*ਉੱਘੇ ਵਪਾਰੀਆਂ ਨੇ ਕੀਤੇ ਆਪਣੀ ਕਾਮਯਾਬੀ ਦੇ ਨੁਕਤੇ ਸਾਂਝੇ
ਮੈਰੀਲੈਂਡ (ਗਿੱਲ) – ਸਿੱਖਸ ਆਫ ਅਮਰੀਕਾ ਤੇ ਐੱਨ. ਸੀ. ਆਈ. ਏ. ਸੰਸਥਾਵਾਂ ਨੇ ਸਾਂਝੇ ਤੌਰ ਤੇ ਬਿਜ਼ਨਸ ਐਂਡ ਪ੍ਰੋਫੈਸ਼ਨਲ ਨੈੱਟਵਰਕਿੰਗ ਈਵੈਂਟ ਜੀਯੂਲ ਆਫ ਇੰਡੀਆ ਰੈਸਟੋਰੈਂਟ ਵਿੱਚ ਅਯੋਜਿਤ ਕੀਤਾ। ਜਿਸ ਵਿੱਚ ਮੈਟਰੋਪੁਲਿਟਨ ਵਾਸ਼ਿੰਗਟਨ ਡੀ. ਸੀ. ਏਰੀਏ ਤੋਂ ਸੈਂਕੜੇ ਉੱਘੀਆਂ ਸਖਸ਼ੀਅਤਾਂ ਨੇ ਹਿੱਸਾ ਲਿਆ। ਜਿੱਥੇ ਇਸ ਈਵੈਂਟ ਵਿੱਚ ਪ੍ਰੋਫੈਸ਼ਨਲ ਹਸਤੀਆਂ ਨੂੰ ਬੁਲਾਇਆ ਗਿਆ ਸੀ, ਉੱਥੇ ਨੌਜਵਾਨ ਪੀੜ੍ਹੀ ਨੇ ਵੀ ਸ਼ਿਰਕਤ ਕੀਤੀ।
ਪ੍ਰੋਗਰਾਮ ਦੀ ਸ਼ੁਰੂਆਤ ਸੰਸਥਾ ਦੇ ਪ੍ਰਧਾਨ ਪਵਨ ਬੈਜਵਾੜਾ ਐੱਨ. ਸੀ. ਆਈ. ਏ. ਨੇ ਆਏ ਮਹਿਮਾਨਾਂ ਦੀ ਜਾਣ-ਪਹਿਚਾਣ ਤੋਂ ਕੀਤੀ। ਉਪਰੰਤ ਇਸ ਈਵੈਂਟ ਦੀ ਮਹੱਤਤਾ ਤੇ ਲੋੜ ਸਬੰਧੀ ਚਾਨਣਾ ਪਾਇਆ। ਡਾ. ਸੁਰੇਸ਼ ਗੁਪਤਾ ਚੇਅਰਮੈਨ ਨੇ ਕਿਹਾ ਕਿ ਅਸੀਂ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨ ਤੇ ਬਿਜ਼ਨਸ ਵਿੱਚ ਨਿਪੁੰਨ ਕਰਨ ਲਈ ਆਪਣੇ ਤਜ਼ਰਬੇ ਸਾਂਝੇ ਕਰਾਂਗੇ। ਤਾਂ ਜੋ ਨੌਜਵਾਨ ਪੀੜ੍ਹੀ ਆਪਣਾ ਭਵਿੱਖ ਬਣਾਉਣ ਵਿੱਚ ਸਫਲ ਹੋਵੇ।
ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮਰੀਕਾ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਪ੍ਰੋਫੈਸ਼ਨਲ ਸਪੀਕਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਸਖਸ਼ੀਅਤਾਂ ਬਿਜ਼ਨਸਮੈਨ ਅਤੇ ਬਿਜ਼ਨਸ ਵੋਮੈਨ ਲਈ ਪ੍ਰੇਰਨਾ ਸ੍ਰੋਤ ਸਾਬਤ ਹੋਣਗੇ। ਨੌਜਵਾਨਾਂ ਨੂੰ ਬਿਜ਼ਨਸ ਵਾਲੇ ਪਾਸੇ ਕਾਮਯਾਬ ਕਰਨ ਲਈ ਯੋਗ ਜੁਗਤਾਂ ਦਾ ਖੁਲਾਸਾ ਸਾਡੇ ਪ੍ਰੋਫੈਸ਼ਨਲ ਕਰਨਗੇ। ਉਨ੍ਹਾਂ ਅਜਿਹੇ ਈਵੈਂਟ ਹਰ ਸਾਲ ਕਰਨ ਲਈ ਅਪੀਲ ਵੀ ਕੀਤੀ ਤਾਂ ਜੋ ਸਾਊਥ ਏਸ਼ੀਅਨ ਅਮਰੀਕਾ ਵਿੱਚ ਆਪਣੀ ਧਾਂਕ ਜਮਾ ਸਕਣ।
ਉੱਘੇ ਤੇ ਪ੍ਰੋਫੈਸ਼ਨਲ ਬੁਲਾਰਿਆਂ ਵਿੱਚੋਂ ਸਭ ਤੋਂ ਪਹਿਲਾਂ ਸਿਧਾਰਥ ਚੌਧਰੀ ਨੇ ਆਪਣੇ ਤਜ਼ਰਬਿਆਂ ਨੂੰ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਵਿਅਕਤੀ ਇਹ ਠਾਣ ਲਵੇ ਕਿ ਉਸਨੇ ਇਹ ਕੰਮ ਕਰਨਾ ਹੀ ਹੈ ਭਾਵੇਂ ਉਸ ਦਾ ਨੁਕਸਾਨ ਕਿਉਂ ਨਾ ਹੋ ਜਾਵੇ। ਤਾਂ ਉਹ ਜਰੂਰ ਕਾਮਯਾਬ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇੱਕ ਵਿਅਕਤੀ ਨੇ ਰੋਜ਼ਾਨਾ ਇੱਕ ਦਰੱਖਤ ਲਗਾਉਣ ਦਾ ਉਪਰਾਲਾ ਕੀਤਾ ਤਾਂ ਉਹ ਜੰਗਲ ਪੈਦਾ ਕਰਨ ਵਿੱਚ ਕਾਮਯਾਬ ਹੋਇਆ। ਇਹ ਸਭ ਉਸ ਦੇ ਵਿਸ਼ਵਾਸ ਤੇ ਹਿੰਮਤ ਸਦਕਾ ਹੋਇਆ। ਉਨ੍ਹਾਂ ਕਿਹਾ ਕਿ ਉਹ ਦੋ ਸੌ ਡਾਲਰ ਲੈ ਕੇ ਅਮਰੀਕਾ ਆਏ ਸਨ, ਅੱਜ ਉਹ ਕੰਪਨੀ ਦੇ ਸੀ. ਈ. ਓ. ਹਨ ਤੇ ਕਈਆਂ ਨੂੰ ਨੌਕਰੀਆਂ ਦੇ ਰਹੇ ਹਨ।
ਡੌਲੀ ਉਬਰਾਏ ਜੋ ਟੈਕਨੋ ਕਰੇਟ ਸੀ. ਈ. ਓ. ਹੈ, ਉਨ੍ਹਾਂ ਦੱਸਿਆ ਕਿ ਉਨ੍ਹਾਂ ਵਿੱਚ ਕੰਪਿਊਟਰ ਦਾ ਜਨੂੰਨ ਸੀ, ਜੋ ਉਹ ਸਕੂਲਾਂ ਵਿੱਚ ਸ਼ੁਰੂ ਕਰਨਾ ਚਾਹੁੰਦੇ ਸਨ, ਜਿਸ ਲਈ ਉਹ 1970 ਦੇ ਦਹਾਕੇ ਵਿੱਚ ਘਰੋਂ ਨਿਕਲ ਪਏ। ਅਮਰੀਕਾ ਪਹੁੰਚ ਕੇ ਉਨ੍ਹਾਂ ਜੱਦੋ ਜਹਿਦ ਕੀਤੀ ਅਤੇ ਸਿੱਧ ਕਰ ਦਿੱਤਾ ਕਿ ਉਹ ਆਪਣੇ ਗਿਆਨ ਸਦਕਾ ਟੋਫਲ ਵਰਗੇ ਟੈਸਟਾਂ ਤੋਂ ਨਿਯਾਤ ਲੈ ਇਸ ਕੰਪਿਊਟਰ ਫੀਲਡ ਵਿੱਚ ਔਰਤ ਵਜੋਂ ਜਾਣੀ ਜਾਣ ਵਾਲੀ ਸਖਸ਼ੀਅਤ ਬਣ ਗਏ। ਜਿਸ ਕਰਕੇ ਉਹ ਸੈਂਕੜੇ ਐਵਾਰਡ ਹਾਸਲ ਕਰਕੇ ਔਰਤ ਖੇਮੇ ਵਿੱਚ ਪਹਿਚਾਣ ਬਣਾ ਗਏ। ਜੋ ਹੁਣ ਆਰਮੀ, ਏਅਰਫੋਰਸ ਵਿੱਚ ਕੰਪਿਊਟਰ ਟ੍ਰੇਨਿੰਗ ਦੀਆਂ ਜੁਗਤਾਂ ਲਾਗੂ ਕਰਨ ਦੇ ਸਮਰੱਥ ਹਨ। ਉਨ੍ਹਾਂ ਕਿਹਾ ਕਿ ਨਿਸਚਾ ਹੋਣਾ ਲਾਜ਼ਮੀ ਹੈ ਤਾਂ ਹੀ ਕਾਮਯਾਬੀ ਪ੍ਰਾਪਤ ਹੋਵੇਗੀ।
ਸਭਰਾਮਨੀਅਮ ਮੁਨੀ ਸਵਾਮੀ ਜੋ ਮੈਰੀਲੈਂਡ ਮਹਿਕਮੇ ਦੇ ਹਿਊਮਨ ਸਰਵਿਸ ਵਿੰਗ ਦੇ ਮੁੱਖ ਅਫਸਰ ਹਨ, ਉਨ੍ਹਾਂ ਦੱਸਿਆ ਕਿ ਸਰਕਾਰੀ ਤੌਰ ਤੇ ਕਈ ਰੁਕਾਵਟਾਂ ਹਨ, ਹਰ ਰੁਕਾਵਟ ਨੂੰ ਪਾਰ ਕਰਨ ਲਈ ਤਿਆਰ ਹੋਣਾ ਜ਼ਰੂਰੀ ਹੈ। ਜਿਸ ਦੀ ਉਦਾਹਰਣ ਦਿੰਦਿਆ ਦੱਸਿਆ ਕਿ ਇੱਕ ਪੋਸਟ ਭਰਨ ਲਈ ਸੌ ਵਿਅਕਤੀਆਂ ਨੂੰ ਇੰਟਰਵਿਊ ਕਰਨਾ ਪੈਂਦਾ ਹੈ। ਨੜਿੰਨਵੇਂ ਵਿਅਕਤੀਆਂ ਨੂੰ ਲਿਖਤੀ ਜਵਾਬ ਦੇਣਾ ਪੈਂਦਾ ਹੈ ਕਿ ਉਨ੍ਹਾਂ ਨੂੰ ਸਲੈਕਟ ਕਿਉਂ ਨਹੀਂ ਕੀਤਾ, ਪਰ ਉਨ੍ਹਾਂ ਦੱਸਿਆ ਕਿ ਕਦੇ ਕੋਈ ਮੁਸ਼ਕਲ ਨਹੀਂ ਆਈ। ਸਗੋਂ ਸਰਕਾਰ ਨੂੰ ਵੀ ਜਵਾਬਦੇਹ ਹੋਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਦ੍ਰਿੜ ਇਰਾਦਾ ਮੰਜ਼ਿਲ ਢੁਕਣ ਵਿੱਚ ਮਦਦ ਕਰਦਾ ਹੈ।
ਸੈਮ ਮਲਹੋਤਰਾ ਜੋ ਮੈਰੀਲੈਂਡ ਸਟੇਟ ਤੇ ਸਾਬਕਾ ਸਕੱਤਰ ਹਿਊਮ ਸਰਵਿਸ ਤੇ ਚੀਫ ਆਫ ਸਟਾਫ ਰਹਿ ਚੁੱਕੇ ਹਨ। ਜੋ ਟੈਕਨੀਕਲ ਸਿਸਟਮ ਦੇ ਸੀ. ਈ. ਓ. ਨੇ ਦੱਸਿਆ ਕਿ ਬਿਜ਼ਨਸ ਵਿੱਚ ਕਾਮਯਾਬੀ ਪ੍ਰਾਪਤ ਕਰਨ ਲਈ ਤਿੰਨ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੈ। ਇੱਜ਼ਤ ਕਰਨਾ, ਨੇਕ ਨੀਤੀ, ਪ੍ਰਚਾਰ ਕਰਨਾ। ਇਹ ਤੁਹਾਡੇ ਸਬੰਧਾਂ ਨੂੰ ਮਜ਼ਬੂਤ ਕਰੇਗਾ ਤੇ ਤੁਸੀਂ ਬਿਜ਼ਨਸ ਨੂੰ ਚੁਣੌਤੀ ਵਜੋਂ ਲਵੋਗੇ ਤੇ ਕਾਮਯਾਬੀ ਆਪਣੇ ਆਪ ਤੁਹਾਡੇ ਖੇਮੇ ਵਿੱਚ ਪ੍ਰਵੇਸ਼ ਕਰੇਗੀ। ਚੰਗਾ ਚਰਿੱਤਰ ਰੱਖਣਾ ਸਮੇਂ ਦੇ ਲੋੜ ਹੀ ਨਹੀਂ ਸਗੋਂ ਆਪਣੇ ਆਪ ਨੂੰ ਉੱਚਾ ਚੁੱਕਣ ਦਾ ਵਸੀਲਾ ਹੈ। ਜਿਵੇਂ ਮੈਰੀਲੈਂਡ ਨੂੰ ਤਬਦੀਲ ਕਰਨ ਵਿੱਚ ਗਵਰਨਰ ਲੈਰੀ ਹੋਗਨ ਨੇ ਆਪਣੇ ਆਪ ਨੂੰ ਪੇਸ਼ ਕੀਤਾ ਹੈ, ਜਿਸ ਸਦਕਾ ਉਹ ਦੂਜੀ ਟਰਮ ਵੀ ਸਹਿਜੇ ਜਿੱਤ ਗਏ। ਉਨ੍ਹਾਂ ਵਿੱਚ ਇਹ ਸਾਰੇ ਗੁਣ ਹਨ।
ਉਪਰੋਕਤ ਬੁਲਾਰਿਆਂ ਦੀ ਜਾਣ-ਪਹਿਚਾਣ ਕਰਨ ਵਾਲਿਆਂ ਵਿੱਚ ਅੰਜਨਾ, ਕੀਰਤੀ ਸਵਾਮੀ ਤੇ ਰਜੀਵ ਬਰੂਆ ਨੇ ਰੋਲ ਅਦਾ ਕੀਤਾ। ਦੇਵੰਗ ਸ਼ਾਹ ਨੇ ਸਵਾਲ-ਜਵਾਬ ਦਾ ਸੈਸ਼ਨ ਬਹੁਤ ਹੀ ਸੁਲਝੇ ਢੰਗ ਨਾਲ ਚਲਾਇਆ। ਗੁਰਚਰਨ ਸਿੰਘ ਵਰਲਡ ਬੈਂਕ ਅਤੇ ਰੇਨੂਕਾ ਮਿਸ਼ਰਾ ਨੇ ਸਵਾਲ ਪੁੱਛੇ ਜੋ ਅੱਜ ਦੇ ਵਪਾਰਕ ਅਦਾਰਿਆਂ ਅਤੇ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਸਨ। ਸਮੁਚੇ ਤੌਰ ਤੇ ਇਹ ਈਵੈਂਟ ਵੱਖਰੀ ਛਾਪ ਛੱਡ ਗਿਆ। ਮੁੱਖ ਤੌਰ ਤੇ ਇਸ ਸਮਾਗਮ ਵਿੱਚ ਸਾਜਿਦ ਤਰਾਰ ਉੱਪ ਚੇਅਰਮੈਨ ਕਮਿਸ਼ਨ ਮੈਰੀਲੈਂਡ, ਬਲਜਿੰਦਰ ਸਿੰਘ ਸ਼ੰਮੀ ਤੇ ਡਾ. ਸੁਰਿੰਦਰ ਸਿੰਘ ਗਿੱਲ ਡਾਇਰੈਕਟਰ ਸਿੱਖਸ ਆਫ ਅਮਰੀਕਾ, ਪ੍ਰਿਤਪਾਲ ਸਿੰਘ ਲੱਕੀ, ਡਾ. ਨਗਿੰਦਰ, ਰਾਜ ਰਠੌਰ ਸੀ. ਈ. ਓ. ਹਿੰਦੂ ਸੰਸਥਾ, ਅਰੁਨਾ ਦਿਤੀ, ਅਲਪਨਾ ਬਰੂਆ, ਦੀਪਕ ਠਾਕੁਰ, ਪਿੰਕੀ ਪਾਠਕ, ਰੋਬਿੰਨ ਗੋਸਵਾਮੀ ਤੋਂ ਇਲਾਵਾ ਹੋਰ ਉੱਘੀਆਂ ਸਖਸ਼ੀਅਤਾਂ ਨੇ ਵੀ ਹਿੱਸਾ ਲਿਆ। ਮੀਡੀਆ ਤੋਂ ਡਾ. ਸੁਖਪਾਲ ਸਿੰਘ ਧਨੋਆ ਪੀ. ਟੀ. ਸੀ., ਸੁਰਮੁਖ ਸਿੰਘ ਮਾਣਕੂ ਟੀ. ਵੀ. ਏਸ਼ੀਆ, ਤੇਜਿੰਦਰ ਸਿੰਘ ਵਾਈਟ ਹਾਊਸ ਨੇ ਹਿੱਸਾ ਲਿਆ। ਬਲਜਿੰਦਰ ਸਿੰਘ ਸ਼ੰਮੀ ਨੇ ਆਪਣੇ ਮਹਿਮਾਨਾਂ ਦਾ ਧੰਨਵਾਦ ਬਾਖੂਬ ਸ਼ਬਦਾਂ ਨਾਲ ਕੀਤਾ।