ਵਾਸ਼ਿੰਗਟਨ ਡੀ. ਸੀ. (ਗਿੱਲ) – ਸਿੱਖਸ ਆਫ ਅਮਰੀਕਾ ਅਤੇ ਭਾਰਤੀ ਜਨਤਾ ਪਾਰਟੀ ਅਮਰੀਕਾ ਦੀ ਇੱਕ ਸਾਂਝੀ ਮੀਟਿੰਗ ਜੀਯੂਲ ਆਫ ਇੰਡੀਆ ਰੈਸਟੋਰੈਂਟ ਵਿੱਚ ਹੋਈ ਹੈ। ਜਿੱਥੇ ਸਿੱਖਾਂ ਨੂੰ ਪ੍ਰਵਾਸ ਵਿੱਚ ਆਉਂਦੀਆਂ ਮੁਸ਼ਕਲਾਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਜਿੱਥੇ ਉਨ੍ਹਾਂ ਮੁਸ਼ਕਲਾਂ ਦੇ ਹੱਲ ਲਈ ਸਟੇਰਿੰਗ ਕਮੇਟੀ ਦਾ ਗਠਨ ਕਰਨ ਦੀ ਗੱਲ ਕਹੀ ਗਈ, ਉੱਥੇ ਸਿੱਖਾਂ ਪ੍ਰਤੀ ਉਠਾਏ ਮੁੱਦਿਆਂ ਨੂੰ ਸੰਜੀਦਗੀ ਨਾਲ ਹੱਲ ਕਰਨ ਸਬੰਧੀ ਵੀ ਵਿਚਾਰਾਂ ਕੀਤੀਆਂ ਗਈਆਂ।
ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਸਿੱਖਾਂ ਦੀ ਨਸਲਕੁਸ਼ੀ ਦੇ ਮੁੱਦੇ ਨੂੰ ਸੰਜੀਦਗੀ ਨਾਲ ਪਾਸ ਕਰਨਾ ਚਾਹੀਦਾ ਹੈ ਕਿਉਂਕਿ ਇਹ ਕਾਰਾ ਕਾਂਗਰਸ ਨੇ ਕੀਤਾ ਸੀ ਅਤੇ ਇਸ ਤੋਂ ਨਕਾਬ ਚੁੱਕਣਾ ਮੌਕੇ ਦੀ ਹਕੂਮਤ ਦਾ ਫਰਜ਼ ਹੈ ਤਾਂ ਹੀ ਸਿੱਖਾਂ ਦਾ ਵਿਸ਼ਵਾਸ ਜਿੱਤਿਆ ਜਾ ਸਕਦਾ ਹੈ। ਡਾ. ਗਿੱਲ ਨੇ ਕਿਹਾ ਕਿ ਰਾਜਸੀ ਸ਼ਰਨ ਵਾਲਿਆਂ ਨੂੰ ਪਾਸਪੋਰਟ ਅਤੇ ਵੀਜ਼ਾ ਦੇਣਾ ਜ਼ਰੂਰੀ ਹੈ ਕਿਉਂਕਿ ਨੌਜਵਾਨ ਆਪਣੇ ਮਾਪਿਆਂ ਅਤੇ ਆਪਣੀ ਧਰਤੀ ਮਾਂ ਦੀ ਖਬਰਸਾਰ ਲੈਣਾ ਚਾਹੁੰਦੇ ਹਨ। ਬਲਜਿੰਦਰ ਸਿੰਘ ਸ਼ੰਮੀ ਨੇ ਕਿਹਾ ਕਿ ਅੰਬੈਸੀ ਨੂੰ ਓਪਨ ਹਾਊਸ ਗੁਰੂਘਰਾਂ ਦੀ ਹਦੂਦ ਵਿੱਚ ਕਰਨੇ ਚਾਹੀਦੇ ਹਨ। ਜਿੱਥੇ ਸੰਗਤਾਂ ਆਪਣੀਆਂ ਮੁਸ਼ਕਲਾਂ ਨੂੰ ਉਨ੍ਹਾਂ ਦੇ ਰੂਬਰੂ ਹੋ ਕੇ ਹੱਲ ਕਰ ਸਕਣ। ਚਤਰ ਸਿੰਘ ਸੈਣੀ ਨੇ ਕਿਹਾ ਕਿ ਅੰਬੈਸੀ ਅਫਸਰਾਂ ਨੂੰ ਖੁਦ ਨੇੜਤਾ ਕਮਿਊਨਿਟੀ ਨਾਲ ਕਰਨੀ ਚਾਹੀਦੀ ਹੈ ਤਾਂ ਜੋ ਕਮਿਊਨਿਟੀ ਅਤੇ ਉਨ੍ਹਾਂ ਵਿਚਾਲੇ ਬਣੀ ਦੂਰੀ ਨੂੰ ਘਟਾਇਆ ਜਾ ਸਕੇ।
ਡਾ. ਅਡੱਪਾ ਪ੍ਰਸਾਦ ਬੀ ਜੇ ਪੀ ਦੇ ਲੀਡਰ ਅਤੇ ਕੰਵਲਜੀਤ ਸਿੰਘ ਸੋਨੀ ਜੋ ਸਿੱਖ ਅਫੇਅਰ ਦੇ ਅਮਰੀਕਾ ਵਿੰਗ ਦੇ ਕੁਆਰਡੀਨੇਟਰ ਹਨ ਨੇ ਦੱਸਿਆ ਕਿ ਉਹ ਪਿਛਲੇ ਦਿਨੀਂ ਭਾਰਤ ਵਿੱਚ ਗ੍ਰਹਿ ਮੰਤਰੀ ਰਾਜਨਾਥ ਨੂੰ ਮਿਲੇ ਸਨ। ਜਿਨ੍ਹਾਂ ਨਾਲ ਇਨ੍ਹਾਂ ਮੁੱਦਿਆ ਤੇ ਵਿਚਾਰਾਂ ਹੋਈਆਂ। ਆਸ ਹੈ ਕਿ ਇਨ੍ਹਾਂ ਸਬੰਧੀ ਤੁਰੰਤ ਸੰਜੀਦਗੀ ਨਾਲ ਫੈਸਲੇ ਕੀਤੇ ਜਾਣਗੇ। ਮੀਟਿੰਗ ਬਹੁਤ ਹੀ ਸੰਜੀਦਾ ਮਹੌਲ ਵਿੱਚ ਖਤਮ ਹੋਈ।