09 Jul 2020

ਸਿੱਖਾਂ ਦਾ ਵਖਰੇਵਾਂ ਹੀ ਸਿੱਖਾਂ ਨੂੰ ਢਾਹ ਲਾ ਰਿਹੈ_ਡਾਕਟਰ ਸੁਰਿੰਦਰ ਸਿੰਘ ਗਿੱਲ

ਸਿੱਖ ਇੱਕ ਮਿਹਨਤੀ ਕੌਮ ਹੈ। ਜਿਸ ਵਿੱਚ ਡਰ, ਭੈਅ ਨਾਂ ਦੀ ਕੋਈ ਵੀ ਚੀਜ਼ ਇਨ੍ਹਾਂ ਦੇ ਨੇੜੇ ਨਹੀਂ ਹੈ। ਇਨ੍ਹਾਂ ਦਾ ਜਜ਼ਬਾ, ਦਿਆਨਤਦਾਰੀ ਦੀ ਕਿਧਰੇ ਵੀ ਮਿਸਾਲ ਨਹੀਂ ਹੈ। ਜਿਸ ਪਾਸੇ ਇਹ ਤੁਰ ਪੈਣ ਬਸ ਸਫਲਤਾ ਇਨ੍ਹਾਂ ਦੇ ਪੈਰ ਚੁੰਮਦੀ ਹੈ। ਇਸੇ ਕਰਕੇ ਏਨਾ ਦਾ ਦਾਇਰਾ ਏਡਾ ਵਿਸ਼ਾਲ ਹੋ ਗਿਆ ਹੈ ਕਿ ਇਹ ਹਰ ਜਗ੍ਹਾ ਮਿਲਣਗੇ। ਜਿੱਥੇ ਇਹ ਦਾਨੀ, ਸੁਘੜ ਅਤੇ ਪਿਆਰ ਦਿਖਾਉਣ ਵਾਲੇ ਹਨ, ਉੱਥੇ ਇਨ੍ਹਾਂ ਦਾ ਸਹਿਯੋਗ ਵੀ ਕਾਬਲੇ ਤਾਰੀਫ ਹੈ। ਏਨੀਆਂ ਤਾਰੀਫਾਂ ਦੀ ਮਾਲਕ ਇਹ ਕੌਮ ਖੁਆਰੀ ਵਿੱਚ ਉਲਝ ਗਈ ਹੈ। ਜਿਸ ਦੇ ਅਨੇਕਾਂ ਕਾਰਨ ਹਨ। ਜਿਨ੍ਹਾਂ ਨੂੰ ਘੋਖਣ, ਵਿਚਾਰਨ ਅਤੇ ਇਨ੍ਹਾਂ ਦੀ ਪੜਚੋਲ ਕਰਨਾ ਸਮੇਂ ਦੀ ਲੋੜ ਹੈ।
ਪਹਿਲੀ ਗੱਲ ਇਹ ਹੈ ਕਿ ਕੋਈ ਵੀ ਕਿਸੇ ਦੀ ਈਨ ਨਹੀਂ ਮੰਨ ਕੇ ਰਾਜੀ। ਸਗੋਂ ਹਰ ਕੋਈ ਆਪਣੀ ਹੋਂਦ ਅਤੇ ਨਿੱਜ ਨੂੰ ਉਭਾਰਨ ਵਿੱਚ ਉਲਝਿਆ ਏਕੇ ਦੀ ਲੜੀ ਵਿੱਚ ਪਰੋਣ ਨੂੰ ਤਿਆਰ ਨਹੀਂ ਹੈ। ਸਗੋਂ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਅਤੇ ਭੰਡਣ ਲਈ ਤਰਕੀਬਾਂ ਘੜਦਾ ਆਪਣੀ ਕੀਮਤੀ ਊਰਜਾ ਖਰਾਬ ਕਰ ਰਿਹਾ ਹੈ। ਜਿਸ ਕਰਕੇ ਸਿੱਖ ਦੂਰ ਦ੍ਰਿਸ਼ਟੀ ਤੋਂ ਕੋਹਾਂ ਦੂਰ ਜਾ ਰਿਹਾ ਹੈ। ਜਿਸ ਨੂੰ ਹਰ ਕੋਈ ਮਹਿਸੂਸ ਤੇ ਕਰ ਰਿਹਾ ਹੈ, ਪਰ ਉਸਤੇ ਆਪਣੀ ਟਿੱਪਣੀ ਕਰਨ ਤੋਂ ਗੁਰੇਜ ਕਰ ਰਿਹਾ ਹੈ।
ਦੂਜੀ ਗੱਲ ਹਰੇਕ ਦਾ ਮਿਸ਼ਨ ਵੱਖੋ ਵੱਖਰਾ ਹੈ, ਕੋਈ ਸਿੱਖੀ ਪਹਿਚਾਣ ਪਿੱਛੇ ਪਿਆ ਹੋਇਆ ਹੈ, ਕੋਈ ਵੱਖਰਾ ਮੁਲਕ ਬਣਾਉਣ ਲਈ ਤੂਤੀ ਵਜਾ ਰਿਹਾ ਹੈ, ਕੋਈ ਦੂਜਿਆਂ ਨੂੰ ਮੂਰਖ ਬਣਾ ਆਪਣੀ ਨਿੱਜੀ ਹੋਂਦ ਨੂੰ ਬਰਕਰਾਰ ਰੱਖ ਰਿਹਾ ਹੈ। ਕੋਈ ਜਸਟਿਸ ਦੇ ਮੁੱਦੇ ਨੂੰ ਆਪਣਾ ਉਦੇਸ਼ ਸਮਝ ਰਿਹਾ ਹੈ, ਪਰ ਅਸਲ ਵਿੱਚ ਬਹੁਤੀ ਤਦਾਦ ਵਿੱਚ ਸਿੱਖੀ ਦੇ ਭੇਸ ਵਿੱਚ ਰੋਟੀਆਂ ਸੇਕਣ ਵੱਲ ਲੱਗੇ ਹੋਏ ਹਨ। ਉਨ੍ਹਾਂ ਦਾ ਹਮੇਸ਼ਾ ਇੱਕੋ ਇੱਕ ਉਦੇਸ਼ ਹੁੰਦਾ ਹੈ ਕਿ ਦੂਜਿਆਂ ਨੂੰ ਮੂਰਖ ਕਿਵੇਂ ਬਣਾਉਣਾ ਹੈ। ਇੱਥੋਂ ਤੱਕ ਕਿ ਛੋਟੇ ਛੋਟੇ ਕਸਬਿਆਂ ਵਿੱਚ ਵੀ ਇੱਕ ਦੂਜੇ ਨਾਲ ਬੈਠ ਕੇ ਖੁਸ਼ ਨਹੀਂ ਹਨ।
ਤੀਜੀ ਗੱਲ ਸੱਭਿਆਚਾਰਕ ਪੱਧਰ ਤੇ ਵੀ ਵੰਡੀਆਂ ਨੂੰ ਤਰਜੀਹ ਦਿੱਤੀ ਹੋਈ ਹੈ ਜਿਸ ਕਰਕੇ ਸਿੱਖ ਹਰ ਜਗ੍ਹਾ ਗਰੁੱਪਾਂ ਵਿੱਚ ਵੰਡੇ ਹੋਏ ਹਨ। ਉਨ੍ਹਾਂ ਨੂੰ ਸਮੂਹਿਕ ਤੌਰ ਤੇ ਕਿਸੇ ਨਾਲ ਕੋਈ  ਲਾਗਾ ਦੇਗਾ ਨਹੀਂ ਹੈ। ਉਨ੍ਹਾਂ ਦਾ ਮੁੱਖ ਮਕਸਦ ਹੈ ਮਾੜੇ ਕੰਮਾਂ ਰਾਹੀਂ ਕਿਵੇਂ ਦੂਜਿਆਂ ਤੋਂ ਅੱਗੇ ਲੰਘਣਾ ਹੈ। ਅਜਿਹੀ ਸਥਿਤੀ ਕਾਰਨ ਸਿੱਖ ਦੂਜਿਆਂ ਦੀਆਂ ਨਜ਼ਰਾਂ ਵਿੱਚ ਛੋਟੇ ਦਿਸ ਰਹੇ ਹਨ। ਉਨ੍ਹਾਂ ਦੀ ਸ਼ਕਤੀ ਵੀ ਬਿਖਰੇਵੇਂ ਦਾ ਸ਼ਿਕਾਰ ਹੋਈ ਪਈ ਹੈ।
ਚੌਥੀ ਗੱਲ ਸਾਡੇ ਧਾਰਮਿਕ ਕੇਂਦਰ ਏਕੇ ਦਾ ਪ੍ਰਤੀਕ ਹਨ, ਪਰ ਉੱਥੇ ਵੀ ਚੌਧਰਾਂ ਨੇ ਧਰਮ ਨੂੰ ਕੁੱਜੇ ਵਿੱਚ ਬੰਦ ਕਰ ਛੱਡਿਆ ਹੋਇਆ ਹੈ। ਉੱਥੇ ਵੀ ਨਿੱਤ ਵਿਉਂਤਬੰਦੀਆਂ ਹੁੰਦੀਆਂ ਰਹਿੰਦੀਆਂ ਹਨ ਕਿ ਕਿਵੇਂ ਇੱਕ ਦੂਜੇ ਗਰੁੱਪ ਨੂੰ ਢਾਹ ਲਾਉਣੀ ਹੈ। ਉਨ੍ਹਾਂ ਦੀ ਹੇਠੀ ਕਰਾਉਣੀ ਹੈ, ਉਨ੍ਹਾਂ ਨੂੰ ਸੱਤਾ ਤੋਂ ਮੁਕਤ ਕਰਨਾ ਹੈ।
ਆਖਰੀ ਗੱਲ ਇਹ ਹੈ ਕਿ ਅਸੀਂ ਜਾਤਾਂ, ਪਾਤਾਂ, ਪਿੰਡਾਂ, ਸ਼ਹਿਰਾਂ, ਸੰਸਥਾਵਾਂ ,ਰਾਜਨੀਤਕ, ਤੇ ਸੱਭਿਅਤਾ ਦੇ ਗਲਿਆਰੇ ਵਿੱਚ ਫਸ ਕੇ ਰਹਿ ਗਏ ਹਾਂ। ਜਿਸ ਕਰਕੇ ਵਖਰੇਵਾਂ ਹਾਵੀ ਹੋ ਗਿਆ ਹੈ ਅਤੇ ਅਸੀਂ ਆਪਣੇ ਆਪ ਵਿੱਚ ਸਿਮਟ ਕੇ ਰਹਿ ਗਏ ਹਾਂ ਜਿਸ ਕਰਕੇ ਹਰ ਕੋਈ ਸਾਨੂੰ ਵੱਖੋ ਵੱਖਰੇ ਨਾਵਾਂ ਨਾਲ ਪੁਕਾਰਦਾ ਹੈ। ਸਾਡੀ ਸੋਚ ਵੀ ਆਪਣੇ ਤੱਕ ਸਿਮਟ ਕੇ ਰਹਿ ਗਈ ਹੈ। ਜਿਸ ਕਰਕੇ ਅਸੀਂ ਸ਼ਕਤੀਹੀਣ ਵੱਲ ਕਦਮ ਪੁੱਟ ਰਹੇ ਹਾਂ ਅਤੇ ਕੋਈ ਵੀ ਗੱਲ ਮਨਵਾਉਣ ਵਿੱਚ ਅਸਮਰਥ ਹਾਂ। ਜੇਕਰ ਇੱਕ ਝੰਡੇ, ਏਕੇ ਦੇ ਪ੍ਰਤੀਕ ਹੋ ਕੇ ਤੁਰ ਪਈਏ। ਸਾਂਝੇ ਕੰਮਾਂ ਨੂੰ ਹੀਣ ਭਾਵਨਾ ਤੋਂ ਉੱਪਰ ਉੱਠ ਕੇ ਵਿਚਰਨ ਨੂੰ ਤਰਜੀਹ ਦੇਣ ਲੱਗ ਪਈਏ। ਅਮਰੀਕਨਾਂ ਵਾਂਗ ਨਾ ਜਾਣਦੇ ਹੋਏ ਵੀ ਫਤਹਿ ਬੁਲਾਉਣ ਦੀ ਤਰਜੀਹ ਨੂੰ ਅਪਣਾ ਲਈਏ।ਪਰ ਦੇਖਿਆ ਗਿਆ ਹੈ ਕਿ ਅੰਮ੍ਰਿਤਧਾਰੀ ਵੀ ਇਹ ਚਾਹੁੰਦਾ ਹੈ ਕਿ ਉਸਨੂੰ ਪਹਿਲਾ ਦੂਜਾ ਫਤਹਿ ਬੁਲਾਵੇ। ਅਜਿਹੇ ਮਹੌਲ ਸਦਕਾ ਸਿੱਖੀ ਵਿੱਚ ਦਿਨੋ ਦਿਨ ਨਿਘਾਰ ਆ ਰਿਹਾ ਹੈ।
ਕੋਈ ਵੀ ਨਹੀਂ ਚਾਹੁੰਦਾ ਕਿ ਕੋਈ ਉਸ ਤੋਂ ਅੱਗੇ ਲੰਘ ਜਾਵੇ। ਜੇਕਰ ਚੰਗਾ ਕੰਮ ਹੋ ਰਿਹਾ ਹੈ ਤਾਂ ਉਸ ਨੂੰ ਵਿਗਾੜਨਾ ਕਿਵੇਂ ਹੈ। ਕੋਈ ਮਸ਼ਹੂਰ ਹੋ ਰਿਹਾ ਹੈ ਤਾਂ ਉਸ ਨੂੰ ਬਦਨਾਮ ਕਿਵੇਂ ਕਰਨਾ ਹੈ, ਭਾਵ ਹਰੇਕ ਵਿਅਕਤੀ ਚੰਗਿਆਈ ਨੂੰ ਛੱਡ ਬੁਰਾਈ ਲੱਭਣ ਤੇ ਲੱਗਾ ਹੋਇਆ ਹੈ। ਜਿਸ ਕਰਕੇ ਵਖਰੇਵੇਂ ਦੀ ਛਾਪ ਵਿੱਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਅਖਬਾਰਾਂ, ਟੀ ਵੀ, ਪੱਤਰਕਾਰ ਹਰ ਕੋਈ ਚੰਗੇਪਣ ਨੂੰ ਘੱਟ ਅਤੇ ਮਾੜੇਪਨ ਨੂੰ ਜ਼ਿਆਦਾ ਉਸਾਰੂ ਤੇ ਵੱਧ ਚਮਕਾ ਕੇ ਪੇਸ਼ ਕਰ ਰਿਹਾ ਹੈ। ਜੇਕਰ ਅਜਿਹਾ ਕੁਝ ਹੀ ਰਿਹਾ ਤਾਂ ਅਸੀਂ ਆਪਣੇ ਆਪ ਤੋਂ ਵੀ ਟੁੱਟ ਜਾਵਾਂਗੇ। ਆਪਣੇ ਵਿਰਸੇ ਨੂੰ ਭੁੱਲ ਜਾਵਾਂਗੇ। ਦੂਜਿਆਂ ਤੋਂ ਛੋਟੇ ਹੋ ਕੇ ਰਹਿ ਜਾਵਾਂਗੇ । ਇੱਥੋਂ ਤੱਕ ਕਿ ਅਸੀਂ ਇੱਕ ਦੂਜੇ ਤੋਂ ਵੀ ਭੈਭੀਤ ਹੋ ਜਾਵਾਂਗੇ।
ਲੋੜ ਹੈ ਹਰੇਕ ਚੰਗੇਪਣ ਨੂੰ ਉਭਾਰਨ, ਸਹਿਯੋਗ ਕਰਨ ਅਤੇ ਦੂਜਿਆਂ ਨੂੰ ਨਾਲ ਲੈ ਕੇ ਤੁਰਨ ਦੀ ਭਾਵਨਾ ਨੂੰ ਮਜ਼ਬੂਤ ਕਰਨ ਤੇ ਪਹਿਲ ਕਦਮੀ ਕਰਨੀ ਚਾਹੀਦੀ ਹੈ। ਠੀਕ ਨੂੰ ਠੀਕ ਅਤੇ ਗਲਤ ਨੂੰ ਗਲਤ ਕਹਿਣ ਦੀ ਸ਼ਕਤੀ ਰੱਖੀ ਜਾਵੇ। ਜੋ ਵੰਡੀਆਂ ਪਾ ਰਹੇ ਹਨ, ਰੋਟੀਆਂ ਸੇਕ ਮੂਰਖ ਬਣਾ ਰਹੇ ਹਨ। ਉਨ੍ਹਾਂ ਨੂੰ ਦੁਰਕਾਰਿਆ ਜਾਵੇ। ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਦੂਰ ਰੱਖਿਆ ਜਾਵੇ। ਚੰਗੇ ਕੰਮਾਂ ਦੀ ਸ਼ਲਾਘਾ ਕੀਤੀ ਜਾਵੇ। ਮਿਲ ਬੈਠ ਏਕੇ ਦੇ ਪ੍ਰਤੀਕ ਨਾਲ ਜੁੜਿਆ ਜਾਵੇ, ਨਹੀਂ ਤਾਂ ਵਖਰੇਵਾਂ ਸਿੱਖੀ ਨ ਨੂੰ ਏਨਾ ਛੋਟਾ ਕਰ ਦੇਵੇਗਾ ਕਿ ਮੁੜ ਇਸ ਨੂੰ ਸਹੀ ਲੀਹ ਤੇ ਚੜ੍ਹਾਉਣ ਲਈ ਕਈ ਵਰੇ ਲੱਗ  ਜਾਣਗੇ। ਆਉ ਹਰੇਕ ਨਾਲ ਸਾਂਝ ਪਾਈਏ, ਦਲੀਲ ਨਾਲ ਹਰੇਕ ਮਨ-ਮਿਟਾ ਨੂੰ ਦੂਰ ਕਰੀਏ ਤੇ ਉਸਾਰੂ ਕੰਮ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਈਏ। ਮਾੜੇ ਅਨਸਰਾਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਸਹੀ ਰਸਤੇ ਤੇ ਲਿਆਈਏ। ਹਾਲ ਦੀ ਘੜੀ ਸਿੱਖਾਂ ਦਾ ਵਖਰੇਵਾਂ ਹੀ ਸਿੱਖੀ ਨੂੰ ਢਾਹ ਲਾ ਰਿਹਾ ਹੈ, ਜਿਸ ਸਬੰਧੀ ਹਰ ਕੋਈ ਚਿੰਤਤ ਹੈ, ਪਰ ਇਸ ਵੱਲ ਕੋਈ ਵੀ ਜਥੇਬੰਦੀ ਧਿਆਨ ਨਹੀਂ ਦੇ ਰਹੀ, ਜਿਸ ਕਰਕੇ ਅੱਜ ਦਾ ਸਿੱਖ ਛੋਟੇਪਣ ਦਾ ਪ੍ਰਤੀਕ ਬਣਿਆ ਬਿਟਰ ਬਿਟਰ ਇੱਕ ਦੂਜੇ ਵੱਲ ਵੇਖ ਰਿਹਾ ਹੈ।
ਸਿੱਖਾਂ ਦੇ ਵਖਰੇਵੇਂ ਦੀਆਂ ਜੜ੍ਹਾਂ ਨੂੰ ਪੁੱਟਣ ਲਈ ਲੋੜ ਹੈ ਸਹੀ, ਉਸਾਰੂ ਕੰਮਾਂ ਵਿੱਚ ਯੋਗਦਾਨ ਪਾਉਣ ਦੀ ,ਪਹਿਲ ਕਦਮੀ ਦਾ ਰੁਖ ਅਖਤਿਆਰ ਕੀਤਾ ਜਾਵੇ। ਅਜੇ ਤੱਕ ਸਾਡੇ ਕੋਲ ਇੱਕ ਵੀ ਅਦਾਰਾ ਅਜਿਹਾ ਨਹੀਂ ਹੈ ਜਿੱਥੋਂ ਸੇਧ ਲੈ ਸਕੀਏ। ਇੱਕ ਵੀ ਗੁਰੂਘਰ ਅਜਿਹਾ ਨਹੀਂ ਹੈ ਜਿਸ ਦੀ ਮਿਸਾਲ ਅਸੀਂ ਦੂਜੇ ਗੁਰੂਘਰਾਂ ਨੂੰ ਦੇ ਸਕੀਏ। ਇੱਕ ਵੀ ਅਜਿਹੀ ਸੰਸਥਾ ਨਹੀਂ ਹੈ ਜੋ ਸਿੱਖੀ ਤੇ ਪਹਿਰਾ ਦੇ ਸਕੇ। ਇੱਕ ਵੀ ਕੇਂਦਰ ਅਜਿਹਾ ਨਹੀਂ ਹੈ ਜਿੱਥੇ ਸਿੱਖ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕੇ। ਲੋੜ ਹੈ ਵਧੀਆ ਕੇਂਦਰ ਸਥਾਪਤ ਕਰਨ ਦੀ ਜਿੱਥੋਂ ਨੌਜਵਾਨ ਸੇਧ ਲੈ ਸਕਣ, ਆਪਣੇ ਭਵਿੱਖ ਲਈ ਕੁਝ ਉਸਾਰੂ ਰਾਹ ਲੱਭ ਸਕਣ, ਆਪਣੀ ਕੌਮ ਲਈ ਕੁਝ ਕਰ ਗੁਜ਼ਰਨ ਦੇ ਜਜ਼ਬੇ ਨੂੰ ਉਸਾਰ ਸਕਣ। ਵੈਟਰਨ ਆਪਣੇ ਆਖਰੀ  ਸਾਲਾਂ ਨੂੰ ਵਧੀਆ ਢੰਗ ਨਾਲ ਗੁਜਾਰ ਸਕਣ। ਭਾਵ ਆਪਣੇ ਵਿਰਸੇ, ਬੋਲੀ, ਪਹਿਚਾਣ ਅਤੇ ਪੰਜਾਬੀਅਤ ਨੂੰ ਮਜ਼ਬੂਤ ਕਰ ਸਕੀਏ। ਸਿਰਫ ਹਰ ਪਾਸੇ ਵਖਰੇਵੇਂ ਦੇ ਬੱਦਲ ਮੰਡਰਾ ਰਹੇ ਹਨ ਜੋ ਸਿੱਖੀ ਨੂੰ ਢਾਹ ਲਾ ਰਹੇ ਹਨ।
ਆਉ ਕਝ ਐਸਾ ਕਰੀਏ ਜੋ ਇਕਜੁਟ ਦਾ ਪ੍ਰਤੀਕ ਬਣੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਅਜਿਹਾ ਕੇਂਦਰ ਉਸਾਰੀਏ ਜੋ ਵਖਰੇਵਿਆਂ ਦੀ ਜੜ੍ਹ ਨੂੰ ਮੁੱਢੋਂ ਹੀ ਖਤਮ ਕਰ ਦੇਵੇ ਅਤੇ ਸਿੱਖੀ ਦੇ ਨਗਾਰੇ ਅਤੇ ਮਹਿਮਾ ਹਰ ਪਾਸੇ ਫੁੱਲਾਂ ਦੀ ਮਹਿਕ ਵਜੋਂ ਉੱਭਰ ਕੇ ਸਾਹਮਣੇ ਆਏ। ਹਾਲ ਦੀ ਘੜੀ ਸਿੱਖ, ਸਿੱਖੀ ਵਖਰੇਵਿਆਂ ਦੇ ਜਾਲ ਵਿੱਚ ਉਲਝੀ ਵੰਡੀਆਂ ਦੀ ਸ਼ਿਕਾਰ ਹੋਈ ਘੱਟ ਗਿਣਤੀਆਂ ਦੀ ਪ੍ਰਤੀਕ ਵਜੋਂ ਨਜ਼ਰ ਆ ਰਹੀ ਹੈ। ਜੋ ਭਵਿੱਖ ਲਈ ਖਤਰੇ ਅਤੇ ਮੁਸ਼ਕਲਾਂ ਦੇ ਦੌਰ ਵਿੱਚ ਪਸਰੀ ਰਹਿ ਜਾਵੇਗੀ। ਹਰ ਕੋਈ ਪੜ੍ਹ ਤਾਂ ਲਵੇਗਾ ਪਰ ਇਸ ਤੇ ਪਹਿਰਾ ਦੇਣ ਸਬੰਧੀ ਕੋਈ ਅੱਗੇ ਨਹੀਂ ਆਵੇਗਾ। ਜਿਸ ਕਰਕੇ ਸਿੱਖਾਂ ਦਾ ਵਖਰੇਵਾਂ ਸਿੱਖਾਂ ਨੂੰ ਢਾਹ ਦਾ ਆਲਮ ਬਣਿਆ ਹੀ ਹਰ ਕੋਈ ਦੇਖਦਾ ਰਹੇਗਾ ।ਕਿਉਂਕਿ ਕੋਈ ਵੀ ਕਿਸੇ ਨੂੰ ਜਰ ਕੇ ਰਾਜੀ ਨਹੀਂ ਹੈ। ਵੇਖੋ ਗੁਰੂ ਕੋਈ ਕ੍ਰਿਪਾ ਕਰਕੇ ਤੇ ਅਸੀਂ ਇਸ ਵਖਰੇਵੇਂ ਤੋਂ ਉੱਪਰ ਉੱਠ ਕੁਝ ਕਰਨ ਨੂੰ ਤਰਜੀਹ ਦੇ ਜਾਈਏ।
-ਡਾ. ਸੁਰਿੰਦਰ ਸਿੰਘ ਗਿੱਲ

More in ਲੇਖ

ਈਦੀ ਫਾਊਂਡੇਸ਼ਨ (ਉਰਦੂ) ਪਾਕਿਸਤਾਨ ਵਿੱਚ ਇੱਕ ਗੈਰ-ਮੁਨਾਫਾ ਸਮਾਜ ਭਲਾਈ ਪ੍ਰੋਗਰਾਮ...
''ਅੱਜ ਸਿੱਖਾਂ ਨੇ ਬਾਜ਼ ਨੂੰ ਹੱਥ ਪਾਇਆ ਹੈ, ਕੱਲ੍ਹ ਤਾਜ ਨੂੰ ਵੀ ਪਾਉਣਗੇ'' -ਗਿ....
Home  |  About Us  |  Contact Us  |  
Follow Us:         web counter