ਵਾਸ਼ਿੰਗਟਨ ਡੀ. ਸੀ. (ਬਿਓਰੋ) – ਵਰਲਡ ਯੁਨਾਈਟਡ ਗੁਰੂ ਨਾਨਕ ਫਾਊਂਡੇਸ਼ਨ ਸੰਸਥਾ ਵਲੋਂ ਹਰਜੀਤ ਸਿੰਘ ਹੁੰਦਲ, ਇੰਦਰਜੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਗੁਰਚਰਨ ਸਿੰਘ ਵਰਲਡ ਬੈਂਕ ਹੁਰਾਂ ਵਲੋਂ ਭਾਰਤੀ ਅੰਬੈਸੀ ਨੂੰ ਮੈਮੋਰੰਡਮ ਦੇਣ ਵਾਸ਼ਿੰਗਟਨ ਡੀ. ਸੀ. ਪਹੁੰਚਿਆ। ਜਿਸ ਦੀ ਅਗਵਾਈ ਗੁਰਚਰਨ ਸਿੰਘ ਵਰਲਡ ਬੈਂਕ ਨੇ ਕੀਤੀ। ਇਸ ਮੈਮੋਰੰਡਮ ਨੂੰ ਸਭ ਤੋਂ ਪਹਿਲਾਂ ਪੜ੍ਹ ਕੇ ਸੁਣਾਇਆ ਗਿਆ, ਜੋ ਹੋਮ ਮਨਿਸਟਰ ਅਮਿਤ ਸ਼ਾਹ ਨੂੰ ਸੰਬੋਧਨ ਕੀਤਾ ਹੋਇਆ ਸੀ। ਇਸ ਨੂੰ ਪ੍ਰਾਪਤ ਕਰਨ ਵਾਸਤੇ ਅਨੁਰਾਗ ਕੁਮਾਰ ਕਮਿਊਨਿਟੀ ਮਨਿਸਟਰ ਭਾਰਤੀ ਅੰਬੈਸੀ ਦੀ ਡਿਊਟੀ ਲੱਗੀ ਹੋਈ ਸੀ।
ਸਭ ਤੋਂ ਪਹਿਲਾਂ ਆਏ ਡੈਲੀਗੇਟਸ ਦੀ ਜਾਣ-ਪਹਿਚਾਣ ਕਰਵਾਈ ਗਈ। ਉਪਰੰਤ ਇਕੱਲੇ ਇਕੱਲੇ ਵਿਅਕਤੀ ਨੇ ਦਿੱਲੀ ਵਿੱਚ ਵਾਪਰੀ ਪਿਉ-ਪੁੱਤ ਨਾਲ ਤਸ਼ੱਦਦ ਦੀ ਘਟਨਾ ਸਬੰਧੀ ਜਾਣਕਾਰੀ ਦਿੱਤੀ। ਉਸ ਸਬੰਧੀ ਸਰਕਾਰ ਵਲੋਂ ਲਏ ਐਕਸ਼ਨ ਸਬੰਧੀ ਵੀ ਸੂਚਨਾ ਪ੍ਰਾਪਤ ਕੀਤੀ ਗਈ।
ਅਨੁਰਾਗ ਕੁਮਾਰ ਕਮਿਊਨਿਟੀ ਮਨਿਸਟਰ ਵਲੋਂ ਦੱਸਿਆ ਗਿਆ ਕਿ ਪੁਲਿਸ ਵਲੋਂ ਕੀਤੇ ਅੰਨ੍ਹੇਵਾਹ ਤਸ਼ੱਦਦ ਸਬੰਧੀ ਕੇਂਦਰ ਸਰਕਾਰ ਨੇ ਕਾਰਵਾਈ ਕਰ ਦਿੱਤੀ ਹੈ। ਉਨ੍ਹਾਂ ਨੂੰ ਨੌਕਰੀਆ ਤੋਂ ਬਰਖਾਸਤ ਕਰ ਦਿੱਤਾ ਗਿਆ। ਜਿਨ੍ਹਾਂ ਦੀ ਮੁੱਖ ਤੌਰ ਤੇ ਗਿਣਤੀ ਤਿੰਨ ਹੈ। ਪੂਰੇ ਘਟਨਾਕ੍ਰਮ ਸਬੰਧੀ ਇਨਕੁਆਇਰੀ ਬਿਠਾ ਦਿੱਤੀ ਗਈ ਹੈ। ਸਾਨੂੰ ਪਤਾ ਹੈ ਕਿ ਸਿੱਖ ਡਾਇਸਪੋਰਾ ਦੁਖੀ ਹੈ, ਅਸੀਂ ਤੁਹਾਡੀ ਅਵਾਜ਼ ਕੇਂਦਰ ਸਰਕਾਰ ਕੋਲ ਪਹੁੰਚਾ ਦੇਵਾਂਗੇ। ਇਸ ਮੈਮੋਰੰਡਮ ਨੂੰ ਅਮਿਤ ਸ਼ਾਹ ਹੋਮ ਮਨਿਸਟਰ ਤੱਕ ਕਾਰਵਾਈ ਲਈ ਸਿਫਾਰਸ਼ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਿੱਖ ਵਿਦੇਸ਼ ਵਿੱਚ ਸ਼ਾਂਤੀ ਬਣਾਈ ਰੱਖਣ। ਤੁਹਾਨੂੰ ਸਮੇਂ ਸਮੇਂ ਜਾਣਕਾਰੀ ਦਿੱਤੀ ਜਾਵੇਗੀ। ਇਸ ਗੱਲ ਨੂੰ ਯਕੀਨੀ ਬਣਾਵਾਂਗੇ ਕਿ ਭਵਿੱਖ ਵਿੱਚ ਅਜਿਹਾ ਨਾ ਵਾਪਰੇ।