿੰਡ ’ਚ ਹੀ ਰਹਿਣਾ, ਏਥੇ ਹੀ ਮਰਨਾ ਹੈ।’ ਸਹਿਜ ਸੁਭਾਅ ਨਿਕਲੇ ਬੋਲ ਆਖਰ ਇਹ ਗਾਇਕ ਪੁਗਾ ਗਿਆ। ਸਭ ਵਰਗਾਂ ਅਤੇ ਵਲਗਣਾਂ ਤੋਂ ਉੱਪਰ ਉੱਠ ਕੇ ਲੋਕਾਂ ਨੇ ਇਸ ਗਾਇਕ ਦੀ ਮੌਤ ਦਾ ਸੋਗ ਮਨਾਇਆ ਹੈ। ਏਨੀ ਛੋਟੀ ਉਮਰੇ, ਏਡੀ ਵੱਡੀ ਸ਼ੌਹਰਤ, ਟਾਵੇਂ ਵਿਰਲੇ ਦੇ ਹਿੱਸੇ ਆਉਂਦੀ ਹੈ, ਤਾਹੀਉਂ ਲੰਘੇ ਕੱਲ੍ਹ ਤੋਂ ਹਰ ਨਿਆਣੇ ਸਿਆਣੇ ਦੀ ਅੱਖ ਨਮ ਹੈ। ਉਸ ਦੇ ਗਾਣਿਆਂ ਦੇ ਆਲੋਚਕ ਵੀ ਇਸ ਅਣਹੋਣੀ ਮੌਤ ’ਤੇ ਅੰਦਰੋਂ ਹਿੱਲੇ ਹਨ। ਬੰਦੂਕ ਕਲਚਰ ਨੂੰ ਉਛਾਲਨਾ, ਆਖਰ ਉਸ ’ਤੇ ਹੀ ਭਾਰੂ ਪੈ ਗਿਆ। ਮੁੰਬਈ ਫਿਲਮ ਨਗਰੀ ਤੱਕ ਨਹੀਂ, ਪ੍ਰਦੇਸਾਂ ਤੱਕ ਸੋਗ ਦੀ ਲਹਿਰ ਪੁੱਜੀ ਹੈ। ਉਸ ਮਾਸੀ ਦਾ ਕੀ ਹਾਲ ਹੋਵੇਗਾ ਜਿਸ ਨੂੰ ਮਿਲਣ ਲਈ ਸਿੱਧੂ ਮੂਸੇਵਾਲਾ ਘਰੋਂ ਨਿਕਲਿਆ ਪਰ ਮਾਸੀ ਦੇ ਘਰ ਤੱਕ ਪੁੱਜਣਾ ਨਸੀਬ ਨਾ ਹੋਇਆ। ਸਿਆਸੀ ਆਗੂਆਂ ਨੇ ਆਪਣੇ ਮੂੰਹ ਪਿੰਡ ਮੂਸਾ ਵੱਲ ਕੀਤੇ ਹਨ। ‘ਆਪ’ ਸਰਕਾਰ ਕਟਹਿਰੇ ਵਿੱਚ ਖੜ੍ਹੀ ਹੈ।
     ਇਸ ਘਟਨਾ ਨੇ ਪੰਜਾਬ ਦੀ ਸਿਆਸਤ ਨੂੰ ਭਖਾ ਦਿੱਤਾ ਹੈ। ਗੈਂਗਸਟਰਾਂ ਦੀ ਦਹਿਸ਼ਤ ’ਚ ਪਸਾਰ ਹੋਇਆ ਹੈ। ‘ਆਪ’ ਸਰਕਾਰ ਨੇ ਵੇਲੇ ਸਿਰ ਮੌਕਾ ਨਾ ਸੰਭਾਲਿਆ ਤਾਂ ਮਾਹੌਲ ਕਿਧਰੇ ਹੋਰ ਪਾਸੇ ਮੋੜਾ ਨਾ ਖਾ ਜਾਵੇ। ਅਸੁਰੱਖਿਅਤ ਮਾਹੌਲ ’ਚ ਕੌਣ ਨਿਵੇਸ਼ ਲਈ ਪੰਜਾਬ ਵੱਲ ਮੂੰਹ ਕਰੇਗਾ। ਏਦਾਂ ਦੀ ਘਟਨਾ ਪੰਜਾਬ ਨੂੰ ਆਰਥਿਕ ਤਬਾਹੀ ਵੱਲ ਵੀ ਧੱਕਦੀ ਹੈ। ਸਿਆਸੀ ਆਗੂ ਇਸ ਘਟਨਾ ‘ਤੇ ਰੋਟੀਆਂ ਸੇਕ ਸਕਦੇ ਹਨ, ਪ੍ਰੰਤੂ ਪੰਜਾਬ ਨੂੰ ਇਹ ਵਾਰਾ ਨਹੀਂ ਖਾਂਦਾ ਹੈ। ਇੱਥੋਂ ਦੇ ਨਾਗਰਿਕ ਖੂਨ ਖਰਾਬਾ ਨਹੀਂ, ਨਿਆਂ ਤੇ ਸ਼ਾਂਤੀ ਭਰੀ ਜ਼ਿੰਦਗੀ ਚਾਹੁੰਦੇ ਹਨ। ਫੌਰੀ ਸੰਭਲਣ ਦੀ ਲੋੜ ਹੈ। ਇਸ ਘਟਨਾ ਨੇ ‘ਆਪ’ ਸਰਕਾਰ ਦੇ ‘ਰੰਗਲਾ ਪੰਜਾਬ’ ਦੇ ਸੁਪਨੇ ਨੂੰ ਵੀ ਧੱਕਾ ਲਾਇਆ ਹੈ। ਅੱਜ ਸਿੱਧੂ ਮੂਸੇਵਾਲਾ ਦੇ ਬਾਪ ਨੇ ਸਰਕਾਰ ਨੂੰ ਚਿੱਠੀ ਲਿਖੀ, ਮੁੱਖ ਮੰਤਰੀ ਭਗਵੰਤ ਮਾਨ ਨੇ ਸਭ ਮੰਗਾਂ ’ਤੇ ਫੌਰੀ ਕਾਰਵਾਈ ਕਰ ਦਿੱਤੀ।
    ‘ਆਪ’ ਸਰਕਾਰ ਅੱਗੇ ਇਹ ਵੱਡੀ ਚੁਣੌਤੀ ਹੈ। ਪੰਜਾਬ ਪੁਲੀਸ ਲਈ ਪਰਖ ਦਾ ਸਮਾਂ ਹੈ। ਮਾਪਿਆਂ ਨੂੰ ਗੁਆਚਾ ਪੁੱਤ ਨਹੀਂ ਲੱਭਣਾ ਪ੍ਰੰਤੂ ਉਦੋਂ ਮਾਪਿਆਂ ਨੂੰ ਧਰਵਾਸਾ ਬੱਝੇਗਾ ਜਦੋਂ ਕਾਤਲ ਫੜ੍ਹੇ ਜਾਣਗੇ। ‘ਆਪ’ ਸਰਕਾਰ ਦਾ ਹੁਣ ਇੱਕੋ ਏਜੰਡਾ ਹੈ, ਕਸੂਰਵਾਰਾਂ ਨੂੰ ਦਬੋਚਣਾ, ਇਸ ਤੋਂ ਘੱਟ ਲੋਕਾਂ ਨੂੰ ਸਵੀਕਾਰ ਨਹੀਂ ਹੋਣਾ। ‘ਆਪ’ ਸਰਕਾਰ ਹੁਣ ਘਬਰਾਹਟ ਵਿੱਚ ਹੈ। ਸੰਗਰੂਰ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਇਸ ਤਰ੍ਹਾਂ ਦੀ ਘਟਨਾ, ਕਿਸੇ ਝਟਕੇ ਤੋਂ ਘੱਟ ਨਹੀਂ ਹੈ। ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ। ਪੰਜਾਬ ਵਿਧਾਨ ਸਭਾ ਸਕੱਤਰੇਤ ਵਿੱਚ ਵਿਧਾਇਕਾਂ ਦੀ ਸਿਖਲਾਈ ਵਾਲਾ ਕੈਂਪ ਅੱਜ ਮੁਲਤਵੀ ਕਰ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲੀਸ ਦੇ ਉੱਚ ਅਫਸਰਾਂ ਨੂੰ ਤਾੜਿਆ ਹੈ ਤੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਸਖਤ ਆਦੇਸ਼ ਦਿੱਤੇ ਹਨ। 

-ਚਰਨਜੀਤ ਭੁੱਲਰ
  

More in ਲੇਖ

* Nicholee Ambrose,Ric Metzgar endorsed her from Distt Eight Maryland/Rosedale (Jatinder) The first woman from the...
-------------ਡਾ. ਪੱਲਵੀ ਗਾਊਡਾ ਦਾ ਅੰਗਰੇਜ਼ੀ ਲੇਖ ਦਾ ਪੰਜਾਬੀ ਉਲੱਥਾ ਡਾ. ਸੁਰਿੰਦਰ ਸਿੰਘ...
ਈਦੀ ਫਾਊਂਡੇਸ਼ਨ (ਉਰਦੂ) ਪਾਕਿਸਤਾਨ ਵਿੱਚ ਇੱਕ ਗੈਰ-ਮੁਨਾਫਾ ਸਮਾਜ ਭਲਾਈ ਪ੍ਰੋਗਰਾਮ...
ਸਿੱਖ ਇੱਕ ਮਿਹਨਤੀ ਕੌਮ ਹੈ। ਜਿਸ ਵਿੱਚ ਡਰ, ਭੈਅ ਨਾਂ ਦੀ ਕੋਈ ਵੀ ਚੀਜ਼ ਇਨ੍ਹਾਂ ਦੇ ਨੇੜੇ ਨਹੀਂ...
''ਅੱਜ ਸਿੱਖਾਂ ਨੇ ਬਾਜ਼ ਨੂੰ ਹੱਥ ਪਾਇਆ ਹੈ, ਕੱਲ੍ਹ ਤਾਜ ਨੂੰ ਵੀ ਪਾਉਣਗੇ'' -ਗਿ....
Home  |  About Us  |  Contact Us  |  
Follow Us:         web counter