* ਸਵਾਲ-ਜਵਾਬ ਸੈਸ਼ਨ ਵਿੱਚ ਸੁਨੀਲ ਅਰੋੜਾ ਮੁੱਖ ਚੋਣ ਕਮਿਸ਼ਨਰ ਵਲੋਂ ਤੱਥਾਂ ਦੇ ਅਧਾਰ ਤੇ ਜਵਾਬ ਦਿੱਤਾ
ਵਾਸ਼ਿੰਗਟਨ ਡੀ. ਸੀ. (ਗਗਨ ਦਮਾਮਾ ਬਿਓਰੋ) – ਭਾਰਤੀ ਸਫਾਰਥਖਾਨੇ ਦੇ ਮੁੱਖ ਦਫਤਰ ਵਾਸ਼ਿੰਗਟਨ ਡੀ. ਸੀ. ਵਿਖੇ ਪ੍ਰਵਾਸੀਆਂ ਨੂੰ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੇ ਰੂਬਰੂ ਕੀਤਾ। ਇਹ ਆਯੋਜਨ ਭਾਰਤੀ ਅੰਬੈਸਡਰ ਹਰਸ਼ ਵਰਧਨ ਸ਼ਰਿੰਗਲਾ ਦੀ ਸਰਪ੍ਰਸਤੀ ਹੇਠ ਪ੍ਰਵਾਸੀਆਂ ਨਾਲ ਖਾਸ ਮਿਲਣੀ ਦਾ ਕੀਤਾ ਗਿਆ। ਜਿੱਥੇ ਕਮਿਊਨਿਟੀ ਮਨਿਸਟਰ ਅਨੁਰਾਗ ਅਗਰਵਾਲ ਵਲੋਂ ਜਾਣ-ਪਹਿਚਾਣ ਉਪਰੰਤ ਭਾਰਤੀ ਅੰਬੈਸਡਰ ਨੂੰ ਜੀ ਆਇਆਂ ਕਹਿਣ ਲਈ ਸੱਦਾ ਦਿੱਤਾ ਗਿਆ।
ਸ੍ਰੀ ਹਰਸ਼ ਵਰਧਨ ਸ਼ਰਿੰਗਲਾ ਨੇ ਭਾਰਤੀ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਅਤੇ ਉਨ੍ਹਾਂ ਦੀ ਟੀਮ ਦਾ ਸਵਾਗਤ ਕੀਤਾ। ਇਸ ਦੇ ਨਾਲ ਹੀ 2019 ਦੀ ਚੋਣ ਪ੍ਰਕਿਰਿਆ ਤੇ ਚਾਨਣਾ ਪਾਉਣ ਲਈ ਸੱਦਾ ਦਿੱਤਾ, ਤਾਂ ਜੋ ਪ੍ਰਵਾਸੀ ਇਸ ਸਬੰਧੀ ਜਾਣਕਾਰੀ ਹਾਸਲ ਕਰ ਸਕਣ। ਇੱਥੋਂ ਤੱਕ ਕਿ ਉਹ ਵਿਦੇਸ਼ਾਂ ਵਿੱਚ ਬੈਠੇ ਵੀ ਪਣੇ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਕਰ ਸਕਣ।
ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਵਲੋਂ 2019 ਦੀ ਪੂਰੀ ਚੋਣ ਪ੍ਰਕਿਰਿਆ ਨੂੰ ਪੜਾਅ ਵਾਰ ਦੱਸਿਆ। ਜਿਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਤੱਥ ਉਨ੍ਹਾਂ ਸਾਹਮਣੇ ਆਏ ਉਨ੍ਹਾਂ ਨੂੰ ਹੱਲ ਕਰਨ ਦੀ ਪੂਰੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਹਾਈਕੋਰਟ, ਸੁਪਰੀਮ ਕੋਰਟ ਵਲੋਂ ਦਿੱਤੇ ਨਿਰਦੇਸ਼ਾਂ ਨੂੰ ਇਨ-ਬਿਨ ਲਾਗੂ ਕਰਕੇ ਪਾਰਦਰਸ਼ੀ ਚੋਣ ਪ੍ਰਕਿਰਿਆ ਨਾਲ ਨੇਪਰੇ ਚਾੜ੍ਹਿਆ। ਉਨ੍ਹਾਂ ਆਪਣੇ ਤਜ਼ਰਬੇ ਦੇ ਹਰ ਪਹਿਲੂ ਨੂੰ ਸਾਂਝਾ ਕੀਤਾ ਅਤੇ ਪ੍ਰਵਾਸੀਆਂ ਦੇ ਆਸ਼ੇ ਤੇ ਪੂਰਨ ਤੌਰ ਤੇ ਉਤਰਨ ਦਾ ਵਾਅਦਾ ਨਿਭਾਇਆ। ਉਨ੍ਹਾਂ ਦੇ ਸਾਥੀ ਵਲੋਂ ਚੋਣ ਪ੍ਰਕਿਰਿਆ ਅਤੇ ਪ੍ਰਵਾਸੀਆਂ ਦੀ ਜਾਣਕਾਰੀ ਲਈ ਸੈਮੀਨਾਰ ਰਾਹੀਂ ਭਰਪੂਰ ਜਾਣਕਾਰੀ ਦਿੱਤੀ ਤਾਂ ਜੋ ਪ੍ਰਵਾਸੀ ਆਪਣੇ ਵੋਟ ਹੱਕ ਦਾ ਲਾਹਾ ਲੈ ਸਕਣ।
ਸਵਾਲ-ਜਵਾਬ ਸੈਸ਼ਨ ਸਬੰਧੀ ਕਮਿਊਨਿਟੀ ਮਨਿਸਟਰ ਵਲੋਂ ਹਾਜ਼ਰੀਨ ਨੂੰ ਅਪੀਲ ਕੀਤੀ, ਜਿਸ ਤਹਿਤ ਡਾ. ਸੁਰਿੰਦਰ ਸਿੰਘ ਗਿੱਲ ਵਲੋਂ ਚੋਣ ਪ੍ਰਕਿਰਿਆ ਇੱਕੋ ਦਿਨ ਸਮੇਟਣ ਸਬੰਧੀ ਕਿਹਾ, ਜਿਸ ਦੇ ਨਤੀਜੇ ਸੁਨੀਲ ਅਰੋੜਾ ਮੁੱਖ ਚੀਫ ਕਮਿਸ਼ਨਰ ਨੇ ਸੁਰੱਖਿਆ ਬਲਾਂ ਦੀ ਨਫਰੀ ਨੂੰ ਵਧਾਉਣ ਸਬੰਧੀ ਹੋਮ ਮਨਿਸਟਰ ਭਾਰਤ ਦੇ ਮੋਢਿਆਂ ਤੇ ਭਾਰ ਪਾ ਦਿੱਤਾ। ਡਾ. ਗਿੱਲ ਨੇ ਕਿਹਾ ਕਿ ਜਨਸੰਖਿਆ ਵਧਣ ਦੇ ਨਾਲ ਸੁਰੱਖਿਆ ਕਰਮੀਆਂ ਦੀ ਨਫਰੀ ਵੀ ਵਧਾਉਣੀ ਚਾਹੀਦੀ ਹੈ ਤਾਂ ਜੋ ਚੋਣਾਂ ਇੱਕੋ ਗੇੜ ਵਿੱਚ ਕਰਵਾ ਕੇ ਭਾਰਤ ਦੀ ਡੈਮੋਕਰੇਸੀ ਨੂੰ ਸੰਸਾਰ ਦੀ ਸਰਵੋਤਮ ਡੈਮੋਕਰੇਸੀ ਹੋਣ ਦਾ ਸਬੂਤ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਸਾਫ ਸੁਥਰੀ ਚੋਣ ਪ੍ਰਕਿਰਿਆ ਲਈ ਧੰਨਵਾਦ ਦਾ ਪਾਤਰ ਹੈ, ਪਰ ਭਵਿੱਖ ਇੱਕੋ ਗੇੜ ਵਿੱਚ ਚੋਣਾਂ ਕਰਾਉਣ ਦੀ ਮੰਗ ਕਰਦਾ ਹੈ।
ਇਸੇ ਤਰ੍ਹਾਂ ਬੰਗਾਲ, ਕਰਨਾਟਕਾ, ਮੱਧ ਪ੍ਰਦੇਸ਼ ਜਿੱਥੇ ਵਿਰੋਧੀਆਂ ਦਾ ਰਾਜ ਸੀ, ਉੱਥੋਂ ਦੀ ਸਥਿਤੀ ਨੂੰ ਸੰਭਾਲਣ ਸਬੰਧੀ ਕੀਤੇ ਉਪਰਾਲੇ, ਸੋਸ਼ਲ ਮੀਡੀਏ ਤੇ ਨਾਂਹ ਪੱਖੀ ਪ੍ਰਚਾਰ ਨੂੰ ਨੱਥ ਪਾਉਣਾ ਅਤੇ ਚੋਣ ਪ੍ਰਚਾਰ ਦੇ ਸਮੇਂ ਨੂੰ ਘੱਟ ਕਰਨ ਸਬੰਧੀ ਸਵਾਲਾਂ ਦੀ ਝੜੀ ਲਗਾਈ। ਜਿਸ ਨੂੰ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਬਾਖੂਬੀ ਨਾਲ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਦੀ ਚੋਣ ਪ੍ਰਕਿਰਿਆ ਸਬੰਧੀ ਹਰ ਦੇਸ਼ ਸਿੱਖਣ ਦੀ ਕੋਸ਼ਿਸ਼ ਕਰਦਾ ਹੈ, ਜਿਸ ਨੂੰ ਪਾਰਦਰਸ਼ੀ ਅਤੇ ਵਿਆਪਕ ਬਣਾਉਣਾ ਸਾਡਾ ਮੁੱਖ ਫਰਜ਼ ਹੈ।
ਅੰਤ ਵਿੱਚ ਕਮਿਊਨਿਟੀ ਮਨਿਸਟਰ ਨੇ ਅੰਬੈਸੀ ਦੀ ਸਮੁੱਚੀ ਟੀਮ, ਮਹਿਮਾਨਾਂ ਅਤੇ ਇਲੈਕਸ਼ਨ ਕਮਿਸ਼ਨ ਦੀ ਟੀਮ ਦਾ ਧੰਨਵਾਦ ਕੀਤਾ। ਉਪਰੰਤ ਸ਼ਾਮ ਦੀ ਚਾਹ ਅਤੇ ਸਨੈਕਸ ਮਹਿਮਾਨਾਂ ਨੂੰ ਪਰੋਸੇ ਗਏ। ਮਹਿਮਾਨ ਮਿਲਣੀ ਦੌਰਾਨ ਕਈ ਪ੍ਰਵਾਸੀਆਂ ਨੇ ਆਪਣੇ ਸ਼ੰਕੇ ਦੂਰ ਕੀਤੇ ਅਤੇ ਯਾਦਗਾਰੀ ਤਸਵੀਰਾਂ ਖਿਚਵਾਕੇ ਆਪਣੀ ਹਾਜ਼ਰੀ ਦਾ ਪ੍ਰਗਟਾਵਾ ਕੀਤਾ। ਕੁੱਲ ਮਿਲਾਕੇ ਇਹ ਸਮਾਗਮ ਸ਼ਲਾਘਾ ਦਾ ਪ੍ਰਤੀਕ ਬਣਿਆ। ਜਿੱਥੇ ਭਾਰਤੀ ਚੋਣ ਪ੍ਰਕਿਰਿਆ ਦੇ ਗਿਆਨ ਨੂੰ ਗ੍ਰਹਿਣ ਕਰਕੇ ਅੰਬੈਸੀ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ।