06 Dec 2024

ਸੱਚਾ ਸੰਤ 'ਅਬਦੁਲ ਸਿਤਾਰ ਈਦੀ' ਅੱਜ ਤੋਂ ਚਾਰ ਸਾਲ ਪਹਿਲਾਂ ਅਲਵਿਦਾ ਕਹਿ ਗਿਆ

ਈਦੀ ਫਾਊਂਡੇਸ਼ਨ (ਉਰਦੂ) ਪਾਕਿਸਤਾਨ ਵਿੱਚ ਇੱਕ ਗੈਰ-ਮੁਨਾਫਾ ਸਮਾਜ ਭਲਾਈ ਪ੍ਰੋਗਰਾਮ ਹੈ, ਜਿਸ ਦੀ ਸਥਾਪਨਾ 1951 ਵਿੱਚ ਅਬਦੁੱਲ ਸੱਤਰ ਈਦੀ ਦੁਆਰਾ ਕੀਤੀ ਗਈ ਸੀ। 8 ਜੁਲਾਈ, 2016 ਨੂੰ ਆਪਣੀ ਮੌਤ ਹੋਣ ਤਕ ਈਦੀ ਇਸ ਸੰਸਥਾ ਦਾ ਮੁਖੀ ਸੀ ਅਤੇ ਉਸ ਦੀ ਪਤਨੀ ਬਿਲਕੁਇਸ  ਇੱਕ ਨਰਸ, ਫਾਊਂਡੇਸ਼ਨ ਦੇ ਜਣੇਪਾ ਅਤੇ ਗੋਦ ਲੈਣ ਵਾਲੀਆਂ ਸੇਵਾਵਾਂ ਦੀ ਨਿਗਰਾਨੀ ਕਰਦੀ ਹੈ। ਇਸ ਦਾ ਮੁੱਖ ਦਫਤਰ ਕਰਾਚੀ, ਪਾਕਿਸਤਾਨ ਵਿੱਚ ਹੈ।
ਈਦੀ ਫਾਊਂਡੇਸ਼ਨ ਪਾਕਿਸਤਾਨ ਦੇਸ਼ ਅਤੇ ਵਿਦੇਸ਼ ਵਿੱਚ 24 ਘੰਟੇ ਸੰਕਟਕਾਲੀ ਸਹਾਇਤਾ ਮੁਹੱਈਆ ਕਰਵਾਉਂਦੀ ਹੈ।  ਫਾਊਂਡੇਸ਼ਨ ਕਈ ਹੋਰ ਸੇਵਾਵਾਂ ਦੇ ਨਾਲ, ਬੇਸਹਾਰਾ ਲੋਕਾਂ ਲਈ ਪਨਾਹ, ਮੁਫਤ ਹਸਪਤਾਲਾਂ ਅਤੇ ਡਾਕਟਰੀ ਦੇਖਭਾਲ, ਨਸ਼ਾ ਮੁੜ ਵਸੇਵਾ ਸੇਵਾਵਾਂ ਅਤੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਰਾਹਤ ਕੋਸ਼ਿਸ਼ਾਂ ਪ੍ਰਦਾਨ ਕਰਦੀ ਹੈ। ਇਸਦਾ ਮੁੱਖ ਧਿਆਨ ਕੇਂਦਰ ਵਿੱਚ ਐਮਰਜੈਂਸੀ ਸੇਵਾਵਾਂ, ਅਨਾਥ, ਅਪਾਹਜ ਵਿਅਕਤੀ, ਪਨਾਹ, ਸਿੱਖਿਆ, ਸਿਹਤ ਸੰਭਾਲ, ਅੰਤਰ-ਰਾਸ਼ਟਰੀ ਕਮਿਊਨਿਟੀ ਸੈਂਟਰ, ਬਲੱਡ ਐਂਡ ਡਰੱਗ ਬੈਂਕ, ਏਅਰ ਐਂਬੂਲੈਂਸ ਸੇਵਾਵਾਂ, ਸਮੁੰਦਰੀ ਅਤੇ ਤੱਟ ਸੇਵਾਵਾਂ ਹਨ।
ਬਾਂਟਵਾ, ਗੁਜਰਾਤ, ਬ੍ਰਿਟਿਸ਼ ਭਾਰਤ ਵਿੱਚ 1928 ਵਿੱਚ ਜਨਮੇ ਈਦੀ ਬਾਅਦ ਵਿੱਚ ਕਰਾਚੀ ਚਲੇ ਗਏ। ਜਿੱਥੇ ਉਸਨੇ ਸ਼ਹਿਰ ਦੇ ਘੱਟ ਆਮਦਨੀ ਨਿਵਾਸੀਆਂ ਲਈ ਇੱਕ ਮੁਫਤ ਡਿਸਪੈਂਸਰੀ ਸਥਾਪਤ ਕੀਤੀ।
1957 ਵਿੱਚ ਜਦੋਂ ਏਸ਼ੀਆਈ ਫਲੂ ਮਹਾਂਮਾਰੀ (ਚੀਨ ਵਿੱਚ ਪੈਦਾ ਹੋਇਆ) ਪਾਕਿਸਤਾਨ ਅਤੇ ਦੁਨੀਆ ਭਰ ਵਿੱਚ ਫੈਲਿਆ ਤਾਂ ਈਦੀ ਦੀਆਂ ਦਾਨੀ ਕੰਮਾਂ ਵਿੱਚ ਵਾਧਾ ਹੋਇਆ। ਦਾਨ ਨੇ ਉਸ ਨੂੰ ਉਸੇ ਸਾਲ ਆਪਣੀ ਪਹਿਲੀ ਐਂਬੂਲੈਂਸ ਖਰੀਦਣ ਦੀ ਆਗਿਆ ਦਿੱਤੀ। ਬਾਅਦ ਵਿੱਚ ਉਸਨੇ ਆਪਣੀ ਪਤਨੀ ਬਿਲਕੁਇਸ ਈਦੀ ਦੀ ਮਦਦ ਨਾਲ ਆਪਣੇ ਚੈਰਿਟੀ ਨੈੱਟਵਰਕ ਦਾ ਵਿਸਥਾਰ ਕੀਤਾ ਸੀ।
ਉਸਦੇ ਜੀਵਨ ਕਾਲ ਵਿੱਚ, ਈਦੀ ਫਾਊਂਡੇਸ਼ਨ  ਦਾ ਵਿਸਥਾਰ ਹੋਇਆ, ਪੂਰੀ ਤਰ੍ਹਾਂ ਨਿੱਜੀ ਦਾਨ ਦੁਆਰਾ ਸਮਰਥਨ ਕੀਤਾ ਗਿਆ, ਜਿਸ ਵਿੱਚ 1,800 ਮਿੰਨੀ ਚੈਨਾਂ ਐਂਬੂਲੈਂਸਾਂ ਦਾ ਇੱਕ ਨੈੱਟਵਰਕ ਸਥਾਪਤ ਕਰਨਾ ਸ਼ਾਮਲ ਹੈ। ਆਪਣੀ ਮੌਤ ਦੇ ਸਮੇਂ ਤੱਕ, ਈਦੀ ਲਗਭਗ 20,000 ਗੋਦ ਲਏ ਬੱਚਿਆਂ ਦੇ ਮਾਪਿਆਂ ਦਾ ਸਰਪ੍ਰਸਤ ਵਜੋਂ ਰਜਿਸਟਰਡ ਹੋਇਆ ਸੀ, ਜਿਨ੍ਹਾਂ ਵਿੱਚੋਂ ਉਹ ਇੱਕ ਸਰਗਰਮ ਦੇਖਭਾਲ ਕਰਨ ਵਾਲਾ ਸੀ। ਉਹ ਪਾਕਿਸਤਾਨੀਆਂ ਵਿੱਚ “ਮਿਹਰ ਦਾ ਦੂਤ'' ਵਜੋਂ ਜਾਣਿਆ ਜਾਂਦਾ ਹੈ ਅਤੇ ਪਾਕਿਸਤਾਨ ਦੀ ਸਭ ਤੋਂ ਸਤਿਕਾਰਤ ਅਤੇ ਮਹਾਨ ਸ਼ਖਸੀਅਤ ਮੰਨੀ ਜਾਂਦੀ ਹੈ।
ਈਦੀ ਨੇ ਹੱਥੀਂ ਪ੍ਰਬੰਧਨ ਦੀ ਸ਼ੈਲੀ ਬਣਾਈ ਰੱਖੀ ਅਤੇ ਅਕਸਰ ਵੱਡੇ ਪੱਧਰ 'ਤੇ ਭ੍ਰਿਸ਼ਟ ਪਾਦਰੀਆਂ ਅਤੇ ਸਿਆਸਤਦਾਨਾਂ ਦੀ ਆਲੋਚਨਾ ਕੀਤੀ ਜਾਂਦੀ ਸੀ। ਉਹ ਪਾਕਿਸਤਾਨ ਵਿੱਚ ਧਾਰਮਿਕ ਸਹਿਣਸ਼ੀਲਤਾ ਦਾ ਜ਼ਬਰਦਸਤ ਸਮਰਥਕ ਸੀ ਅਤੇ ਕਥਰੀਨਾ ਤੂਫਾਨ ਦੇ ਪੀੜਤਾਂ ਅਤੇ ਇਥੋਪੀਆ ਵਿੱਚ 1985 ਦੇ ਅਕਾਲ ਵਿੱਚ ਆਪਣਾ ਸਮਰਥਨ ਵਧਾਉਂਦਾ ਰਿਹਾ। ਉਸ ਨੂੰ ਕਈ ਵਾਰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਸੀ, ਜਿਸ ਵਿੱਚ ਮਲਾਲਾ ਯੂਸਫਜ਼ਈ ਵੀ ਸ਼ਾਮਲ ਹੈ। ਈਦੀ ਨੂੰ ਗਾਂਧੀ ਪੀਸ ਐਵਾਰਡ, ਅਹਿਮਦੀਆ ਮੁਸਲਿਮ ਸ਼ਾਂਤੀ ਪੁਰਸਕਾਰ ਅਤੇ ਯੂਨੈਸਕੋ-ਮਦਨਜੀਤ ਸਿੰਘ ਪੁਰਸਕਾਰ ਸਮੇਤ ਕਈ ਪੁਰਸਕਾਰ ਪ੍ਰਾਪਤ ਹੋਏ ਸਨ।
ਈਦੀ ਸਾਹਿਬ ਨੂੰ ਯਾਦ ਕਰਕੇ ਮੇਰੀ ਤਰ੍ਹਾਂ ਤੁਹਾਡੀ ਵੀ ਅੱਖ ਅੱਜ ਜ਼ਰੂਰ ਛਲਕੀ ਹੋਵੇਗੀ ਹੋਵੇਗੀ। ਹਰ ਧਰਮ ਤੋਂ, ਮਨੁੱਖਤਾ ਨੂੰ ਉੱਤੇ ਸਮਝਦੇ ਸੀ ਈਦੀ ਸਾਹਿਬ। ੧ ਜਨਵਰੀ ੧੯੨੮ ਨੂੰ ਜਨਮੇ ਈਦੀ ਸਾਹਿਬ ਨੇ ਸਾਰੀ ਉਮਰ ਮਨੁੱਖਤਾ ਦੀ ਸੇਵਾ ਕੀਤੀ। ਸ਼ੁਰੂ ਸ਼ੁਰੂ ਵਿੱਚ ਈਦੀ ਸਾਹਿਬ ਸੜਕ ਤੇ ਚਾਦਰ ਵਿਛਾ ਕੇ ਮੰਗਣ ਬੈਠ ਜਾਂਦੇ ਸੀ ਤੇ ਜਿੰਨੇ ਪੈਸੇ ਇਕੱਠੇ ਹੁੰਦੇ ਉਸ ਨਾਲ ਕਿਸੇ ਜਖ਼ਮੀ ਦੀ ਮਦਦ ਕਰਦੇ ਜਾਂ ਲਾਵਾਰਿਸ ਲਾਸ਼ ਨੂੰ ਦਫ਼ਨਾ ਦਿੰਦੇ, ਅਗਲੇ ਦਿਨ ਫਿਰ ਚਾਦਰ ਵਿਛਾ ਕੇ ਮੰਗਣ ਲੱਗ ਜਾਂਦੇ ਸਨ।
ਮਨੁੱਖਤਾ ਤੋਂ ਉਪਰ ਹੋਰ ਕੋਈ ਧਰਮ ਨਹੀਂ। ਇਹ ਸ਼ਬਦ ਅਬਦੁਲ ਸਿਤਾਰ ਈਦੀ ਦੇ ਹਨ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਭਗਤ ਪੂਰਨ ਸਿੰਘ ਜੀ ਦੀ ਤਰ੍ਹਾਂ ਮਨੁੱਖਤਾ ਦੀ ਸੇਵਾ ਲਈ ਅਰਪਣ ਕੀਤਾ। ਈਦੀ ਦੇ ਪੂਰਵਜ਼ ਸਿੰਧੀ ਹਿੰਦੂ ਸਨ। ਜੋ ਤਿੰਨ ਸਦੀਆਂ ਪਹਿਲਾਂ ਮੁਸਲਮਾਨ ਹੋ ਗਏ। ਇਹਨਾਂ ਨੂੰ ਮੋਮਿਨ ਕਿਹਾ ਜਾਂਦਾ ਸੀ। ਜੋ ਬਾਅਦ ਵਿੱਚ ਮੈਮਨ ਕਰਕੇ ਪ੍ਰਚੱਲਤ ਹੋ ਗਏ। ਈਦੀ ਪਰਿਵਾਰ ਭਾਰਤੀ ਗੁਜਰਾਤ ਦੇ ਕਾਠੀਆਵਾੜ ਇਲਾਕੇ ਵਿੱਚ ਵਸ ਕੇ ਵਪਾਰ ਕਰਨ ਲੱਗ ਪਿਆ। ਦੇਸ਼ ਦੀ ਵੰਡ ਵੇਲੇ ਮੁਹੰਮਦ ਅਲੀ ਜਿਨਾਹ ਦੇ ਵਾਸਤਾ ਪਾਉਣ ਤੇ ਮੈਮਨ ਹਿਜਰਤ ਕਰਕੇ ਪਾਕਿਸਤਾਨ ਆ ਗਏ। ਬਹੁਤੇ ਲੋਕ ਉਜੜੀਆਂ ਹਿੰਦੂ ਜਾਇਦਾਦਾਂ ਤੇ ਕਾਬਜ਼ ਹੋ ਗਏ। ਪਰ ਈਦੀ ਦਾ ਪਿਤਾ ਅਬਦੁਲ ਸ਼ਕੂਰ ਜੋ ਬਹੁਤ ਇਮਾਨਦਾਰ ਸੀ, ਉਹ ਇਸ ਦੇ ਖਿਲਾਫ ਸੀ। ਉਨ੍ਹਾਂ ਨੇ ਇੱਕ ਕਮਰਾ ਕਿਰਾਏ ਤੇ ਲੈ ਕੇ ਪਰਿਵਾਰ ਨੂੰ ਉੱਥੇ ਟਿਕਾਇਆ। ਇਸ ਤਰ੍ਹਾਂ ਈਦੀ ਸਾਹਿਬ ਨੂੰ ਈਮਾਨਦਾਰੀ ਆਪਣੇ ਪਿਤਾ ਤੋਂ ਵਿਰਸੇ ਵਿੱਚ ਮਿਲੀ।
ਗਰੀਬਾਂ, ਬੇਆਸਰਿਆਂ ਤੇ ਲੋੜਵੰਦਾਂ ਲਈ ਪਿਆਰ ਤੇ ਹਮਦਰਦੀ ਦੀ ਭਾਵਨਾ ਈਦੀ ਸਾਹਿਬ ਨੂੰ ਬਚਪਨ ਵਿੱਚ ਹੀ ਆਪਣੀ ਮਾਤਾ ਗੁਰਬਾ ਤੋਂ ਮਿਲੀ। ਛੋਟੇ ਹੁੰਦਿਆਂ ਸਕੂਲ ਜਾਣ ਸਮੇਂ ਈਦੀ ਦੀ ਮਾਂ ਉਸ ਨੂੰ ਦੋ ਪੈਸੇ ਦਿੰਦੀ ਤੇ ਕਹਿੰਦੀ ਕਿ ਇੱਕ ਪੈਸਾ ਤੂੰ ਆਪ ਖਰਚ ਲਵੀਂ ਤੇ ਦੂਜਾ ਕਿਸੇ ਲੋੜਵੰਦ ਨੂੰ ਦੇ ਦੇਵੀਂ। ਜਦੋਂ ਮਮਤਾ ਵਿੱਚ ਆ ਕੇ ਮਾਂ ਈਦੀ ਨੂੰ ਬਹੁਤ ਪਿਆਰ ਕਰਦੀ ਤਾਂ ਕਹਿੰਦੀ ਕਿ ਜਿੰਨਾ ਪਿਆਰ ਮੈਂ ਤੈਨੂੰ ਕਰਦੀ ਹਾਂ, ਇੰਨਾ ਹੀ ਪਿਆਰ ਤੂੰ ਖਲਕਤ ਨਾਲ ਕਰੀਂ।
ਸਕੂਲ ਜਾਂਦਿਆਂ ਇੱਕ ਦਿਨ ਈਦੀ ਸਾਹਿਬ ਨੇ ਦੇਖਿਆ ਕਿ ਮੁੰਡਿਆਂ ਦੀ ਇੱਕ ਟੋਲੀ ਇੱਕ ਪਾਗਲ ਵਿਅਕਤੀ ਨੂੰ ਘੇਰ ਕੇ ਉਸ ਨਾਲ ਛੇੜ-ਛਾੜ ਕਰ ਰਹੀ ਹੈ। ਖਿੱਲਰੇ ਵਾਲਾਂ ਵਿੱਚ ਉਹ ਪਾਗਲ ਵਿਅਕਤੀ ਲਾਚਾਰ ਹੋਇਆ ਸਭ ਕੁੱਝ ਸਹਿ ਰਿਹਾ ਸੀ। ਈਦੀ ਨੇ ਉਹਨਾਂ ਮੁੰਡਿਆਂ ਨੂੰ ਝਾੜਿਆ ਤੇ ਕਿਹਾ ਕਿ ਜੇ ਤੁਸੀਂ ਇਸ ਦੀ ਮਦਦ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਰਹਿਮ ਤਾਂ ਕਰੋ। ਮੁੰਡਿਆਂ ਨੇ ਫੜ੍ਹ ਕੇ ਈਦੀ ਨੂੰ ਕੁੱਟ ਸੁੱਟਿਆ। ਘਰ ਆਇਆ ਤਾਂ ਮਾਂ ਨੇ ਮੱਲ੍ਹਮ ਪੱਟੀ ਕੀਤੀ ਤੇ ਕਿਹਾ ਕਿ ਰੱਬ ਤੇਰਾ ਭਲਾ ਕਰੇਗਾ। ਚੰਗੇ ਕੰਮਾਂ ਲਈ ਕੁੱਟ ਵੀ ਖਾਣੀ ਪਵੇ ਤਾਂ ਪਿੱਛੇ ਨਾਂ ਹਟੀਂ।
ਈਦੀ ਪੜ੍ਹਾਈ ਵਿੱਚ ਚੰਗਾ ਨਹੀਂ ਸੀ। ਪੰਜ ਜਮਾਤਾਂ ਪਾਸ ਕਰਕੇ ਉਸ ਨੇ ਪੜ੍ਹਾਈ ਛੱਡ ਦਿੱਤੀ ਅਤੇ ਕੱਪੜੇ ਦੇ ਵਪਾਰੀ ਕੋਲ ਪੰਜ ਰੁਪਏ ਮਹੀਨਾ ਨੌਕਰੀ 'ਤੇ ਲੱਗ ਗਿਆ। ਉੱਥੇ ਹੋਰ ਵੀ ਲੜਕੇ ਕੰਮ ਕਰਦੇ ਸਨ। ਈਦੀ ਨੇ ਦੋ ਲੜਕਿਆਂ ਵਿਰੁੱਧ ਪੈਸੇ ਚੋਰੀ ਕਰਨ ਬਾਰੇ ਮਾਲਕ ਨੂੰ ਦੱਸ ਦਿੱਤਾ। ਜਦੋਂ ਇੱਕ ਲੜਕੇ ਨੇ ਇਹ ਕਿਹਾ ਕਿ ਈਦੀ ਵੀ ਸਾਡੇ ਨਾਲ ਸੀ ਤਾਂ ਮਾਲਕ ਗਰਜਿਆ ਕਿ ਹਾਜੀ ਸ਼ਕੂਰ ਦਾ ਪੁੱਤਰ ਚੋਰੀ ਨਹੀਂ ਕਰ ਸਕਦਾ।
ਈਦੀ ਸਾਹਿਬ ਦੇ ਪਿਤਾ ਕੋਲ ਪੈਸੇ ਦੀ ਕਮੀ ਨਹੀਂ ਸੀ। ਉਹ ਉਸ ਨੂੰ ਚੰਗਾ ਕਾਰੋਬਾਰ ਖੋਲ੍ਹ ਕੇ ਦੇ ਸਕਦਾ ਸੀ , ਪਰ ਫਿਰ ਵੀ ਉਸ ਨੇ ਪੁੱਤਰ ਨੂੰ ਇੱਕ ਛੋਟਾ ਜਿਹਾ ਪਾਨ ਦਾ ਖੋਖਾ ਖੋਲ੍ਹ ਦਿੱਤਾ। ਉਸ ਦਾ ਵਿਚਾਰ ਸੀ ਕਿ ਕਾਮਯਾਬੀ ਲਈ ਹੇਠਾਂ ਤੋਂ ਉਠਣਾ ਜਰੂਰੀ ਹੈ। ਇਸ ਤਰ੍ਹਾਂ ਈਦੀ ਨੂੰ ਆਦਮੀ ਦੀ ਫਿਤਰਤ ਤੇ ਪੈਸੇ ਦੀ ਕੀਮਤ ਦਾ ਪਤਾ ਲੱਗ ਜਾਵੇਗਾ। ਹੇਠਾਂ ਤੋਂ ਉੱਪਰ ਜਾਵੇਗਾ ਤਾਂ ਕਦੀ ਡਿੱਗੇਗਾ ਨਹੀਂ। ਇਸੇ ਛੋਟੀ ਜਿਹੀ ਪਾਨ ਦੀ ਦੁਕਾਨ ਤੋਂ ਹੀ ਈਦੀ ਨੇ ਈਮਾਨਦਾਰੀ ਨਾਲ ਕਾਫੀ ਪੈਸੇ ਬਚਾ ਲਏ।
ਮੈਮਨ ਜੋ ਬਹੁਤ ਅਮੀਰ ਸਨ, ਉਹਨਾਂ ਨੇ 1948 ਵਿੱਚ ਦਾਨ ਰਾਸ਼ੀ ਨਾਲ ਚੱਲਣ ਵਾਲੀ ਇੱਕ ਡਿਸਪੈਂਸਰੀ ਖੋਲ੍ਹੀ ਤੇ ਕੰਮ ਕਰਨ ਲਈ ਵਲੰਟੀਅਰ ਮੰਗੇ। ਈਦੀ ਨੇ ਵੀ ਆਪਣਾ ਨਾਂ ਲਿਖਵਾ ਦਿੱਤਾ । ਜੋ ਸਭ ਤੋਂ ਛੋਟੀ ਉਮਰ ਦਾ ਸੀ। ਈਦੀ ਨੇ ਉੱਥੇ ਵੀ ਵੇਖਿਆ ਕਿ ਬੀਮਾਰਾਂ ਨਾਲ ਵੀ ਵਿਤਕਰਾ ਹੋ ਰਿਹਾ ਹੈ। ਮੈਮਨਾਂ ਨੂੰ ਦਵਾਈ ਦਿੱਤੀ ਜਾ ਰਹੀ ਸੀ ਜੇ ਬੱਚ ਜਾਂਦੀ ਤਾਂ ਗਰੀਬਾਂ ਨੂੰ ਮਿਲਦੀ। ਐਕਸਰੇ ਵਾਲੇ ਮੁੰਡੇ ਸ਼ਰੇਆਮ ਰਿਸ਼ਵਤ ਲੈਂਦੇ। ਪ੍ਰਬੰਧਕੀ ਬੋਰਡ ਦੀ ਮੀਟਿੰਗ ਵਿੱਚ ਈਦੀ ਨੇ ਸਾਰੀਆਂ ਚੋਰ ਮਾਰੀਆਂ ਤੇ ਕਮਜੋਰੀਆਂ ਦਾ ਪਰਦਾ ਫਾਸ਼ ਕੀਤਾ। ਈਦੀ ਨੂੰ ਉੱਥੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ। ਪਿਤਾ ਨੇ ਸ਼ਾਬਾਸ਼ ਦਿੱਤੀ ਤੇ ਕਿਹਾ ਤੂੰ ਸਖਤ ਮਿਹਨਤ ਤੇ ਇਮਾਨਦਾਰੀ ਨਾਲ ਉਹਨਾਂ ਨੂੰ ਪਛਾੜ ਦੇਵੇਂਗਾ। ਤੂੰ ਉਹਨਾਂ ਨੂੰ ਨਜ਼ਰ ਅੰਦਾਜ਼ ਕਰ ਤੇ ਆਪਣਾ ਰਾਹ ਨਾ ਛੱਡੀਂ।
1951 ਵਿੱਚ ਈਦੀ ਨੇ ਆਪਣੀ ਬੱਚਤ ਕੀਤੀ 2300 ਰੁਪਏ ਦੀ ਰਾਸ਼ੀ ਨਾਲ ਮੀਠਾਦਾਰ ਵਿੱਚ ਆਪਣੀ ਡਿਸਪੈਂਸਰੀ ਖੋਲ੍ਹ ਲਈ ਤੇ ਇੱਕ ਡਾਕਟਰ ਰੱਖ ਲਿਆ। ਕੰਪਨੀ ਤੋਂ ਸਿੱਧੀਆਂ ਦਵਾਈਆਂ ਸਸਤੇ ਰੇਟ ਤੇ ਮੰਗਵਾਉਣ ਲੱਗ ਪਿਆ। ਦਿਨ ਰਾਤ ਮਰੀਜਾਂ ਦੀ ਦੇਖਭਾਲ ਤੇ ਫਸਟ ਏਡ ਆਪ ਕਰਦਾ। ਰਾਤ ਨੂੰ ਦੁਕਾਨ ਦੇ ਬਾਹਰ ਪੱਥਰ ਦੇ ਬਣੇ ਬੈਂਚ ਤੇ ਹੀ ਸੌਂ ਜਾਂਦਾ। ਇਲਾਜ ਦੀ ਫੀਸ ਭਾਵੇਂ ਬਹੁਤ ਹੀ ਘੱਟ ਸੀ ਫਿਰ ਵੀ ਬੱਚਤ ਹੋ ਜਾਂਦੀ।
1951 ਵਿੱਚ ਹਾਂਗਕਾਂਗ ਵਿੱਚ ਫਲੂ ਦੀ ਬਿਮਾਰੀ ਫੈਲ ਗਈ। ਵੱਡੀ ਗਿਣਤੀ ਵਿੱਚ ਲੋਕ ਮਰਨੇ ਸ਼ੁਰੂ ਹੋ ਗਏ। ਈਦੀ ਨੇ ਉੱਥੇ ਪਹੁੰਚ ਕੇ ਸ਼ਹਿਰ ਦੇ ਚਾਰੇ ਪਾਸੇ ਮਰੀਜ਼ਾਂ ਦੇ ਇਲਾਜ ਲਈ ਟੈਂਟ ਲਾ ਦਿੱਤੇ ਅਤੇ ਇੱਕ ਦਾਨ ਬਕਸਾ ਰੱਖ ਕੇ ਲਿਖ ਦਿੱਤਾ – ਜੇ ਕੁੱਝ ਹੈ ਤਾਂ ਪਾ ਦਿਉ। ਈਦੀ ਦਾ ਸਭ ਕੁੱਝ ਤੁਹਾਡੇ ਲਈ ਹੈ। ਇੱਕ ਮੈਮਨ ਵਪਾਰੀ ਈਦੀ ਦੇ ਕੰਮ ਨੂੰ ਕੁੱਝ ਦਿਨ ਬਰੀਕੀ ਨਾਲ ਵੇਖਦਾ ਰਿਹਾ ਤੇ ਫਿਰ ਵੀਹ ਹਜ਼ਾਰ ਰੁਪਏ ਦਾਨ ਦੇ ਦਿੱਤੇ। ਈਦੀ ਨੇ ਉਸੇ ਦਿਨ 7000 ਰੁਪਏ ਦੀ ਪੁਰਾਣੀ ਵੈਨ ਖਰੀਦ ਕੇ ਪੇਂਟ ਕਰਵਾ ਲਈ ਤੇ ਉੱਪਰ ਲਿਖ ਦਿੱਤਾ 'ਗਰੀਬ ਦੀ ਮੋਟਰ।'
ਬੱਚਤ ਕੀਤੀ ਰਾਸ਼ੀ ਵਿੱਚੋਂ ਬਾਕੀ ਮੁਲਕਾਂ ਦੇ ਕੰਮ ਕਰਨ ਦੇ ਤਰੀਕੇ ਵੇਖਣ ਲਈ 1956 ਵਿੱਚ ਈਦੀ ਬੱਸ ਰਾਹੀਂ ਈਰਾਨ, ਤੁਰਕੀ, ਯੂਨਾਨ ਤੇ ਬਲਗਾਰੀਆ ਵਿੱਚੋਂ ਲੰਘਦਾ ਹੋਇਆ ਯੋਗੋਸਲਾਵੀਆ ਤੱਕ ਅਤੇ ਫਿਰ ਫਰਾਂਸ ਤੇ ਤੁਰਕੀ ਗਿਆ। ਇੰਮੀਗ੍ਰੇਸ਼ਨ ਵਾਲੇ ਅਫਸਰ ਵੀ ਗਰੀਬ ਯਾਤਰੀ ਸਮਝ ਕੇ ਦਾਨ ਦੇ ਦੇਂਦੇ। ਉਸ ਨੇ ਵੇਖਿਆ ਕਿ ਪਾਕਿਸਤਾਨ ਦੇ ਮੁਕਾਬਲੇ ਇਹ ਲੋਕ ਕਿੰਨੀ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ। ਈਦੀ ਦੀ ਗੈਰ ਹਾਜਰੀ ਵਿੱਚ ਉਸ ਦੇ ਵਿਰੁੱਧ ਕੂੜ ਪ੍ਰਚਾਰ ਕੀਤਾ ਗਿਆ ਕਿ ਉਹ ਦਾਨ ਦੀ ਰਾਸ਼ੀ ਲੈ ਕੇ ਵਿਦੇਸ਼ ਭੱਜ ਗਿਆ ਹੈ। ਵਾਪਿਸ ਆ ਕੇ ਈਦੀ ਨੂੰ ਜਦੋਂ ਇਸ ਕੂੜ ਪ੍ਰਚਾਰ ਦਾ ਪਤਾ ਲੱਗਾ ਤਾਂ ਉਸ ਨੇ ਇਸ਼ਤਿਹਾਰ ਦੇ ਦਿੱਤਾ ਕਿ ਜਿਸ ਨੂੰ ਦਾਨ ਦੇਣ ਦਾ ਪਛਤਾਵਾ ਹੈ ਉਹ ਰਸੀਦ ਵਿਖਾ ਕੇ ਪੈਸੇ ਵਾਪਸ ਲੈ ਸਕਦਾ ਹੈ ਅਤੇ ਹਿਸਾਬ ਵੇਖ ਸਕਦਾ ਹੈ। ਪਰ ਜਿਸ ਨੇ ਦਾਨ ਦਿੱਤਾ ਹੀ ਨਹੀਂ ਉਸ ਨੂੰ ਹਿਸਾਬ ਨਹੀਂ ਦੇਵਾਂਗਾ ਤੇ ਨਾਂ ਹੀ ਉਸ ਦੀ ਪ੍ਰਵਾਹ ਕਰਾਂਗਾ।
1958 ਵਿੱਚ ਪਿਤਾ ਨੇ ਦੋਹਾਂ ਪੁੱਤਰਾਂ ਵਿੱਚ ਆਪਣੀ ਜਾਇਦਾਦ ਵੰਡ ਦਿੱਤੀ। ਈਦੀ ਲੱਖ ਪਤੀ ਹੋ ਗਿਆ। ਇਸ ਰਾਸ਼ੀ ਨਾਲ ਈਦੀ ਨੇ ਹੋਰ ਡਿਸਪੈਂਸਰੀਆਂ ਖੋਲ੍ਹ ਦਿੱਤੀਆਂ ਅਤੇ ਐਂਬੂਲੈਂਸਾਂ ਪਾ ਲਈਆਂ। ਈਦੀ ਦੇ ਵਿਰੁੱਧ ਸਭ ਤੋਂ ਵੱਧ ਮੰਦਾ ਬੋਲਣ ਵਾਲੇ ਸੇਠ ਦਾ ਮੁੰਡਾ ਛੱਤ ਤੋਂ ਡਿੱਗ ਪਿਆ। ਕਿਤੇ ਐਂਬੂਲੈਂਸ ਨਾਂ ਮਿਲੀ। ਈਦੀ ਨੂੰ ਪਤਾ ਲੱਗਾ ਤਾਂ ਆਪਣੀ ਵੈਨ ਲੈ ਕੇ ਪਹੁੰਚ ਗਿਆ। ਬੱਚੇ ਨੂੰ ਛਾਤੀ ਨਾਲ ਲਾਇਆ ਤੇ ਲੈ ਕੇ ਹਸਪਤਾਲ ਪਹੁੰਚ ਗਿਆ। ਬੱਚਾ ਤਾਂ ਭਾਵੇਂ ਨਾ ਬਚ ਸਕਿਆ ਪਰ ਸੇਠ ਦੀ ਪਤਨੀ ਨੇ ਹਰ ਮਹੀਨੇ ਜ਼ਕਾਤ ਦੀ ਰਾਸ਼ੀ ਈਦੀ ਨੂੰ ਭੇਜਣੀ ਸ਼ੁਰੂ ਕਰ ਦਿੱਤੀ।
1962 ਵਿੱਚ ਈਦੀ ਨੇ ਭ੍ਰਿਸ਼ਟਾਚਾਰ ਸਮਾਜ ਦੇ ਵਿਰੁੱਧ ਜੰਗ ਲੜਨ ਲਈ ਪਾਰਲੀਮੈਂਟ ਮੈਂਬਰ ਦੇ ਕਾਗਜ਼ ਭਰਨ ਦਾ ਐਲਾਨ ਕਰ ਦਿੱਤਾ। ਵੱਡੇ ਵੱਡੇ ਸੇਠਾਂ ਵੱਲੋਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਕਈਆਂ ਨੇ ਬਹੁਤ ਸੰਗੀਨ ਦੋਸ਼ ਲਾਏ, ਇੱਥੋਂ ਤੱਕ ਕਿ ਉਸ ਦੇ ਚਰਿੱਤਰ ਉੱਤੇ ਚਿੱਕੜ ਉਛਾਲਿਆ ਗਿਆ। ਈਦੀ ਇਹ ਸਭ ਕੁੱਝ ਵੇਖ ਕੇ ਸੁੰਨ ਹੋ ਗਿਆ, ਪਰ ਇਹ ਜਾਨਣ ਲਈ ਕਿ ਮੈਨੂੰ ਕੋਈ ਪਸੰਦ ਵੀ ਕਰਦਾ ਹੈ ਕਿ ਨਹੀਂ ਉਸ ਨੇ ਕਾਗਜ਼ ਭਰ ਦਿੱਤੇ। ਬਿਨਾਂ ਪੈਸਾ ਖਰਚ ਕੀਤੇ ਪ੍ਰਚਾਰ ਕੀਤਾ ਅਤੇ 30 ਸਾਲਾਂ ਦਾ ਇਹ ਨੌਜਵਾਨ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਗਿਆ।
ਪਾਰਲੀਮੈਂਟ ਦੇ ਸ਼ੈਸ਼ਨ ਸਮੇਂ ਜਿੱਥੇ ਬਾਕੀ ਮੈਂਬਰ ਤੇ ਮੰਤਰੀ ਲੱਛੇਦਾਰ ਭਾਸ਼ਨ ਕਰਕੇ ਗ੍ਰਾਂਟਾਂ ਮੰਗ ਰਹੇ ਸਨ, ਉੱਥੇ ਈਦੀ ਨੇ ਭਾਸ਼ਨ ਵਿੱਚ ਕਿਹਾ ਕਿ ਸਰਕਾਰ ਲੋਕਾਂ ਤੋਂ ਬਹੁਤ ਦੂਰ ਹੈ। ਉਸ ਨੇ ਦੱਸਿਆ ਕਿ ਉਹ ਕਿੱਥੇ ਕਿੱਥੇ ਮੱਦਦ ਕਰ ਸਕਦਾ ਹੈ ਤੇ ਇਸ ਕੰਮ ਲਈ ਸਰਕਾਰ ਤੋਂ ਗ੍ਰਾਂਟ ਨਹੀਂ ਲਵੇਗਾ। ਸਗੋਂ ਸਰਕਾਰ ਆਪ ਪੈਸਾ ਖਰਚ ਕਰੇ। ਪਾਰਲੀਮੈਂਟ ਸੁੰਨ ਹੋ ਗਈ। ਅੰਤਰਾਸ਼ਟਰੀ ਪ੍ਰੈੱਸ ਨੇ ਮੋਟੀ ਖਬਰ ਲਾਈ ਤੇ ਕਿਹਾ 'ਮੰਗਤਿਆਂ ਦੇ ਇਜਲਾਸ ਵਿੱਚ ਕੇਵਲ ਇੱਕ ਹੀ ਦਾਤਾ ਹੈ – ਈਦੀ।'
1965 ਵਿੱਚ ਭਾਰਤ ਪਾਕਿ ਜੰਗ ਲੱਗ ਗਈ। ਰੋਜ਼ ਬੰਬਾਰੀ ਹੁੰਦੀ ਰਹੀ। ਹਰ ਪਾਸੇ ਚੀਕਾਂ ਤੇ ਕੁਰਲਾਹਟਾਂ। ਸੈਂਕੜੇ ਦੀ ਗਿਣਤੀ ਵਿੱਚ ਵਲੰਟੀਅਰ ਈਦੀ ਫਾਊਂਡੇਸ਼ਨ ਵਿੱਚ ਭਰਤੀ ਹੋਣ ਲੱਗੇ। ਈਦੀ ਨੇ ਸਭ ਨੂੰ ਸੇਵਾ ਦੀ ਸਿਆਸਤ ਕਰਨ ਲਈ ਕਿਹਾ। ਅਗਲੇ ਸਾਲ 19 ਸਾਲਾ ਵਿਧਵਾ ਬਿਲਕੀਸ ਨਾਲ ਈਦੀ ਦਾ ਵਿਆਹ ਹੋਣਾ ਤਹਿ ਹੋਇਆ। ਉਸ ਦੀ ਮਾਸੀ ਉਸ ਨੂੰ ਈਦੀ ਦੇ ਨਰਸਿੰਗ ਹੋਮ ਵਿੱਚ ਲੈ ਕੇ ਆਈ ਸੀ। ਮੈਮਨਾਂ ਨੇ ਇਸ ਉਤੇ ਵੀ ਰੌਲਾ ਪਾਇਆ ਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਬਿਲਕੀਸ ਨੂੰ ਸਨੇਹਾ ਦਿੱਤਾ ਕਿ ਤੂੰ ਜੇ ਇਹ ਬਿਆਨ ਦੇਵੇਂ ਕਿ ਈਦੀ ਨੇ ਤੈਨੂੰ ਬਲੈਕ ਮੇਲ ਕੀਤਾ ਹੈ ਤਾਂ ਤੈਨੂੰ 25000 ਰੁਪਏ ਦਿੱਤੇ ਜਾਣਗੇ ਪਰ ਉਹ ਆਪਣੇ ਫੈਸਲੇ ਤੇ ਡਟੀ ਰਹੀ। ਬਿਨਾਂ ਕਿਸੇ ਵਿਖਾਵੇ ਦੀਆਂ ਰੀਤਾਂ ਰਸਮਾਂ ਤੋਂ ਸਾਦੇ ਢੰਗ ਨਾਲ ਵਿਆਹ ਹੋ ਗਿਆ। ਈਦੀ ਦੀ ਸ਼ੌਹਰਤ ਹੋਰ ਵੀ ਵਧ ਗਈ।
ਚੁਰਸਤੇ ਵਿੱਚ ਠੂਠਾ ਰੱਖ ਕੇ ਜਿੱਥੇ ਵੀ ਈਦੀ ਬੈਠ ਜਾਂਦਾ ਦਾਨੀਆਂ ਦੀ ਭੀੜ ਲੱਗ ਜਾਂਦੀ। ਟ੍ਰੈਫਿਕ ਜਾਮ ਹੋ ਜਾਂਦਾ। ਕਈ ਵਾਰ ਬਿਲੀਕਸ ਆਪਣੇ ਪਤੀ ਦੇ ਕੰਮਾਂ ਤੋਂ ਖਿਝ ਜਾਂਦੀ ਤਾਂ ਉਹ ਕਹਿੰਦਾ ਕਿ ਮੇਰੇ ਕੋਲ ਰੱਬ ਅਤੇ ਤੇਰੇ ਤੋਂ ਸਿਵਾ ਹੋਰ ਹੈ ਕੀ। ਈਦੀ ਨੂੰ ਪਤਾ ਲੱਗਦਾ ਕਿ ਫਲਾਣੀ ਥਾਂ ਡਾਕੂਆਂ ਤੇ ਪੁਲਿਸ ਵਿਚਕਾਰ ਗੋਲਾਬਾਰੀ ਹੋ ਰਹੀ ਹੈ ਤਾਂ ਉਹ ਆਪਣੇ ਵੈਨ ਲੈ ਕੇ ਪਹੁੰਚ ਜਾਂਦਾ ਤੇ ਐਲਾਨ ਕਰਦਾ ਕਿ ਈਦੀ ਲਾਸ਼ਾਂ ਤੇ ਜਖਮੀਆਂ ਨੂੰ ਲੈਣ ਆ ਰਿਹਾ ਹੈ ਗੋਲੀ ਬੰਦ ਕਰੋ। ਉਸੇ ਵੇਲੇ ਗੋਲੀਬਾਰੀ ਬੰਦ ਹੋ ਜਾਂਦੀ।
ਇੱਕ ਮਿਹਨਤੀ ਵਿਦਿਆਰਥੀ ਕੈਂਸਰ ਦੀ ਪਹਿਲੀ ਸਟੇਜ 'ਤੇ ਸੀ। ਉਸ ਨੇ ਈਦੀ ਨੂੰ ਮੱਦਦ ਕਰਨ ਲਈ ਕਿਹਾ। ਈਦੀ ਠੂਠਾ ਫੜ ਕੇ ਕਰਾਚੀ ਚੌਂਕ ਵਿੱਚ ਖੜ੍ਹਾ ਹੋ ਗਿਆ। ਜਿੱਥੇ ਹੋਰ ਮੰਗਤੇ ਗੱਡੀਆਂ ਦੇ ਅੱਗੇ ਪਿੱਛੇ ਭੱਜੇ ਫਿਰਦੇ ਸਨ, ਉਥੇ ਈਦੀ ਇੱਕ ਥਾਂ ਹੀ ਖੜ੍ਹਾ ਰਿਹਾ ਤੇ ਤਿੰਨ ਦਿਨਾਂ ਵਿੱਚ ਢਾਈ ਲੱਖ ਰੁਪਏ ਇਕੱਠੇ ਹੋ ਗਏ।
1971 ਵਿੱਚ ਭਾਰਤ ਪਾਕਿ ਜੰਗ ਛਿੜਿਆ ਤਾਂ ਬੰਗਲਾ ਦੇਸ਼ ਹੋਂਦ ਵਿੱਚ ਆਇਆ। ਜੰਗ ਦੇ ਦੌਰਾਨ ਛੇ ਮੰਜਲਾਂ ਬਿਸਮਿਲਾ ਇਮਾਰਤ 13 ਫੁੱਟ ਉਚੇ ਥੇਹ ਵਿੱਚ ਬਦਲ ਗਈ। ਈਦੀ ਨੇ ਕਰੇਨਾਂ ਵਾਲਿਆਂ ਨੂੰ ਨਿਰਦੇਸ਼ ਦਿੱਤਾ। ਲਾਸ਼ਾਂ ਲਈ ਵੱਖਰੇ ਤੇ ਜ਼ਖਮੀਆਂ ਲਈ ਵੱਖਰੇ ਤੰਬੂ ਲਾਏ। ਦਿਨ ਰਾਤ ਮੱਦਦ ਕਰਨ ਲੱਗਾ। ਭੁੱਟੋ ਵੀ ਮੌਕੇ ਤੇ ਆਇਆ ਤੇ ਉਸ ਨੇ ਵੀ ਰਾਹਤ ਭੇਜੀ।
1977 ਜ਼ਿਆ ਉਲ ਹਕ ਦੀ ਸਰਕਾਰ ਬਣ ਗਈ। ਈਦੀ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਇੱਕ ਮਾਣ ਪੱਤਰ ਤੇ ਪੰਜ ਲੱਖ ਰੁਪਏ ਦਾ ਚੈਕ ਭੇਜਿਆ। ਈਦੀ ਨੇ ਮਾਣ ਪੱਤਰ ਲਈ ਸ਼ੁਕਰੀਆ ਕੀਤਾ ਤੇ ਚੈਕ ਵਾਪਿਸ ਭੇਜ ਦਿੱਤਾ ਤੇ ਕਿਹਾ ਕਿ ਮੈਂ ਸਰਕਾਰ ਤੋਂ ਪੈਸੇ ਨਹੀਂ ਲੈਂਦਾ।
1985 ਵਿੱਚ ਪਾਕਿਸਤਾਨ ਸਰਕਾਰ ਨੇ ਈਦੀ ਦੀਆਂ ਸੇਵਾਵਾਂ ਬਦਲੇ ਨਿਸ਼ਾਨੇ ਇਮਤਿਆਜ਼ ਸਨਮਾਨ ਦਿੱਤਾ। 1986 ਵਿੱਚ ਫਿਲਪੀਨ ਸਰਕਾਰ ਨੇ ਮੈਗਾਸਾਸੇ ਅਵਾਰਡ ਨਾਲ ਈਦੀ ਨੂੰ ਸਨਮਾਨਿਤ ਕੀਤਾ। ਰਾਸ਼ਟਰਪਤੀ ਨੇ ਸਨਮਾਨ ਚਿੰਨ, ਸੋਨੇ ਦਾ ਤਗਮਾ ਅਤੇ ਵੀਹ ਹਜਾਰ ਡਾਲਰ ਦੇ ਚੈਕ ਭੇਂਟ ਕੀਤੇ। ਅਵਾਰਡ ਲੈ ਕੇ ਮੀਆਂ ਬੀਵੀ ਨੇ ਅੱਲ੍ਹਾ ਤਾਲਾ ਦਾ ਸ਼ੁਕਰ ਕੀਤਾ ਅੱਖਾਂ ਵਿੱਚ ਹੰਝੂ ਚੱਲ ਪਏ। ਪ੍ਰਧਾਨ ਮੰਤਰੀ ਕੈਰੀ ਅਕਾਇਨੋ ਨੇ ਰਾਤ ਦੇ ਭੋਜਨ ਦਾ ਸੱਦਾ ਦਿੱਤਾ। ਵਾਪਸੀ ਤੇ ਥਾਈਲੈਂਡ ਦੇ ਬਾਦਸ਼ਾਹ ਨੇ ਦਾਅਵਤ ਦਿੱਤੀ ।ਉਸ ਪਿੱਛੋਂ ਉਹ ਬੰਗਲਾ ਦੇਸ਼ ਵਿੱਚ ਈਦੀ ਫਾਊਂਡੇਸ਼ਨ ਦੀ ਬ੍ਰਾਂਚ ਦਾ ਮੁਆਇਨਾ ਕਰਨ ਚੱਲ ਪਏ। ਅਰਮੀਨੀਆ ਵਿੱਚ ਆਏ ਭੁਚਾਲ ਸਮੇਂ ਈਦੀ ਵੱਲੋਂ ਨਿਭਾਈ ਗਈ ਭੂਮਿਕਾ ਕਾਰਨ ਸੋਵੀਅਤ ਰੂਸ ਨੇ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ।
ਈਦੀ ਨੇ ਹਰ 25 ਕਿੱਲੋ ਮੀਟਰ ਦੇ ਦਾਇਰੇ ਅੰਦਰ ਭਲਾਈ ਸੈਂਟਰ ਖੋਲਣ ਦਾ ਫੈਸਲਾ ਕੀਤਾ। ਇਸ ਮਨੋਰਥ ਲਈ ਉਸ ਨੇ ਸਾਰੇ ਦੇਸ਼ ਦਾ ਦੌਰਾ ਕੀਤਾ। ਝੁੱਗੀਆਂ ਝੌਂਪੜੀਆਂ ਵਿੱਚ ਵਸਦੇ ਲੋਕ ਟੁੱਟ ਚੁੱਕੇ ਸਨ। ਨੰਗੇ ਬੱਚੇ ਪਾਗਲਾਂ ਵਾਂਗ ਈਦੀ ਵੱਲ ਦੌੜਦੇ। ਈਦੀ ਸਭ ਨੂੰ ਗਲ ਨਾਲ ਲਾਉਂਦਾ ਪਿੰਡਾ ਸਾਫ ਕਰਦਾ ਤੇ ਪਰਤ ਕੇ ਕਹਿੰਦਾ ਕਿ ਮੈਂ ਹਜ ਕਰ ਕੇ ਆਇਆ ਹਾਂ। ਕੁੱਝ ਸਮੇਂ ਵਿੱਚ 250 ਸੈਂਟਰ ਸਥਾਪਤ ਹੋ ਗਏ ਜੋ ਨੈਟਵਰਕ ਨਾਲ ਜੁੜੇ ਹੋਏ ਸਨ। ਕੋਰੀਅਰ ਕੰਪਨੀਆਂ ਨੇ ਆਪਣੀਆਂ ਸੇਵਾਵਾਂ ਮੁਫਤ ਦੇ ਦਿੱਤੀਆਂ। ਪਾਕਿ ਇੰਟਰਨੈਸ਼ਨਲ ਏਅਰ ਲਾਈਨਜ਼ ਹਰ ਮਹੀਨੇ ਢਾਈ ਕਵਿੰਟਲ ਡਾਕ ਮੁਫਤ ਵੰਡਣ ਦੀਆਂ ਸੇਵਾਵਾਂ ਦਿੱਤੀਆਂ।
ਹੈਦਰਾਬਾਦ ਵਿੱਚ ਦਿਮਾਗੀ ਬੁਖਾਰ ਦੀ ਬਿਮਾਰੀ ਫੈਲ ਗਈ। ਲੋਕਾਂ ਦਾ ਈਦੀ ਦੇ ਕੇਂਦਰਾਂ ਵਿੱਚ ਹੜ੍ਹ ਆ ਗਿਆ। ਫਰਾਂਸ ਤੋਂ ਐਮਰਜੈਂਸੀ ਫਲਾਈਟ ਰਾਹੀਂ 30 ਲੱਖ ਟੀਕੇ ਮੰਗਵਾਏ ਗਏ ਅਤੇ ਪਾਕਿਸਤਾਨ ਫਲਾਈਟ ਰਾਹੀਂ ਸੈਂਟਰਾਂ ਵਿੱਚ ਸਪਲਾਈ ਕੀਤੇ ਗਏ। ਸਰਕਾਰ ਨੇ ਸ਼ਾਬਾਸ਼ ਦੇਣ ਤੋਂ ਬਿਨਾਂ ਕੁੱਝ ਨਹੀਂ ਕੀਤਾ। ਭਾਵੇਂ ਇਸ ਬੁਖਾਰ ਨਾਲ ਢਾਈ ਸੌ ਮੌਤਾਂ ਹੋ ਗਈਆਂ ਪਰ ਲੱਖਾਂ ਲੋਕਾਂ ਨੂੰ ਬਚਾ ਲਿਆ ਗਿਆ।
9 ਜੁਲਾਈ 1992 ਨੂੰ ਰਾਵਲਪਿੰਡੀ ਜਾ ਰਹੀ ਮੁਸਾਫਰ ਰੇਲ ਗੱਡੀ ਘੋਟਕੀ ਸਟੇਸ਼ਨ ਵਿਸਫੋਟ ਨਾਲ ਭਰੀ ਮਾਲ ਗੱਡੀ ਨਾਲ ਟਕਰਾ ਗਈ। ਸੈਂਕੜੇ ਲੋਕ ਮਾਰੇ ਗਏ ਤੇ ਕਈ ਸੈਂਕੜੇ ਜਖਮੀ ਹੋ ਗਏ। ਇਹਨਾਂ ਲੋਕਾਂ ਦੀ ਮੱਦਦ ਲਈ ਈਦੀ ਨੂੰ ਲੈਣ ਲਈ ਹੈਲੀਕਪਟਰ ਆ ਗਿਆ। ਈਦੀ ਨੇ ਚੱਲਣ ਤੋਂ ਪਹਿਲਾਂ ਸਟਾਫ ਸਮੇਤ ਡਾਕਟਰ, ਨਰਸਾਂ, ਦਵਾਈਆਂ, ਐਂਬੂਲੈਂਸਾਂ, ਕਫਨ ਤੇ ਗੱਡੀਆਂ ਦਾ ਕਾਫਲਾ ਤੋਰ ਦਿੱਤਾ। ਈਦੀ ਹੈਲੀਕਪਟਰ ਤੇ ਸਵਾਰ ਹੋਇਆ ਦੋ ਘੰਟਿਆਂ ਦੀ ਉਡਾਨ ਤੋਂ ਬਾਅਦ ਪਾਇਲਟ ਨੇ ਈਦੀ ਨੂੰ ਦੱਸਿਆ ਕਿ ਤੁਹਾਡਾ ਦੋਹਤਾ ਮੌਲਾਨਾ ਜੋ ਹਸਪਤਾਲ ਵਿੱਚ ਦਾਖਲ ਸੀ ਅੱਲ੍ਹਾ ਨੂੰ ਪਿਆਰਾ ਹੋ ਗਿਆ ਹੈ। ਈਦੀ ਕੰਬ ਗਿਆ। ਪਾਇਲਟ ਨੇ ਪੁੱਛਿਆ ਵਾਪਿਸ ਚੱਲੀਏ। ਈਦੀ ਨੇ ਕਿਹਾ – ਨਹੀਂ ਪਹਿਲਾਂ ਹੀ ਲੇਟ ਹਾਂ। ਮੇਰੀ ਬੀਵੀ ਨੂੰ ਕਹਿ ਦਿਓ ਕਿ ਉਹ ਅੰਤਮ ਰਸਮਾਂ ਨਿਭਾ ਲਵੇ ਮੈਨੂੰ ਨਾ ਉਡੀਕੇ।
ਈਦੀ ਰੇਲਵੇ ਸਟੇਸ਼ਨ ਤੇ ਪਹੁੰਚਿਆ ਤਾਂ ਦੇਖਿਆ ਕਿ ਲੱਤਾਂ, ਬਾਹਾਂ, ਸਿਰ, ਧੜ ਇੱਧਰ ਉਧਰ ਖਿੱਲਰੇ ਪਏ ਸਨ। ਚਾਰੇ ਪਾਸੇ ਤਾਜੇ ਲਹੂ ਦੀ ਦੁਰਗੰਧ ਸੀ। ਲਾਊਡਸਪੀਕਰ ਖੂਨ ਦਾਨ ਵਾਸਤੇ ਅਪੀਲ ਕਰ ਰਹੇ ਸਨ। ਹਸਪਤਾਲ ਭਰ ਚੁੱਕੇ ਸਨ। ਈਦੀ ਫਾਊਂਡੇਸ਼ਨ ਦੀਆਂ 75 ਐਂਬੂਲੈਂਸਾਂ ਜਖਮੀਆਂ ਤੇ ਮੁਰਦਿਆਂ ਨੂੰ ਲੈ ਕੇ ਵੱਖ ਵੱਖ ਦਿਸ਼ਾਵਾਂ ਵੱਲ ਦੌੜ ਰਹੀਆਂ ਸਨ। ਈਦੀ ਦਾ ਕੰਮ ਦਿਨ ਛਿਪਣ ਨਾਲ ਖਤਮ ਹੋਇਆ। ਹੱਥਾਂ ਪੈਰਾਂ ਤੇ ਜੰਮਿਆ ਲਹੂ ਸੁੱਕ ਗਿਆ ਜੋ ਮਸਾਂ ਉਤਾਰਿਆ। ਲਹੂ ਲੁਹਾਨ ਕੱਪੜੇ ਬਦਲੇ ਤੇ ਵਾਪਸ ਪਹੁੰਚ ਕੇ ਦੋਹਤੇ ਦਾ ਦੁੱਖ ਪਰਿਵਾਰ ਨਾਲ ਸਾਂਝਾ ਕੀਤਾ।
ਈਦੀ ਜੀ ਦੇ ਪਰਿਵਾਰ ਵਿੱਚ ਪਾਗਲ, ਅਪੰਗ ਅਤੇ ਯਤੀਮ ਬੱਚੇ ਸਨ ਜਿਹਨਾਂ ਦਾ ਪਾਲਣ ਪੋਸ਼ਣ ਈਦੀ ਫਾਊਂਡੇਸ਼ਨ ਵੱਲੋਂ ਕੀਤਾ ਜਾਂਦਾ ਹੈ। ਸਾਰੇ ਪਾਕਿਸਤਾਨ ਵਿੱਚ ਐਂਬੂਲੈਂਸ ਸੇਵਾ ਦਾ ਪ੍ਰਬੰਧ ਵੀ ਇਸ ਸੰਸਥਾ ਵੱਲੋਂ ਕੀਤਾ ਜਾਂਦਾ ਹੈ। ਇਸ ਵਕਤ ਇਹਨਾਂ ਕੋਲ 1800 ਐਂਬੂਲੈਂਸਾਂ ਦੋ ਹਵਾਈ ਜਹਾਜ, ਇੱਕ ਹੈਲੀਕਪਟਰ ਤੇ 28 ਬਚਾਓ ਕਿਸ਼ਤੀਆਂ ਹਨ। ਹੁਣ ਤੱਕ ਈਦੀ ਫਾਊਂਡੇਸ਼ਨ ਵੱਲੋਂ 30 ਲੱਖ ਬੇਸਹਾਰਾ ਬੱਚਿਆਂ ਨੂੰ ਮੁੜ ਵਸਾਇਆ ਗਿਆ ਹੈ। ਅੱਸੀ ਹਜਾਰ ਮਨੋ-ਰੋਗੀਆਂ ਤੇ ਨਸ਼ੇੜੀਆਂ ਦਾ ਇਲਾਜ ਕਰਕੇ ਘਰ ਭੇਜਿਆ ਗਿਆ ਹੈ। ਦਸ ਲੱਖ ਬੱਚੇ ਈਦੀ ਦੇ ਮੈਟਰਨਟੀ ਸੈਂਟਰ ਵਿੱਚ ਸਿੱਖਿਅਤ ਦਾਈਆਂ ਦੁਆਰਾ ਪੈਦਾ ਹੋਏ ਹਨ। ਵੀਹ ਹਜਾਰ ਉਹ ਬੱਚੇ ਬਚਾਏ ਗਏ ਜਿਹਨਾਂ ਨੂੰ ਲੋਕ ਸੁੱਟ ਜਾਂਦੇ ਸਨ। ਚਾਲੀ ਹਜਾਰ ਕੁੜੀਆਂ ਦਾਈਆਂ ਦੀ ਟ੍ਰੇਨਿੰਗ ਲੈ ਕੇ ਪਿੰਡਾਂ ਵਿੱਚ ਰੋਜੀ ਰੋਟੀ ਕਮਾ ਰਹੀਆਂ ਹਨ। ਦੋ ਲੱਖ ਲਾਵਾਰਸ ਲਾਸ਼ਾਂ ਵੀ ਈਦੀ ਫਾਊਂਡੇਸ਼ਨ ਵੱਲੋਂ ਦਫਨ ਕੀਤੀਆਂ ਗਈਆਂ ਹਨ। ਅਮਰੀਕਾਂ ਨੇ 911 ਐਮਰਜੈਂਸੀ ਲਾਈਨਾਂ ਵਾਲੀ ਟੈਲੀਫੋਨ ਐਕਸਚੇਂਜ ਦੇ ਦਿੱਤੀ।
ਟੈਲੀਵੀਜ਼ਨ ਵੱਲੋਂ ਈਦੀ ਤੇ ਉਸ ਦੀ ਬੀਵੀ ਨੂੰ ਸੱਦਾ ਆਇਆ। ਹਾਲ ਖਚਾ ਖਚ ਭਰਿਆ ਹੋਇਆ ਸੀ ਦਰਸ਼ਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਨਾਲ ਸਵਾਗਤ ਕੀਤਾ ਅਤੇ ਉਨਾਂ ਚਿਰ ਤਾੜੀਆਂ ਵੱਜਦੀਆਂ ਰਹੀਆਂ ਜਿੰਨਾਂ ਚਿਰ ਦੋਵੇਂ ਜਾਣੇ ਉਚੇ ਡਾਇਸ ਤੇ ਜਾ ਕੇ ਨਾ ਬੈਠ ਗਏ। ਸਟੇਜ ਸਕੱਤਰ ਨੇ ਬਿਲਕੀਸ ਨੂੰ ਈਦੀ ਦੇ ਜੀਵਨ ਤੇ ਰੋਸ਼ਨੀ ਪਾਉਣ ਲਈ ਕਿਹਾ ਉਸ ਦਾ ਜਵਾਬ ਸੀ ਉਹ ਪਹਿਲਾਂ ਹੀ ਰੋਸ਼ਨ, ਉਸ ਉਤੇ ਹੋਰ ਰੋਸ਼ਨੀ ਕੀ ਪਾਵਾਂ। ਸਕੱਤਰ ਨੇ ਕਿਹਾ ਕਿ ਆਪਣੇ ਵਿਆਹੁਤਾ ਜੀਵਨ ਬਾਰੇ ਦੱਸੋ। ਬਿਲਕੀਸ ਕਹਿਣ ਲੱਗੀ ਵਿਆਹੁਤਾ ਜੀਵਨ ਜੂਏ ਵਾਂਗ ਹੁੰਦਾ ਹੈ। ਕੋਈ ਜਿੱਤ ਜਾਂਦਾ ਹੈ ਤੇ ਕੋਈ ਹਾਰ ਜਾਂਦਾ ਹੈ ਪ੍ਰੰਤੂ ਅਸੀਂ ਦੋਵੇਂ ਜਿੱਤ ਗਏ ਹਾਂ। ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਅਬਦੁਲ ਸਿਤਾਰ ਈਦੀ, ਭਾਈ ਘਨਈਆ ਜੀ ਤੇ ਭਗਤ ਪੂਰਨ ਸਿੰਘ ਵਾਂਗ ਸੇਵਾ ਦੇ ਚਿਰਾਗ ਸਨ। ਉਹ ਨਿਰਭੈ ਯੋਧੇ ਸਨ। ਚੋਰ ਤੇ ਡਾਕੂ ਵੀ ਉਹਨਾਂ ਨੂੰ ਨਮਸਕਾਰ ਕਰਦੇ ਹਨ। ਉਹਨਾਂ ਉਤੇ ਪ੍ਰਮਾਤਮਾ ਦੀ ਮਿਹਰ ਹੈ, ਇਸੇ ਲਈ ਉਹ ਸਾਰੀ ਖਲਕਤ ਦੇ ਖਿਦਮਤਦਾਰ ਸਨ।
ਸਿੱਖ ਕੌਮ ਵੱਲੋਂ ਉਹਨਾਂ ਦੀ ਚੌਥੀ ਬਰਸੀ ਤੇ ਅੱਜ ਪਾਕਿਸਤਾਨ ਦੇ ਕਈ ਗੁਰਦੁਆਰਿਆਂ 'ਚ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ।ਇਦੀ ਫਾਂਊਂਡੇਸ਼ਨ ਦੇ ਸੰਸਥਾਪਕ “ਅਬਦੁੱਲ ਸਤਾਰ ਇਦੀ” ਦੀ ਬੇਸ਼ੱਕ 8 ਜੁਲਾਈ 2016 ਦੀ ਤਾਰੀਖ ਇਸ ਦੁਨੀਆਂ ਲਈ ਆਖਰੀ ਸੀ, ਪਰ ਉਸ ਦੁਆਰਾ ਕੀਤੇ ਕੰਮ ਰਹਿੰਦੀ ਦੁਨੀਆਂ ਤੱਕ ਯਾਦ ਕੀਤੇ ਜਾਣਗੇ।
-ਰਾਮ ਸਿੰਘ
ਫਾਊਂਡਰ ਸਿੱਖ ਸੇਵਾ ਸੁਸਾਇਟੀ  

More in ਲੇਖ

* Nicholee Ambrose,Ric Metzgar endorsed her from Distt Eight Maryland/Rosedale (Jatinder) The first woman from the...
ਪੰਜਾਬ ’ਚ ਜਿੱਧਰ ਵੀ ਨਿਗ੍ਹਾ ਮਾਰੋ, ਹਰ ਪਾਸੇ ਸੰਨਾਟਾ ਛਾਇਆ ਹੈ। ਕਿਧਰੇ ਭਾਵੁਕਤਾ...
-------------ਡਾ. ਪੱਲਵੀ ਗਾਊਡਾ ਦਾ ਅੰਗਰੇਜ਼ੀ ਲੇਖ ਦਾ ਪੰਜਾਬੀ ਉਲੱਥਾ ਡਾ. ਸੁਰਿੰਦਰ ਸਿੰਘ...
ਸਿੱਖ ਇੱਕ ਮਿਹਨਤੀ ਕੌਮ ਹੈ। ਜਿਸ ਵਿੱਚ ਡਰ, ਭੈਅ ਨਾਂ ਦੀ ਕੋਈ ਵੀ ਚੀਜ਼ ਇਨ੍ਹਾਂ ਦੇ ਨੇੜੇ ਨਹੀਂ...
''ਅੱਜ ਸਿੱਖਾਂ ਨੇ ਬਾਜ਼ ਨੂੰ ਹੱਥ ਪਾਇਆ ਹੈ, ਕੱਲ੍ਹ ਤਾਜ ਨੂੰ ਵੀ ਪਾਉਣਗੇ'' -ਗਿ....
Home  |  About Us  |  Contact Us  |  
Follow Us:         web counter