ਮੈਰੀਲੈਂਡ (ਗਗਨ ਦਮਾਮਾ ਬਿਓਰੋ) – ਸਿੱਖਸ ਆਫ ਅਮਰੀਕਾ ਸੰਸਥਾ ਦੀ ਭਰਵੀਂ ਮੀਟਿੰਗ ਜੀਯੂਲ ਆਫ ਇੰਡੀਆ ਰੈਸਟੋਰੈਂਟ ਵਿੱਚ ਕੀਤੀ ਗਈ। ਇਸ ਮੀਟਿੰਗ ਦੀ ਨੁਮਾਇੰਦਗੀ ਜਸਦੀਪ ਸਿੰਘ ਜੱਸੀ ਨੇ ਸੰਸਥਾ ਦੇ ਚੇਅਰਮੈਨ ਵਜੋਂ ਕੀਤੀ। ਉਨ੍ਹਾਂ ਕਿਹਾ ਕਿ ਇਸ ਸਾਲ ਅਮਰੀਕਾ ਦੀ ਅਜ਼ਾਦੀ ਪਰੇਡ ਤੇ ਫਲੋਟ ਦੀ ਦਿੱਖ ਨੂੰ ਅਜਿਹਾ ਬਣਾਇਆ ਜਾਵੇਗਾ, ਜੋ ਵੇਖਣ ਵਾਲਿਆਂ ਨੂੰ ਗੁੱਝੇ ਸੰਦੇਸ਼ ਛੱਡ ਜਾਵੇਗਾ। ਜਿਉਂ ਹੀ ਇਸ ਸੁਝਾਅ ਨੂੰ ਪੇਸ਼ ਕੀਤਾ ਗਿਆ ਤਾਂ ਹਾਜ਼ਰੀਨ ਨੇ ਸੁਝਾਵਾਂ ਦੀ ਝੜੀ ਲਗਾ ਦਿੱਤੀ।
ਕੰਵਲਜੀਤ ਸਿੰਘ ਸੋਨੀ ਨੇ ਕਿਹਾ ਕਿ ਪ੍ਰਸਿੱਧੀ ਪ੍ਰਾਪਤ ਸਿੱਖਾਂ ਨੂੰ ਫਲੋਟ ਤੇ ਦਿਖਾਇਆ ਜਾਵੇ ਤਾਂ ਜੋ ਸਿੱਖਾਂ ਦੀਆਂ ਪ੍ਰਾਪਤੀਆਂ ਅਮਰੀਕਨਾਂ ਨੂੰ ਪਤਾ ਲੱਗ ਸਕਣ।ਮਨਪ੍ਰੀਤ ਸਿੰਘ ਬੋਬੀ ਨੇ ਕਿਹਾ ਕਿ ਨਗਾਰੇ ਦੇ ਹੁਨਰ ਨੂੰ ਅਮਰੀਕਨ ਵਸਤਰਾਂ ਵਿੱਚ ਪੇਸ਼ ਕਰਕੇ ਆਏ ਮਹਿਮਾਨਾਂ ਦਾ ਮਨ ਜਿੱਤਿਆ ਜਾਵੇ। ਸਾਜਿਦ ਤਰਾਰ ਡਾਇਰੈਕਟਰ ਨੇ ਕਿਹਾ ਕਿਉਂ ਨਾ ਸਿੱਖਾਂ ਦੇ ਚਿਹਰੇ ਆਰਮੀ, ਨੇਵੀ ਤੇ ਹਵਾਈ ਸੈਨਾ ਵਿੱਚ ਡੱਮੀ ਵਜੋਂ ਪੇਸ਼ ਕੀਤਾ ਜਾਵੇ, ਜਿਸ ਨਾਲ ਸਿੱਖੀ ਪਹਿਚਾਣ ਨੂੰ ਹੋਰ ਉਭਾਰਿਆ ਜਾ ਸਕਦਾ ਹੈ। ਡਾ. ਸੁਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਸਿੱਖਾਂ ਨੂੰ ਹਥਿਆਰਾਂ ਨਾਲ ਲੈੱਸ ਕਰਕੇ ਘੋੜਿਆਂ ਤੇ ਸਵਾਰ ਕਰਕੇ ਫਲੋਟ ਤੇ ਦਰਸਾਇਆ ਜਾਵੇ। ਇਸ ਨਾਲ ਅਮਰੀਕਨਾ ਵਿੱਚ ਸਿੱਖਾਂ ਪ੍ਰਤੀ ਜਾਗਰੂਕਤਾ ਆਵੇਗੀ।
ਸੁਰਿੰਦਰ ਸਿੰਘ ਰਹੇਜਾ ਨੇ ਕਿਹਾ ਕਿ ਪਹਿਲਾ ਇਸ ਦੇ ਬਜਟ ਨੂੰ ਦੱਸਿਆ ਜਾਵੇ ਤੇ ਇਸ ਦੀ ਪ੍ਰਾਪਤੀ ਲਈ ਵਸੀਲੇ ਦੱਸੇ ਜਾਣ। ਤਾਂ ਜੋ ਪੂਰੀ ਪਰੇਡ ਨੂੰ ਅੰਤਿਮ ਰੂਪ ਦਿੱਤਾ ਜਾ ਸਕੇ। ਹਾਜ਼ਰੀਨ ਨੇ ਬਜਟ ਨੂੰ ਪੰਝੀ ਹਜ਼ਾਰ ਡਾਲਰ ਖਰਚਣ ਦੀ ਪ੍ਰਵਾਨਗੀ ਦਿੱਤੀ, ਜੋ ਹੱਥੋ ਹੱਥੀ ਆਏ ਮਹਿਮਾਨਾਂ ਵਲੋਂ ਦੇ ਦਿੱਤੇ। ਜੋ ਸਤਾਈ ਹਜ਼ਾਰ ਹੋ ਗਏ।
ਬਲਜਿੰਦਰ ਸਿੰਘ ਸ਼ੰਮੀ ਨੇ ਬੱਸਾਂ ਦੇ ਰੂਟ ਅਤੇ ਡਿਊਟੀਆਂ ਸਬੰਧੀ ਜ਼ਿਕਰ ਕੀਤਾ। ਜਿਸ ਸਬੰਧੀ ਚਾਰ ਬੱਸਾਂ ਤੇ ਦੋ ਵੈਨਾਂ ਦੇਣ ਦੀ ਸਹਿਮਤੀ ਪ੍ਰਗਟਾਈ ਗਈ। ਮਨਿੰਦਰ ਤੇ ਗੁਰਿੰਦਰ ਸੇਠੀ ਨੇ ਟਾਈਆਂ , ਸਕਾਰਫ ਮੁਹੱਈਆ ਕਰਨ ਦਾ ਜ਼ਿਕਰ ਕੀਤਾ। ਇੰਦਰਜੀਤ ਸਿੰਘ ਗੁਜਰਾਲ ਨੇ ਟਾਈਆਂ ਅਤੇ ਚੁੰਨੀਆਂ ਦੀ ਗਿਣਤੀ ਵਿੱਚ ਵਾਧਾ ਕਰਨ ਦਾ ਜ਼ਿਕਰ ਕੀਤਾ।
ਚਤਰ ਸਿੰਘ ਵਲੋਂ ਗੁਬਾਰੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਸਾਲ ਡਿਊਟੀ ਤਬਦੀਲ ਕੀਤੀ ਜਾਵੇ। ਸਮੁੱਚੀ ਪਰੇਡ ਨੂੰ ਭੰਗੜਾ, ਢੋਲ ਅਤੇ ਅਨੁਸਾਸ਼ਨ ਵਿੱਚ ਰਹਿਕੇ ਕਾਮਯਾਬ ਕਰਨ ਦਾ ਜ਼ਿਕਰ ਕੀਤਾ ਗਿਆ। ਆਏ ਮਾਰਸ਼ਲਾਂ ਨੂੰ ਆਪੋ-ਆਪਣੀਆਂ ਬੱਸਾਂ ਲਈ ਰਜਿਸਟ੍ਰੇਸ਼ਨ ਕਰਨ ਦੀ ਤਾਕੀਦ ਕੀਤੀ ਤਾਂ ਜੋ ਅਗਲੀ ਮੀਟਿੰਗ ਤੱਕ ਡਿਊਟੀਆਂ ਮੁਕੰਮਲ ਕਰ ਲਈਆਂ ਜਾਣ।
ਸਮੁੱਚੀ ਟੀਮ ਨੇ ਇਸ ਪਰੇਡ ਨੂੰ ਸਿੱਖੀ ਦੀ ਸ਼ਾਨ ਅਤੇ ਗੁੱਝੇ ਸੰਦੇਸ਼ ਦਾ ਪ੍ਰਤੀਕ ਦੱਸਿਆ ਜੋ ਅਮਰੀਕਨਾਂ ਲਈ ਖਾਸ ਸੁਨੇਹਾ ਦੇ ਜਾਵੇਗੀ।
ਇਸ ਮੌਕੇ ਸਰਬਜੀਤ ਸਿੰਘ ਬਖਸ਼ੀ, ਚਤਰ ਸਿੰਘ ਸੈਣੀ, ਮਨਪ੍ਰੀਤ ਸਿੰਘ ਬੌਬੀ, ਕੰਵਲਜੀਤ ਸਿੰਘ ਸੋਨੀ, ਮਨਿੰਦਰ ਸਿੰਘ ਸੇਠੀ, ਇੰਦਰਜੀਤ ਸਿੰਘ ਗੁਜਰਾਲ, ਗੁਰਿੰਦਰ ਸਿੰਘ ਸੇਠੀ, ਬਲਜਿੰਦਰ ਸਿੰਘ ਸ਼ੰਮੀ, ਸੁਰਿੰਦਰ ਸਿੰਘ ਰਹੇਜਾ, ਤੇਜਿੰਦਰ ਸਿੰਘ ਵਾਈਟ ਹਾਊਸ ਜਰਨਲਿਸਟ, ਗੁਰਚਰਨ ਸਿੰਘ ਵਰਲਡ ਬੈਂਕ ਤੋਂ ਇਲਾਵਾ ਡਾ. ਸੁਰਿੰਦਰ ਸਿੰਘ ਗਿੱਲ ਜਰਨਲਿਸਟ ਵਜੋਂ ਸ਼ਾਮਲ ਹੋਏ।
ਆਸ ਹੈ ਕਿ ਇਸ ਸਾਲ ਦੀ ਪਰੇਡ ਗੁੱਝੇ ਭੇਦ ਦਾ ਪ੍ਰਗਟਾਵਾ ਕਰੇਗੀ ਜਿਸ ਲਈ ਸਿੱਖਸ ਆਫ ਅਮਰੀਕਾ ਦੀ ਪੂਰੀ ਟੀਮ ਆਪਣੀ ਵਾਹ ਲਗਾਵੇਗੀ।ਅਕੀਰ ਵਿੱਚ ਕੰਵਲਜੀਤ ਸਿੰਘ ਸੋਨੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਅਗਲੀ ਮੀਟਿੰਗ ਵਿੱਚ ਭਰਵੀ ਹਾਜ਼ਰੀ ਯਕੀਨੀ ਬਣਾਉਣ ਲਈ ਬਲਜਿੰਦਰ ਸਿੰਘ ਧੰਮੀ ਦੀ ਡਿਉਟੀ ਲਗਾਈ । ਜੋ ਵਟਸ-ਅਪ ਗਰੁਪ ਨੂੰ ਅੰਤਮ ਰੂਪ ਦੇਣਗੇ।