ਅੰਮ੍ਰਿਤਸਰ (ਵਿਸ਼ੇਸ਼ ਪ੍ਰਤੀਨਿਧ) – ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਿੱਖ ਸੰਗਤਾਂ ਅਤੇ ਸਮੁੱਚੇ ਗੁਰੂਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਜੂਨ ਦਾ ਪਹਿਲਾ ਹਫਤਾ ਘੱਲੂਘਾਰਾ ਦਿਵਸ ਵਜੋਂ ਮਨਾਉਣ। ਪੂਰਾ ਹਫਤਾ ਦਰਬਾਰ ਸਾਹਿਬ ਦੇ ਉੱਤੇ ਹੋਏ ਫੌਜੀ ਹਮਲੇ ਪ੍ਰਤੀ ਰੋਸ ਅਤੇ ਸ਼ਹੀਦ ਸਿੰਘਾਂ , ਸਿੰਘਣੀਆਂ ਸਬੰਧੀ ਅਰਦਾਸ ਦਿਵਸ ਵਜੋਂ ਮਨਾਉਣ। ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਕੋਈ ਵੀ ਐਸਾ ਪ੍ਰੋਗਰਾਮ ਨਾ ਉਲੀਕਿਆ ਜਾਵੇ ਜੋ ਸਿੱਖ ਸੰਗਤਾਂ ਦੇ ਹਿਰਦਿਆ ਨੂੰ ਢਾਹ ਲਾਉਂਦਾ ਹੋਵੇ। ਸਿੰਘ ਸਾਹਿਬ ਨੇ ਕਿਹਾ ਕਿ ਇਸ ਮਹੀਨੇ ਕਥਾ ਕੀਰਤਨ ਅਤੇ ਜੋਸ਼ ਭਰੇ ਢਾਡੀਆਂ ਦੀਆਂ ਵਾਰਾਂ ਨਾਲ ਇਸ ਹਫਤੇ ਨੂੰ ਯਾਦ ਕੀਤਾ ਜਾਵੇ।
ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਜੂਨ ਦਾ ਪੂਰਾ ਹਫਤਾ ਪਹਿਰਾ ਦੇਣ ਅਤੇ ਯਕੀਨੀ ਬਣਾਉਣ ਕਿ ਘੱਲੂਘਾਰਾ ਦਿਵਸ ਸਿੱਖਾਂ ਵਲੋਂ ਯਾਦਗਾਰ ਵਜੋਂ ਮਨਾਇਆ ਜਾਵੇ। ਤਾਂ ਜੋ ਸਿੱਖ ਕੌਮ ਨੂੰ ਮੁੜ ਕੋਈ ਵੰਗਾਰ ਨਾ ਸਕੇ ਅਤੇ ਇਹ ਘੱਲੂਘਾਰਾ ਦਿਵਸ ਸ਼ਹਾਦਤ ਦੇ ਜਾਮ ਵਜੋਂ ਹਰ ਗੁਰੂਘਰ ਮਨਾਇਆ ਜਾਵੇ।
ਦਮਦਮੀ ਟਕਸਾਲ ਦੇ ਬੁਲਾਰੇ ਨੇ ਕਿਹਾ ਕਿ ਉਂਨਾਂ ਦੇ ਪੈਰੋਕਾਰ ਦੇਸ਼ਾ ਵਿਦੇਸ਼ਾਂ ਵਿੱਚ ਪਹਿਰਾ ਦੇਣਗੇ ਤੇ ਗੁਰੂ ਘਰਾਂ ਦੀਆ ਪ੍ਰਬੰਧਕ ਕਮੇਟੀਆਂ ਨਾਲ ਤਾਲ ਮੇਲ ਬਣਾਈ ਰੱਖਣਗੀਆਂ ਤਾਂ ਜੋ ਕੋਈ ਅਪਨੀ ਮਨਮਰਜ਼ੀ ਨਾਲ ਇਸ ਘੱਲੂਘਾਰੇ ਹਫ਼ਤੇ ਨੂੰ ਢਾਹ ਨਾਂ ਲਾਵੇ। ਸੰਗਤਾਂ ਖ਼ੁਦ ਵੀ ਅਜਿਹੇ ਕਾਰਜਾਂ ਤੇ ਪਹਿਰਾ ਦਿੰਦੀਆਂ ਆਈਆਂ ਹਨ। ਉਹ ਇਸ ਇਤਹਾਸਕ ਯਾਦ ਨੂੰ ਪੂਰੀ ਸ਼ਰਧਾ ਨਾਲ ਮਨਾਉਣ ਨੂੰ ਯਕੀਨੀ ਬਣਾਉਣਗੀਆ।